ਕੋਰੋਨਾ ਵਾਇਰਸ : ਨਿਊਜ਼ੀਲੈਂਡ ‘ਚ ਹੋਈ ਪਹਿਲੀ ਮੌਤ

850
Share

ਵਲਿੰਗਟਨ, 29 ਮਾਰਚ (ਪੰਜਾਬ ਮੇਲ)-ਨਿਊਜ਼ੀਲੈਂਡ ਵਿਚ ਕੋਰੋਨਾ ਵਾਇਰਸ ਕਾਰਨ ਪਹਿਲੀ ਮੌਤ ਦਰਜ ਕੀਤੀ ਗਈ ਹੈ। ਇੱਥੇ ਇਕ ਬਜ਼ੁਰਗ ਔਰਤ ਨੇ ਦਮ ਤੋੜ ਦਿੱਤਾ। ਨਿਊਜ਼ੀਲੈਂਡ ਦੇ ਸਿਹਤ ਮੰਤਰਾਲੇ ਮੁਤਾਬਕ ਸਾਊਥ ਆਈਲੈਂਡ ਦੇ ਵੈਸਟ ਕੋਸਟ ਖੇਤਰ ਦੇ ਗੜੇਮਾਉਥ ਹਸਪਤਾਲ ਵਿਚ ਐਤਵਾਰ ਤੜਕੇ ਇਕ ਔਰਤ ਦਾ ਦਿਹਾਂਤ ਹੋ ਗਿਆ। ਸ਼ੁੱਕਰਵਾਰ ਸਵੇਰੇ ਔਰਤ ਦੇ ਕੋਰੋਨਾ ਪੀੜਤ ਹੋਣ ਦੀ ਜਾਣਕਾਰੀ ਮਿਲੀ ਸੀ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਔਰਤ ਨੂੰ ਇਨਫਲੂਇੰਜਾ (ਫਲੂ) ਹੈ ਤੇ ਇਸ ਲਈ ਉਸ ਦਾ ਇਸੇ ਬੀਮਾਰੀ ਸਬੰਧੀ ਇਲਾਜ ਕੀਤਾ ਜਾ ਰਿਹਾ ਸੀ। ਮੈਡੀਕਲ ਅਧਿਕਾਰੀਆਂ ਨੇ ਵੀ ਇਨਫਲੂਇੰਜਾ ਮਰੀਜ਼ਾਂ ਦੇ ਇਲਾਜ ਸਮੇਂ ਰੱਖੀ ਜਾਣ ਵਾਲੀ ਸੁਰੱਖਿਆ ਹੀ ਅਪਣਾਈ ਸੀ। ਇਸ ਕਾਰਨ 21 ਕਰਮਚਾਰੀਆਂ ਨੂੰ ਵੀ ਸੈਲਫ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ ਜੋ ਕਿ ਰੋਗੀ ਦੇ ਨੇੜੇ ਸਨ।ਨਿਊਜ਼ੀਲੈਂਡ ਵਿਚ ਅੱਜ ਕੋਰੋਨਾ ਦੇ ਨਵੇਂ 60 ਮਾਮਲੇ ਸਾਹਮਣੇ ਆਏ ਹਨ ਤੇ ਇਸ ਕਾਰਨ ਪੀੜਤਾਂ ਦੀ ਗਿਣਤੀ 514 ਹੋ ਗਈ ਹੈ। ਕੁੱਲ 9 ਲੋਕਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਤੇ ਇਨ੍ਹਾਂ ਵਿਚੋਂ ਇਕ ਨੂੰ ਆਈ. ਸੀ. ਯੂ. ਵਿਚ ਰੱਖਿਆ ਗਿਆ ਹੈ।

ਪ੍ਰਧਾਨ ਮੰਤਰੀ ਜੇਸਿੰਦਾ ਅਰਡਰਨ ਨੇ ਕਿਹਾ ਕਿ ਨਿਊਜ਼ੀਲੈਂਡ ਨੇ ਇਸ ਬੀਮਾਰੀ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਹਨ ਤੇ ਇਕ ਵਿਅਕਤੀ ਦੀ ਮੌਤ ਦੇ ਬਾਅਦ ਇਹ ਹੋਰ ਵੀ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਮਾਮਲਿਆਂ ਵਿਚ ਵਾਧਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਲੱਛਣ ਦਿਖਾਈ ਦੇਣ ਵਿਚ ਸਮਾਂ ਲੱਗਦਾ ਹੈ, ਇਸ ਲਈ ਮਾਮਲੇ ਵਧ ਰਹੇ ਹਨ। ਇਸੇ ਲਈ ਕੋਰੋਨਾ ਦੀ ਚੇਨ ਤੋੜਨ ਲਈ ਲੋਕਾਂ ਦਾ ਘਰਾਂ ਵਿਚ ਰਹਿਣਾ ਬੇਹੱਦ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਨੇ ਬੁੱਧਵਾਰ ਨੂੰ ਐਮਰਜੈਂਸੀ ਦੀ ਘੋਸ਼ਣਾ ਕੀਤੀ ਅਤੇ ਦੇਸ਼ ਵਿਆਪੀ ਲਾਕਡਾਊਨ ਕਰ ਦਿੱਤਾ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਘਰਾਂ ਵਿਚ ਹੀ ਰਹਿਣ। ਨਿਊਜ਼ੀਲੈਂਡ ਨੇ 19 ਮਾਰਚ ਤੋਂ ਹੀ ਆਪਣੀ ਸਰਹੱਦ ਗੈਰ-ਨਿਵਾਸੀਆਂ ਲਈ ਬੰਦ ਕਰ ਲਈ ਸੀ। 


Share