ਕੋਰੋਨਾ ਵਾਇਰਸ ਨਾਲ ਅਮਰੀਕਾ ‘ਚ 41 ਲੋਕਾਂ ਦੀ ਮੌਤ, ਟਰੰਪ ਨੇ ਐਲਾਨੀ ਐਮਰਜੰਸੀ

763

ਵਾਸ਼ਿੰਗਟਨ, 14 ਮਾਰਚ (ਪੰਜਾਬ ਮੇਲ)- ਕੋਰੋਨਾ ਵਾਇਰਸ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸ਼ੁੱਕਰਵਾਰ ਨੂੰ ਦੇਸ਼ ਵਿਚ ਐਮਰਜੰਸੀ ਦਾ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਕੋਰੋਨਾ ਵਾਇਰਸ ਨਾਲ ਲੜਨ ਦੇ ਲਈ ਸਰਕਾਰੀ ਖ਼ਜਾਨੇ ਵਿਚੋਂ 50 ਅਰਬ  ਡਾਲਰ ਜਾਰੀ ਹੋਣ ਦਾ ਰਸਤਾ ਸਾਫ ਹੋ ਗਿਆ ਹੈ। ਹੁਣ ਲੱਗ ਰਿਹਾ ਕਿ ਅਮਰੀਕਾ ਦੀ ਅੱਧੀ ਆਬਾਦੀ ਇਸ ਖਤਰਨਾਕ ਵਾਇਰਸ ਦੀ ਲਪੇਟ ਵਿਚ ਆ ਸਕਦੀ ਹੈ।
ਕੁਝ ਮਾਹਰਾਂ ਨੇ ਦੱਸਿਆ ਕਿ ਆਖਰ ਅੱਧੀ ਆਬਾਦੀ ਅਤੇ ਖ਼ਾਸ ਤੌਰ ‘ਤੇ ਬਜ਼ੁਰਗਾਂ ‘ਤੇ ਇਹ ਖ਼ਤਰਾ ਕਿਉਂ ਮੰਡਰਾ ਰਿਹਾ ਹੈ? ਅਮਰੀਕਾ ਦੇ 30 ਤੋਂ ਜ਼ਿਆਦਾ ਰਾਜਾਂ ਵਿਚ ਇਹ ਵਾਇਰਸ ਫੈਲ ਚੁੱਕਾ ਹੈ। ਹੁਣ ਤੱਕ 1700 ਤੋਂ ਜ਼ਿਆਦਾ ਲੋਕ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ 41 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਵਾਈਟ ਹਾਊਸ ਵਿਚ ਟਰੰਪ ਨੇ ਕਿਹਾ ਕਿ ਸੰਘੀ ਸਰਕਾਰ ਦੀ ਪੂਰਣ ਸ਼ਕਤੀ ਪ੍ਰਾਪਤ ਕਰਨ ਦੇ ਲਈ ਮੈਂ ਅਧਿਕਾਰਕ ਤੌਰ ‘ਤੇ ਕੌਮੀ ਐਮਰਜੰਸੀ ਦਾ ਐਲਾਨ ਕਰਦਾ ਹਾਂ।
ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਬਜ਼ੁਰਗਾਂ ਦੇ ਲਈ ਕੋਰੋਨਾ ਵਾਇਰਸ ਗੰਭੀਰ ਖ਼ਤਰਾ ਹੈ। ਇਨ੍ਹਾਂ ਵਿਚੋਂ 50 ਫ਼ੀਸਦੀ ਲੋਕ ਸਿਹਤ ਸਬੰਧੀ ਕਿਸੇ ਨਾ ਕਿਸੇ ਸਮੱਸਿਆ ਨਾਲ ਜੂਝ ਰਹੇ ਹਨ। ਦਿਲ ਦੇ ਰੋਗ, ਕੈਂਸਰ ਅਤੇ ਡਾਇਬਟੀਜ਼ ਜਿਹੀ ਬਿਮਾਰੀਆਂ ਕੋਰੋਨਾ ਵਾਇਰਸ ਨੂੰ ਹੋਰ ਗੰਭੀਰ ਕਰ ਸਕਦੀਆਂ ਹਨ। ਕੁਝ ਹਾਲੀਆ ਅਧਿਐਨਾਂ ਵਿਚ ਇਨ੍ਹਾਂ ਖ਼ਤਰਿਆਂ ਨੂੰ ਲੈ ਕੇ ਆਗਾਹ ਕੀਤਾ ਗਿਆ ਹੈ।
ਵੈਂਡਰਬਿਲਟ ਯੂਨੀਵਰਸਿਟੀ ਦੇ ਮਾਹਰ ਡਾ. ਵਿਲੀਅਮ ਸ਼ੈਫਨਰ ਨੇ ਕਿਹਾ ਕਿ 60 ਸਾਲ ਤੋਂ ਜ਼ਿਆਦਾ ਉਮਰ ਵਾਲੇ ਅਤੇ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਨਿੱਜੀ ਤੌਰ ‘ਤੇ ਚੌਕਸ ਹੋ ਜਾਣਾ ਚਾਹੀਦਾ। ਅਮਰੀਕਾ ਦੇ ਓਹਾਇਓ ਸੂਬੇ ਦੀ ਸਿਹਤ ਡਾਇਰੈਕਟਰ ਐਮੀ ਐਕਟਨ ਨੇ ਗਵਰਨਰ ਮਾਈਕ ਦੇ ਨਾਲ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਇੱਕ ਲੱਖ ਹੋ ਸਕਦੀ ਹੈ।