ਕੋਰੋਨਾ ਵਾਇਰਸ : ਜਲੰਧਰ ਤੇ ਪਟਿਆਲਾ ਸਮੇਤ ਪੰਜਾਬ ਦੇ 6 ਜ਼ਿਲ੍ਹਿਆਂ ‘ਚ ਲਾਕਡਾਊਨ

786

ਜਲੰਧਰ, 21 ਮਾਰਚ (ਪੰਜਾਬ ਮੇਲ)- ਕੋਰੋਨਾ ਵਾਇਰਸ ਦੇ ਪੰਜਾਬ ‘ਚ ਵੱਧ ਰਹੇ ਮਾਮਲਿਆਂ ਕਾਰਨ ਜ਼ਿਲਾ ਜਲੰਧਰ, ਪਟਿਆਲਾ, ਹੁਸ਼ਿਆਰਪੁਰ, ਕਪੂਰਥਲਾ, ਬਠਿੰਡਾ ਤੇ ਨਵਾਂਸ਼ਹਿਰ ਨੂੰ ਅਗਲੇ ਕੁੱਝ ਦਿਨਾਂ ਤਕ ਲਾਕਡਾਊਨ ਕਰਨ ਦੇ ਜ਼ਿਲਾ ਪ੍ਰਸ਼ਾਸਨ ਵਲੋਂ ਹੁਕਮ ਜਾਰੀ ਕੀਤੇ ਗਏ ਹਨ। ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਐਲਾਨ ਕੀਤਾ ਕਿ ਐਤਵਾਰ ਜਨਤਾ ਕਰਫਿਊ ਤੋਂ ਬਾਅਦ ਸੋਮਵਾਰ ਸਵੇਰ ਤੋਂ ਬੁੱਧਵਾਰ ਦੀ ਅੱਧੀ ਰਾਤ ਤਕ ਲਾਕਡਾਊਨ ਜਾਰੀ ਰਹੇਗਾ। ਅਧਿਕਾਰੀਆਂ ਨੇ ਕਿਹਾ ਕਿ ਹਰ ਪਰਿਵਾਰ ‘ਚੋਂ ਸਿਰਫ ਇਕਵਿਅਕਤੀ ਨੂੰ ਹੀ ਲੋੜਵੰਦ ਸੇਵਾਵਾਂ ਦਾ ਲਾਭ ਲੈਣ ਲਈ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ, ਉਥੇ ਹੀ ਜ਼ਰੂਰੀ ਚੀਜ਼ਾਂ ਵੇਚਣ ਵਾਲਿਆਂ ਨੂੰ ਛੱਡ ਕੇ ਸਾਰੀਆਂ ਵਪਾਰਕ ਸੰਸਥਾਵਾਂ ਬੰਦ ਹੋਣਗੀਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਤਵਾਰ ਨੂੰ ਲੋਕਾਂ ਨੂੰ ਜਨਤਾ ਕਰਫਿਊ ‘ਚ ਸਵੇਰ 7 ਵਜੇ ਤੋਂ ਰਾਤ 9 ਵਜੇ ਤਕ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਸ਼ਹਿਰ ਦੀਆਂ ਸੀਮਾਵਾਂ ਦੇ ਅੰਦਰ ਤੇ ਬਾਹਰ ਦੋਵੇਂ ਸੜਕਾਂ ‘ਤੇ ਸਿਰਫ ਐਮਰਜੈਂਸੀ ਸੇਵਾ ਦੇ ਵਾਹਨਾਂ ਨੂੰ ਹੀ ਆਉਣ ਜਾਣ ਦੀ ਇਜਾਜ਼ਤ ਹੋਵੇਗੀ।

ਇਸੇ ਤਰ੍ਹਾਂ ਹੀ ਲਾਕਡਾਊਨ ਦੇ ਹੁਕਮ ਪਟਿਆਲਾ, ਹੁਸ਼ਿਆਰਪੁਰ, ਕਪੂਰਥਲਾ, ਬਠਿੰਡਾ ਅਤੇ ਨਵਾਂਸ਼ਹਿਰ ਤੋਂ ਆਏ ਹਨ। ਇਹ ਲਾਕਡਾਊਨ 24 ਮਾਰਚ ਤਕ ਪਟਿਆਲਾ ਅਤੇ 27 ਮਾਰਚ ਤਕ ਬਠਿੰਡਾ ‘ਚ ਲਾਗੂ ਰਹੇਗਾ।

ਪਟਿਆਲਾ ਦੇ ਡਿਪਟੀ ਕਮਿਸ਼ਨਰ (ਡੀ. ਸੀ.) ਕੁਮਾਰ ਅਮਿਤ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਅਤੇ ਖਾਸਕਰ ਸੋਸ਼ਲ ਮੀਡੀਆ ‘ਤੇ ਧਿਆਨ ਦੇਣ ਦੀ ਸਲਾਹ ਦਿੱਤੀ ਹੈ। ਲਾਕਡਾਊਨ ਦੇ ਹੁਕਮ ਉਸ ਸਮੇਂ ਜਾਰੀ ਕੀਤੇ ਗਏ ਜਦੋਂ ਸ਼ਨੀਵਾਰ ਨੂੰ ਪੰਜਾਬ ‘ਚ ਕੋਰੋਨਾਵਾਇਰਸ ਦੇ ਮਾਮਲੇ ਵੱਧ ਕੇ 13 ਹੋ ਗਏ ਜਦਕਿ ਇਕ ਦਿਨ ‘ਚ 10 ਹੋਰ ਮਾਮਲੇ ਸਾਹਮਣੇ ਆਏ।