ਕੋਰੋਨਾ ਵਾਇਰਸ : ਕੈਨੇਡਾ ‘ਚ ਮੌਤਾਂ ਦੀ ਗਿਣਤੀ 8,000 ਪਾਰ

488
Share

ਓਟਾਵਾ, 12 ਜੂਨ (ਪੰਜਾਬ ਮੇਲ)- ਕੈਨੇਡਾ ‘ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਹੁਣ 8,000 ਨੂੰ ਪਾਰ ਕਰ ਗਈ ਹੈ। ਸ਼ੁੱਕਰਵਾਰ ਨੂੰ ਓਂਟਾਰੀਓ ‘ਚ 11 ਹੋਰ ਮੌਤਾਂ ਦੀ ਰਿਪੋਰਟ ਆਉਣ ਨਾਲ ਕੈਨੇਡਾ ‘ਚ ਕੁੱਲ ਮ੍ਰਿਤਕਾਂ ਦੀ ਗਿਣਤੀ 8,005 ਹੋ ਗਈ । ਓਂਟਾਰੀਓ ‘ਚ ਬੀਤੇ 24 ਘੰਟੇ ‘ਚ 182 ਨਵੇਂ ਮਾਮਲੇ ਵੀ ਦਰਜ ਹੋਏ ਹਨ।
ਉੱਥੇ ਹੀ, ਕੈਨੇਡਾ ਭਰ ‘ਚ ਹੁਣ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਲੋਕਾਂ ਦੀ ਗਿਣਤੀ 97,700 ਤੋਂ ਪਾਰ ਪਹੁੰਚ ਗਈ ਹੈ। ਕਿਊਬਿਕ ਇਸ ਸਮੇਂ ਸੰਕ੍ਰਮਿਤਾਂ ਅਤੇ ਮੌਤਾਂ ਦੇ ਮਾਮਲੇ ‘ਚ ਕੈਨੇਡਾ ਦਾ ਸਭ ਤੋਂ ਵੱਧਾ ਪ੍ਰਭਾਵਿਤ ਸੂਬਾ ਬਣਿਆ ਹੋਇਆ ਹੈ। ਦੂਜੇ ਨੰਬਰ ‘ਤੇ ਓਂਟਾਰੀਓ ਹੈ।
ਕੋਵਿਡ-19 ਜਿਸ ਨੇ ਵਿਸ਼ਵ ਦੀ ਆਰਥਿਕਤਾ ਨੂੰ ਠੱਪ ਕਰ ਦਿੱਤਾ ਹੈ ਅਤੇ ਗੈਰ-ਜ਼ਰੂਰੀ ਕਾਰੋਬਾਰਾਂ ਨੂੰ ਬੰਦ ਦਾ ਕਾਰਨ ਬਣਿਆ, ਨੂੰ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਵੱਲੋਂ 11 ਮਾਰਚ ਨੂੰ ਮਹਾਮਾਰੀ ਐਲਾਨਿਆ ਗਿਆ ਸੀ। ਹਾਲਾਂਕਿ, ਕੈਨੇਡਾ ਦੇ ਸੂਬਿਆਂ ‘ਚ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋ ਰਹੇ ਹਨ ਪਰ ਓਂਟਾਰੀਓ ਅਤੇ ਕਿਊਬਿਕ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ। ਉੱਥੇ ਹੀ, ਹਾਲ ਹੀ ‘ਚ ਕੈਨੇਡਾ ਦੀ ਪ੍ਰਮੁੱਖ ਜਨਤਕ ਸਿਹਤ ਅਧਿਕਾਰੀ ਡਾ. ਥੈਰੇਸਾ ਟੇਮ ਨੇ ਖਦਸ਼ਾ ਪ੍ਰਗਟ ਕੀਤਾ ਸੀ ਕਿ 15 ਜੂਨ ਤੱਕ ਕੈਨੇਡਾ ‘ਚ ਕੁੱਲ ਮੌਤਾਂ ਦੀ ਗਿਣਤੀ 9,400 ‘ਤੇ ਪਹੁੰਚ ਸਕਦੀ ਹੈ।


Share