ਕੋਰੋਨਾ ਵਾਇਰਸ ਕਾਰਨ ਵਿਸ਼ਵ ‘ਚ ਵਧ ਸਕਦੀ ਹੈ ਮਹਾਮੰਦੀ

703
Share

ਨਿਊਯਾਰਕ, 28 ਫਰਵਰੀ (ਪੰਜਾਬ ਮੇਲ)-ਜੇ ਨੋਵੇਲ ਕੋਰੋਨਾ ਵਾਇਰਸ (ਕੋਵਿਡ-19) ਇਕ ਮਹਾਮਾਰੀ ਦਾ ਰੂਪ ਲੈਂਦਾ ਹੈ, ਤਾਂ ਵਿਸ਼ਵ ਅਰਥਚਾਰੇ ‘ਚ ਹੋਰ ਮੰਦੀ ਆ ਸਕਦੀ ਹੈ। ਇਹ ਚਿਤਾਵਨੀ ‘ਮੂਡੀਜ਼ ਐਨਾਲਿਟਿਕਸ’ ਨੇ ਦਿੱਤੀ ਹੈ। ਚੇਤੇ ਰਹੇ ਕਿ ਕੋਰੋਨਾ ਦਾ ਕਹਿਰ ਹੁਣ ਚੀਨ ਦੇਸ਼ ਤੋਂ ਬਾਹਰ ਕਈ ਦੇਸ਼ਾਂ ਤੱਕ ਫੈਲ ਚੁੱਕਾ ਹੈ ਤੇ ਦੱਖਣੀ ਕੋਰੀਆ ‘ਚ ਵੀ ਇਸ ਤੋਂ ਵੱਡੀ ਗਿਣਤੀ ‘ਚ ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਇਹ ਇਟਲੀ, ਈਰਾਨ ਤੱਕ ਪੁੱਜ ਚੁੱਕਾ ਹੈ।
ਮੂਡੀਜ਼ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਵਾਇਰਸ ਦਾ ਪਸਾਰ ਹੁਣ ਇਟਲੀ ਤੇ ਕੋਰੀਆ ‘ਚ ਵੀ ਹੋ ਚੁੱਕਾ ਹੈ। ਅਜਿਹੇ ਹਾਲਾਤ ‘ਚ ਇਸ ਦੇ ਮਹਾਮਾਰੀ ਦਾ ਰੂਪ ਲੈਣ ਦੀ ਸੰਭਾਵਨਾ ਵੀ ਵਧ ਗਈ ਹੈ। ‘ਮੂਡੀਜ਼ ਐਨਾਲਿਟਿਕਸ’ ਦੇ ਮੁੱਖ ਅਰਥ੍ਵੇਸ਼ਾਸਤਰੀ ਮਾਰਕ ਜਾਂਡੀ ਨੇ ਕੋਰੋਨਾ ਵਾਇਰਸ ਦੇ ਅਸਰ ਤੇ ਦ੍ਰਿਸ਼ਾਂ ਉੱਤੇ ਇਕ ਟਿੱਪਣੀ ਵਿਚ ਕਿਹਾ ਕਿ ਕੋਰੋਨਾ ਵਾਇਰਸ ਚੀਨੀ ਅਰਥ-ਵਿਵਸਥਾ ਲਈ ਇਕ ਵੱਡਾ ਝਟਕਾ ਹੈ; ਜੋ ਹੁਣ ਸਮੁੱਚੀ ਅਰਥਵਿਵਸਥਾ ਲਈ ਖ਼ਤਰਾ ਬਣਿਆ ਹੋਇਆ ਹੈ।
ਚੀਨ ‘ਚ ਕੋਰੋਨਾ ਵਾਇਰਸ ਇਕ ਵੱਡੀ ਮਹਾਮਾਰੀ ਦਾ ਰੂਪ ਪਹਿਲਾਂ ਹੀ ਅਖ਼ਤਿਆਰ ਕਰ ਚੁੱਕਾ ਹੈ। ਜੇ ਇਸ ਨੇ ਸਮੁੱਚੇ ਵਿਸ਼ਵ ਵਿਚ ਮਹਾਮਾਰੀ ਦਾ ਰੂਪ ਲੈ ਲਿਆ, ਤਾਂ ਅਮਰੀਕਾ ਸਮੇਤ ਸਮੁੱਚਾ ਵਿਸ਼ਵ ਹੋਰ ਜ਼ਿਆਦਾ ਆਰਥਿਕ ਮੰਦਹਾਲੀ ਦੀ ਲਪੇਟ ‘ਚ ਆ ਜਾਵੇਗਾ। ਮਾਹਿਰਾਂ ਨੇ ਕਿਹਾ ਕਿ ਆਸ ਕੀਤੀ ਜਾ ਰਹੀ ਹੈ ਕਿ ਅਜਿਹਾ ਨਾ ਹੋਵੇ ਪਰ ਜੇ ਇੰਝ ਹੋ ਜਾਵੇ, ਤਾਂ ਤਿਆਰ ਰਹਿਣਾ ਹੀ ਸਮਝਦਾਰੀ ਹੈ।
ਵਾਇਰਸ ਕਾਰਨ ਚੀਨੀ ਵਪਾਰ ਰੁਕ ਗਿਆ ਹੈ। ਇਥੇ ਸੈਰ-ਸਪਾਟੇ ਉੱਤੇ ਬਹੁਤ ਜ਼ਿਆਦਾ ਨਾਂਹਪੱਖੀ ਆਸਰ ਪਿਆ ਹੈ। ਸਮੁੱਚੇ ਵਿਸ਼ਵ ਤੋਂ ਕੋਈ ਹਵਾਈ ਉਡਾਣ ਚੀਨ ਨਹੀਂ ਪੁੱਜ ਰਹੀ ਤੇ ਜ਼ਿਆਦਾਤਰ ਸਮੁੰਦਰੀ ਜਹਾਜ਼ਾਂ ਨੇ ਵੀ ਏਸ਼ੀਆ ਪ੍ਰਸ਼ਾਂਤ ਮਾਰਗਾਂ ਨੂੰ ਮੁਲਤਵੀ ਕਰ ਦਿੱਤਾ ਹੈ। ਇਹ ਅਮਰੀਕਾ ਸਮੇਤ ਪ੍ਰਮੁੱਖ ਸੈਲਾਨੀ ਕੇਂਦਰਾਂ ਲਈ ਇਕ ਵੱਡੀ ਸਮੱਸਿਆ ਹੈ; ਜਿੱਥੇ ਹਰ ਸਾਲ ਲਗਭਗ 30 ਲੱਖ ਚੀਨੀ ਸੈਲਾਨੀ ਪੁੱਜਦੇ ਹਨ। ਅਮਰੀਕਾ ‘ਚ ਹੋਰਨਾਂ ਦੇਸ਼ਾਂ ਦੇ ਸੈਲਾਨੀਆਂ ਦੇ ਮੁਕਾਬਲੇ ਚੀਨੀ ਸੈਲਾਨੀ ਸਭ ਤੋਂ ਵੱਧ ਖ਼ਰਚ ਕਰਦੇ ਹਨ।
ਯੂਰਪ ‘ਚ ਮਿਲਾਨ (ਇਟਲੀ) ਜਿਹੀਆਂ ਥਾਵਾਂ ਉੱਤੇ ਵੀ ਸੈਰ-ਸਪਾਟੇ (ਟੂਰਿਜ਼ਮ) ਉੱਤੇ ਨਾਂਹਪੱਖੀ ਪ੍ਰਭਾਵ ਪੈਣਾ ਨਿਸ਼ਚਿਤ ਹੈ; ਜੋ ਦੇਸ਼ ਵਿੱਚ ਨਵੀਂ ਛੂਤ ਦੇ ਮਾਮਲਿਆਂ ਦਾ ਵੀ ਕੇਂਦਰ ਹੈ।


Share