ਕੋਰੋਨਾ ਵਾਇਰਸ : ਐਕਟਿਵ ਕੇਸਾਂ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ ਪੁੱਜਾ ਭਾਰਤ

644
Share

ਇੱਕ ਦਿਨ ਵਿੱਚ ਕੋਰੋਨਾ ਦੇ 20 ਹਜ਼ਾਰ 903 ਨਵੇਂ ਕੇਸ ਆਏ ਸਾਹਮਣੇ

ਨਵੀਂ ਦਿੱਲੀ, 3 ਜੁਲਾਈ (ਪੰਜਾਬ ਮੇਲ)- ਦੇਸ਼-ਦੁਨੀਆ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਭਾਰਤ ਵਿੱਚ ਸ਼ੁੱਕਰਵਾਰ ਨੂੰ ਪਹਿਲੀ ਵਾਰ ਇੱਕ ਦਿਨ ਵਿੱਚ ਕੋਰੋਨਾ ਦੇ 20 ਹਜ਼ਾਰ 903 ਨਵੇਂ ਕੇਸ ਸਾਹਮਣੇ ਆਏ। ਜਦਕਿ 379 ਲੋਕਾਂ ਦੀ ਜਾਨ ਚਲੀ ਗਈ। ਇਸ ਤੋਂ ਬਾਅਦ ਦੇਸ਼ ਵਿੱਚ ਕੁੱਲ ਕੇਸਾਂ ਦੀ ਗਿਣਤੀ 6 ਲੱਖ 27 ਹਜ਼ਾਰ ਤੋਂ ਟੱਪ ਗਈ ਹੈ। ਇਨ•ਾਂ ਵਿੱਚੋਂ 2 ਲੱਖ 29 ਹਜ਼ਾਰ 41 ਐਕਟਿਵ ਕੇਸ ਹਨ।  ਭਾਰਤ ਕੋਰੋਨਾ ਦੇ ਕੁੱਲ ਮਾਮਲਿਆਂ ਵਿੱਚ ਦੁਨੀਆ ‘ਚ ਚੌਥੇ ਨੰਬਰ ‘ਤੇ ਹੈ, ਪਰ ਐਕਟਿਵ ਕੇਸਾਂ ਦੇ ਮਾਮਲੇ ‘ਚ ਹੁਣ ਤੀਜੇ ਨੰਬਰ ‘ਤੇ ਪਹੁੰਚ ਗਿਆ ਹੈ।

ਕੋਰੋਨਾ ਦੇ ਕੁੱਲ ਕੇਸਾਂ ਦੇ ਮਾਮਲਿਆਂ ਵਿੱਚ ਅਮਰੀਕਾ ਪਹਿਲੇ ਸਥਾਨ ‘ਤੇ ਹੈ, ਜਿੱਥੇ ਮਰੀਜ਼ਾਂ ਦੀ ਗਿਣਤੀ 28 ਲੱਖ 37 ਹਜ਼ਾਰ 189 ਪਹੁੰਚ ਗਈ ਹੈ। ਐਕਟਿਵ ਕੇਸਾਂ ਦੇ ਮਾਮਲੇ ਵਿੱਚ ਵੀ ਅਮਰੀਕਾ ਪਹਿਲੇ ਸਥਾਨ ‘ਤੇ ਹੈ, ਜਿੱਥੇ ਐਕਟਿਵ ਕੇਸ 15 ਲੱਖ 14 ਹਜ਼ਾਰ 613 ਹਨ। ਦੂਜੇ ਸਥਾਨ ‘ਤੇ ਬ੍ਰਾਜ਼ੀਲ ਹੈ, ਜਿੱਥੇ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 15 ਲੱਖ 1353 ‘ਤੇ ਪਹੁੰਚ ਗਈ ਹੈ ਅਤੇ ਇੱਥੇ ਐਕਟਿਵ ਕੇਸ 5 ਲੱਖ 23 ਹਜ਼ਾਰ 216 ਹਨ। ਇਸ ਤੋਂ ਬਾਅਦ ਕੁੱਲ ਕੇਸਾਂ ਦੇ ਮਾਮਲੇ ਵਿੱਚ ਰੂਸ ਤੀਜੇ ਸਥਾਨ ‘ਤੇ ਹੈ, ਜਿੱਥੇ ਮਰੀਜ਼ਾਂ ਦੀ ਗਿਣਤੀ 6 ਲੱਖ 61 ਹਜ਼ਾਰ 165 ‘ਤੇ ਪਹੁੰਚ ਗਈ ਹੈ। ਐਕਟਿਵ ਕੇਸਾਂ ਦੇ ਮਾਮਲੇ ਵਿੱਚ ਭਾਰਤ ਰੂਸ ਤੋਂ ਅੱਗੇ ਨਿਕਲ ਗਿਆ ਹੈ। ਰੂਸ ਵਿੱਚ ਐਕਟਿਵ ਕੇਸ 2 ਲੱਖ 22 ਹਜ਼ਾਰ 504 ਹਨ, ਜਦਕਿ ਭਾਰਤ ਵਿੱਚ ਇਹ ਅੰਕੜਾ 2 ਲੱਖ 29 ਹਜ਼ਾਰ 41 ‘ਤੇ ਪਹੁੰਚ ਗਿਆ ਹੈ।
ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਨਾਲ ਹੁਣ ਤੱਕ 18 ਹਜ਼ਾਰ 225 ਮਰੀਜ਼ਾਂ ਦੀ ਮੌਤ ਹੋ ਗਈ ਹੈ ਅਤੇ 3 ਲੱਖ 79 ਹਜ਼ਾਰ 902 ਲੋਕ ਠੀਕ ਹੋ ਚੁੱਕੇ ਹਨ। ਇਸ ਵਿਚਕਾਰ ਚੰਗੀ ਖ਼ਬਰ ਇਹ ਹੈ ਕਿ ਕੋਰੋਨਾ ਦੇ ਮਰੀਜ਼ਾਂ ਦੇ ਠੀਕ ਹੋਣ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ। ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦਾ ਰਿਕਵਰੀ ਰੇਟ 58.24 ਫੀਸਦੀ ਹੋ ਗਿਆ ਹੈ। ਭਾਰਤ ਵਿੱਚ ਕੋਰੋਨਾ ਮਾਮਲਿਆਂ ਦਾ ਗੜ• ਮਹਾਰਾਸ਼ਟਰ ਨੂੰ ਕਿਹਾ ਜਾ ਸਕਦਾ ਹੈ, ਜਿੱਥੇ ਪਿਛਲੇ 24 ਘੰਟਿਆਂ ਦੌਰਾਨ 6330 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਦਿੱਲੀ ਵਿੱਚ ਇੱਕ ਦਿਨ ‘ਚ 2373 ਨਵੇਂ ਮਰੀਜ਼ ਮਿਲੇ। ਤਮਿਲਨਾਡੂ ਵਿੱਚ 4343, ਉੱਤਰ ਪ੍ਰਦੇਸ਼ ਵਿੱਚ 769, ਪੱਛਮੀ ਬੰਗਾਲ ਵਿੱਚ 649, ਰਾਜਸਥਾਨ ਵਿੱਚ 350 ਅਤੇ ਪੰਜਾਬ ਵਿੱਚ 116 ਨਵੇਂ ਮਾਮਲੇ ਸਾਹਮਣੇ ਆਏ ਹਨ।


Share