ਕੋਰੋਨਾ ਵਾਇਰਸ : ਅਮਰੀਕਾ ਵਿਚ ਇਕ ਕਰੋੜ ਲੋਕ ਹੋਏ ਬੇਰੁਜ਼ਗਾਰ

118

ਨਿਊ ਯਾਰਕ, 4 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਨਾਲ ਬੇਰੁਜ਼ਗਾਰਾਂ ਦੀ ਗਿਣਤੀ ਵੀ ਤੇਜ਼ ਨਾਲ ਵਧ ਰਹੀ ਹੈ। ਕਿਰਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਅਮਰੀਕਾ ਵਿਚ ਘੱਟੋ-ਘੱਟ ਇਕ ਕਰੋੜ ਲੋਕ ਬੇਰੁਜ਼ਗਾਰ ਹੋ ਚੁੱਕੇ ਹਨ ਜਿਨ•ਾਂ ਵਿਚੋਂ 66 ਲੱਖ ਨੇ 28 ਮਾਰਚ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਬੇਰੁਜ਼ਗਾਰੀ ਭੱਤੀ ਦੀ ਅਰਜ਼ੀ ਦਾਖ਼ਲ ਕੀਤੀ ਜਦਕਿ 33 ਲੱਖ ਕਿਰਤੀਆਂ ਨੇ ਇਸ ਤੋਂ ਪਿਛਲੇ ਹਫ਼ਤੇ ਅਰਜ਼ੀਆਂ ਦਾਖ਼ਲ ਕੀਤੀਆਂ ਸਨ। ਮੁਲਕ ਦੇ ਇਤਿਹਾਸ ਵਿਚ ਪਹਿਲੀ ਵਾਰ ਐਨੀ ਵੱਡੀ ਗਿਣਤੀ ਵਿਚ ਬੇਰੁਜ਼ਗਾਰ ਸਾਹਮਣੇ ਆ ਰਹੇ ਹਨ ਅਤੇ ਬੇਰੁਜ਼ਗਾਰੀ ਭੱਤਾ ਮੰਗਿਆ ਜਾ ਰਿਹਾ ਹੈ। ਦੂਜੇ ਪਾਸੇ ਕਈ ਆਰਥਿਕ ਮਾਹਰ ਦਾਅਵਾ ਕਰ ਰਹੇ ਹਨ ਕਿ ਬੇਰੁਜ਼ਗਾਰਾਂ ਦੀ ਗਿਣਤੀ ਇਕ ਕਰੋੜ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ। ਇਕ ਰਿਪੋਰਟ ਮੁਤਾਬਕ ਕਿਰਤੀਆਂ ਨੇ ਟੈਲੀਫ਼ੋਨ ਲਾਈਨਾਂ ਰੁੱਝੀਆਂ ਹੋਣ ਕਾਰਨ ਬੇਰੁਜ਼ਗਾਰੀ ਭੱਤੇ ਲਈ ਅਰਜ਼ੀ ਦਾਇਰ ਕਰਨ ਵਿਚ ਮੁਸ਼ਕਲ ਦੀ ਸ਼ਿਕਾਇਤ ਕੀਤੀ ਹੈ। ਇਸ ਤੋਂ ਇਲਾਵਾ ਆਮ ਨਾਲੋਂ ਘੱਟ ਕੰਮ ਕਰ ਰਹੇ ਕਿਰਤੀਆਂ ਨੂੰ ਬੇਰੁਜ਼ਗਾਰੀ ਭੱਤੀ ਦੀ ਸਹੂਲਤ ਵੀ ਨਹੀਂ ਦਿਤੀ ਗਈ। ਬੈਂਕ ਆਫ਼ ਅਮਰੀਕਾ ਮੈਰਿਲ ਲਿੰਚ ਦੀ ਚੀਫ਼ ਇਕੌਨੋਮਿਸਟ ਮਿਸ਼ੇਲ ਮੇਅਰ ਨੇ ਕਿਹਾ ਕਿ ਆਲਮੀ ਮੰਦੀ ਦੌਰਾਨ ਜਿਹੜਾ ਘਟਨਾਕ੍ਰਮ ਮਹੀਨੇ ਅਤੇ ਤਿਮਾਹੀ ਦੌਰਾਨ ਵਾਪਰਿਆ, ਹੁਣ ਉਹ ਇਕ ਹਫ਼ਤੇ ਵਿਚ ਵਾਪਰ ਰਿਹਾ ਹੈ। ਅਮਰੀਕਾ ਵਿਚ ਕੰਪਨੀਆਂ ਲਗਾਤਾਰ ਆਪਣੇ ਮੁਲਾਜ਼ਮਾਂ ਨੂੰ ਕੰਮ ਤੋਂ ਕੱਢ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਦੌਰਾਨ ਵੱਡੀ ਗਿਣਤੀ ਵਿਚ ਕਿਰਤੀਆਂ ਨੂੰ ਸਰਕਾਰੀ ਸਹਾਇਤਾ ‘ਤੇ ਨਿਰਭਰ ਰਹਿਣਾ ਪੈ ਸਕਦਾ ਹੈ।