ਜੋਹਾਨਿਸਬਰਗ, 11 ਜੂਨ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦਾ ਕਹਿਣਾ ਹੈ ਕਿ ਅਫਰੀਕਾ ਵਿਚ ਮਹਾਮਾਰੀ ਵਿਚ ਤੇਜ਼ੀ ਆ ਰਹੀ ਹੈ। ਸੰਗਠਨ ਨੇ ਇਸ ਪਾਸੇ ਵੀ ਧਿਆਨ ਦਿਵਾਇਆ ਕਿ ਮਹਾਦੀਪ ਵਿਚ ਕੋਰੋਨਾ ਵਾਇਰਸ ਦੇ ਇਕ ਲੱਖ ਮਾਮਲੇ ਪਹੁੰਚਣ ਵਿਚ 98 ਦਿਨ ਦਾ ਸਮਾਂ ਲੱਗਿਆ ਜਦਕਿ ਇਨ੍ਹਾਂ ਦੀ ਗਿਣਤੀ 2 ਲੱਖ ਤੱਕ ਪਹੁੰਚਣ ਵਿਚ ਸਿਰਫ 18 ਦਿਨ ਲੱਗੇ।
ਡਬਲਯੂ.ਐੱਚ.ਓ. ਅਫਰੀਕਾ ਦੇ ਪ੍ਰਮੁੱਖ ਮਾਸ਼ਿਦਿਸੋ ਮੋਈਤੀ ਨੇ ਕਿਹਾ ਕਿ ਅਫਰੀਕਾ ਦੇ 54 ਦੇਸ਼ਾਂ ਵਿਚੋਂ ਅੱਧੇ ਤੋਂ ਵਧੇਰੇ ਵਿਚ ਕਮਿਊਨਿਟੀ ਟ੍ਰਾਂਸਮਿਸ਼ਨ ਸ਼ੁਰੂ ਹੋ ਗਿਆ ਹੈ ਤੇ ਇਹ ਗੰਭੀਰ ਲੱਛਣ ਹਨ। ਮਹਾਦੀਪ ਵਿਚ ਇਕ ਵਾਇਰਸ ਮੁੱਖ ਕਰਕੇ ਯੂਰਪ ਤੋਂ ਆਇਆ ਤੇ ਇਹ ਸ਼ਹਿਰੀ ਇਲਾਕਿਆਂ ਤੇ ਕਾਰੋਬਾਰੀ ਕੇਂਦਰਾਂ ਤੋਂ ਪੇਂਡੂ ਇਲਾਕਿਆਂ ਤੱਕ ਪਹੁੰਚ ਰਿਹਾ ਹੈ। ਮੋਈਤੀ ਨੇ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਜਦੋਂ ਤੱਕ ਅਸਰਦਾਰ ਟੀਕਾ ਨਹੀਂ ਮਿਲ ਜਾਂਦਾ, ਸਾਨੂੰ ਸ਼ਇਦ ਇਸ ਦੇ ਨਾਲ ਹੀ ਜਿਊਣਾ ਪਵੇਗਾ। ਅਫਰੀਕਾ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 2 ਲੱਖ 9 ਹਜ਼ਾਰ ਤੋਂ ਵਧੇਰੇ ਮਾਮਲੇ ਹਨ।
ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿਚ ਹੁਣ ਤੱਕ 73 ਲੱਖ ਤੋਂ ਵਧੇਰੇ ਲੋਕ ਕੋਰੋਨਾ ਨਾਲ ਇਨਫੈਕਟਿਡ ਹੋ ਚੁੱਕੇ ਹਨ ਜਦਕਿ 4.17 ਲੱਖ ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਵਿਸ਼ਵ ਵਿਚ ਸਭ ਤੋਂ ਵਧੇਰੇ ਮਾਮਲੇ ਅਮਰੀਕਾ ਵਿਚ ਦਰਜ ਕੀਤੇ ਗਏ ਹਨ, ਜਿਥੇ 20 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 1.12 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਬ੍ਰਾਜ਼ੀਲ ਦੂਜੇ ਨੰਬਰ ‘ਤੇ ਅਤੇ ਰੂਸ ਤੀਜੇ ਨੰਬਰ ‘ਤੇ ਮੌਜੂਦ ਹੈ।