ਕੋਰੋਨਾ ਮਹਾਮਾਰੀ ਦੌਰਾਨ ਦੁਨੀਆਂ ਦੇ ਅਰਬਪਤੀਆਂ ਦੀ ਜਾਇਦਾਦ ’ਚ ਕਈ ਗੁਣਾ ਹੋਇਆ ਇਜ਼ਾਫਾ

403
Share

-ਫੋਰਬਸ ਸੂਚੀ ਅਨੁਸਾਰ ਅਮਰੀਕਾ, ਚੀਨ ਤੋਂ ਬਾਅਦ ਭਾਰਤ ’ਚ ਸਭ ਤੋਂ ਜ਼ਿਆਦਾ ਅਰਬਪਤੀ
ਨਿਊਯਾਰਕ, 8 ਅਪ੍ਰੈਲ (ਪੰਜਾਬ ਮੇਲ)-ਫੋਰਬਸ ਦੀ ਸੂਚੀ ਮੁਤਾਬਕ ਕੋਰੋਨਾ ਮਹਾਮਾਰੀ ਦੌਰਾਨ ਦੁਨੀਆਂ ਦੇ ਅਰਬਪਤੀਆਂ ਦੀ ਜਾਇਦਾਦ ’ਚ ਕਈ ਗੁਣਾ ਇਜ਼ਾਫਾ ਹੋਇਆ ਹੈ। ਫੋਰਬਸ ਨੇ ਹਾਲ ਹੀ ’ਚ ਸਾਲ 2021 ਲਈ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਅਨੁਸਾਰ ਦੁਨੀਆਂ ਭਰ ’ਚ ਫੈਲੇ ਕੋਰੋਨਾ ਵਾਇਰਸ ਦੇ ਬਾਵਜੂਦ ਇਹ ਸਾਲ ਅਰਬਪਤੀਆਂ ਲਈ ਕਾਫ਼ੀ ਖਾਸ ਰਿਹਾ ਹੈ। ਇਸ ਸਾਲ ਅਰਬਪਤੀਆਂ ਦੀ ਜਾਇਦਾਦ ’ਚ 60 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ। ਕੁੱਲ ਮਿਲਾ ਕੇ ਫੋਰਬਸ ਨੇ 2,755 ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਹੈ।
ਇਥੇ ਦੱਸਣਯੋਗ ਹੈ ਕਿ ਅਮਰੀਕਾ ਅਤੇ ਚੀਨ ਤੋਂ ਬਾਅਦ ਭਾਰਤ ’ਚ ਸਭ ਤੋਂ ਜ਼ਿਆਦਾ ਗਿਣਤੀ ਅਰਬਪਤੀਆਂ ਦੀ ਹੈ। ਨਾਮੀ ਫੋਰਬਸ ਮੈਗਜ਼ੀਨ ਦੀ ਇਕ ਨਵੀਂ ਸੂਚੀ ’ਚ ਅਜਿਹਾ ਕਿਹਾ ਗਿਆ ਹੈ। ਇਸ ਮੈਗਜ਼ੀਨ ਦੀ ਰਿਪੋਰਟ ਮੁਤਾਬਕ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਇਕ ਵਾਰ ਫਿਰ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਨੇ ਚੀਨ ਦੇ ਜੈਕ ਮਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਜੈਕ ਇਕ ਸਾਲ ਪਹਿਲਾਂ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਸਨ। ਅਡਾਨੀ ਗਰੁੱਪ ਦੇ ਚੇਅਰਮੈਨ ਅਤੇ ਭਾਰਤ ਦੇ ਦੂਸਰੇ ਅਮੀਰ ਵਿਅਕਤੀ ਗੌਤਮ ਅਡਾਨੀ ਦੁਨੀਆਂ ਭਰ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ’ਚ 24ਵੇਂ ਸਥਾਨ ’ਤੇ ਪਹੁੰਚ ਗਏ ਹਨ। ਉਨ੍ਹਾਂ ਦੀ ਕੁੱਲ ਜਾਇਦਾਦ 50.5 ਅਰਬ ਡਾਲਰ ਹੋ ਗਈ ਹੈ। ਫੋਰਬਸ ਦੀ 35ਵੀਂ ਸਾਲਾਨਾ ਸੂਚੀ ’ਚ ਐਮਾਜ਼ੋਨ ਦੇ ਸੀ.ਈ.ਓ. ਜੈਫ ਬੇਜੋਸ ਇਕ ਵਾਰ ਫਿਰ ਪਹਿਲੇ ਸਥਾਨ ’ਤੇ ਰਹੇ ਹਨ।

Share