ਕੋਰੋਨਾ ਮਹਾਂਮਾਰੀ ਦੌਰਾਨ ਉਦਯੋਗਾਂ ਦੀ ਤਰੱਕੀ ਲਈ ਸੁੰਦਰ ਸ਼ਾਮ ਅਰੋੜਾ ਵੱਲੋਂ ਵੱਖ-ਵੱਖ ਚੇਅਰਪਰਸਨਾਂ ਨਾਲ ਮੀਟਿੰਗ

871

ਚੰਡੀਗੜ੍ਹ, 18 ਮਈ (ਪੰਜਾਬ ਮੇਲ)- ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਵਿਭਾਗ ਦੇ ਵੱਖ-ਵੱਖ ਕਾਰਪੋਰੇਸ਼ਨਾਂ ਅਤੇ ਬੋਰਡਾਂ ਦੇ ਚੇਅਰਪਰਸਨਾਂ ਨੂੰ ਕੋਰੋਨਾ ਦੇ ਮੌਜੂਦਾ ਦੌਰ ‘ਚ ਉਦਯੋਗਾਂ ਦੀ ਸਥਾਪਤੀ ਅਤੇ ਤਰੱਕੀ ਲਈ ਕੰਮ ਕਰਨ ਦਾ ਸੱਦਾ ਦਿੱਤਾ ਹੈ।
ਅੱਜ ਇੱਥੇ ਉਦਯੋਗ ਭਵਨ ਵਿਖੇ ਚੇਅਰਪਰਸਨਾਂ ਨਾਲ ਕੀਤੀ ਮੀਟਿੰਗ ਦੌਰਾਨ ਸ੍ਰੀ ਅਰੋੜਾ ਨੇ ਕਿਹਾ ਕਿ ਕੋਰੋਨਾ ਵਰਗੀ ਮਹਾਂਮਾਰੀ ਕਾਰਨ ਹੋਰਨਾਂ ਖੇਤਰਾਂ ਦੇ ਨਾਲ-ਨਾਲ ਉਦਯੋਗ ਵੀ ਪ੍ਰਭਾਵਿਤ ਹੋਇਆ ਹੈ। ਉਨਾਂ ਕਿਹਾ ਕਿ ਇਸ ਸੰਕਟ ਤੋਂ ਉਭਰਨ ਲਈ ਸੁਹਿਰਦ ਯਤਨ ਆਰੰਭਣ ਦੀ ਜ਼ਰੁਰਤ ਹੈ। ਉਨਾਂ ਨੇ ਵੱਖ-ਵੱਖ ਚੇਅਰਪਰਸਨਾਂ ਨੂੰ ਕੋਵਿਡ-19 ਵਿਰੁੱਧ ਲੜਾਈ ‘ਚ ਆਪਣਾ ਯੋਗਦਾਨ ਦੇਣ ਅਤੇ ਸੂਬੇ ‘ਚ ਉਦਯੋਗਾਂ ਲਈ ਯਤਨ ਕਰਨ ਦਾ ਸੱਦਾ ਦਿੱਤਾ।
ਸ੍ਰੀ ਅਰੋੜਾ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਯੋਜਨਾਬੱਧ ਢੰਗ ਨਾਲ ਕੋਰੋਨਾ ਵਿਰੁੱਧ ਲੜਾਈ ਲੜਨ ਦੀ ਸ਼ਲਾਘਾ ਕੀਤੀ। ਉਨਾਂ ਨੇ ਕੋਰੋਨਾਂ ਕਾਰਨ ਲਾਗੂ ਕੀਤੇ ਲਾਕਡਾਊਨ ਅਤੇ ਕਰਫ਼ਿਊ ਦੌਰਾਨ ਪੰਜਾਬ ਸਰਕਾਰ ਦਾ ਸਹਿਯੋਗ ਕਰਨ ਲਈ ਸੂਬਾ ਵਾਸੀਆਂ ਦਾ ਧੰਨਵਾਦ ਵੀ ਕੀਤਾ।
ਇਸ ਮੀਟਿੰਗ ਵਿੱਚ ਉਦਯੋਗ ਤੇ ਵਣਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ, ਡਾਇਰੈਕਟਰ ਸ੍ਰੀ ਸਿਬਿਨ ਸੀ., ਪੀ.ਐਸ.ਆਈ.ਡੀ.ਸੀ. ਦੇ ਚੇਅਰਪਰਸਨ ਸ੍ਰੀ ਕਿਸ਼ਨ ਕੁਮਾਰ ਬਾਵਾ, ਪੀ.ਐਲ.ਆਈ.ਡੀ.ਬੀ. ਦੇ ਸ੍ਰੀ ਪਵਨ ਦੀਵਾਨ, ਪੀ.ਐਸ.ਆਈ.ਈ.ਸੀ. ਦੇ ਸ੍ਰੀ ਗੁਰਪ੍ਰੀਤ ਸਿੰਘ ਬਸੀ, ਪੀ.ਐਮ.ਆਈ.ਡੀ.ਬੀ. ਦੇ ਸ੍ਰੀ ਅਮਰਜੀਤ ਸਿੰਘ ਟਿੱਕਾ, ਪੀ.ਆਈ.ਸੀ.ਟੀ.ਸੀ. ਦੇ ਸ੍ਰੀ ਐਸ.ਐਮ.ਐਸ. ਸੰਧੂ ਅਤੇ ਪੰਜਾਬ ਖਾਦੀ ਅਤੇ ਪੇਂਡੂ ਉਦਯੋਗ ਵਿਕਾਸ ਬੋਰਡ ਦੇ ਸ੍ਰੀਮਤੀ ਮਮਤਾ ਦੱਤਾ ਆਦਿ ਹਾਜ਼ਰ ਸਨ।