ਕੋਰੋਨਾ ਮਹਾਂਮਾਰੀ ਦੇ ਬਾਵਜੂਦ ਪੰਜਾਬ ‘ਚ ਵੱਖ-ਵੱਖ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ

564

-ਚੋਣਾਂ ਦੀਆਂ ਤਿਆਰੀਆਂ ‘ਚ ਸਿਆਸੀ ਜ਼ਮੀਨ ਤਿਆਰ ਕਰਨ ‘ਚ ਲਗਾਤਾਰ ਡਟੀਆਂ ਪਾਰਟੀਆਂ
-ਕਈ ਮੁਕੱਦਮੇ ਦਰਜ ਹੋਣ ਦੇ ਬਾਵਜੂਦ ਵੀ ਸਿਆਸਤਦਾਨ ਸਰਗਰਮ
ਲੁਧਿਆਣਾ, 14 ਸਤੰਬਰ (ਪੰਜਾਬ ਮੇਲ)- ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਵਿਚ ਜਿੱਥੇ ਵੱਡੀ ਗਿਣਤੀ ‘ਚ ਮਨੁੱਖੀ ਜਾਨਾਂ ਚਲੀਆਂ ਗਈਆਂ ਹਨ ਅਤੇ ਵੱਡੀ ਗਿਣਤੀ ‘ਚ ਲੋਕ ਇਸ ਤੋਂ ਪੀੜਤ ਹੋ ਗਏ ਹਨ। ਪਰ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਵੀ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹੋ ਗਈਆਂ ਹਨ। ਚੋਣਾਂ ਦੀਆਂ ਤਿਆਰੀਆਂ ‘ਚ ਸਿਆਸੀ ਪਾਰਟੀਆਂ ਆਪਣੀ ਸਿਆਸੀ ਜ਼ਮੀਨ ਤਿਆਰ ਕਰਨ ‘ਚ ਲਗਾਤਾਰ ਡਟੀਆਂ ਹੋਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਕਾਰ ਦੇ ਸਹਾਰੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਸਹੂਲਤਾਂ ਦੇਣ ਦੀ ਗੱਲ ਆਖ ਕੇ ਕਾਂਗਰਸ ਪਾਰਟੀ ਦੇ ਹੱਕ ‘ਚ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਉੱਥੇ ਵੱਖ-ਵੱਖ ਸਿਆਸੀ ਪਾਰਟੀਆਂ ਸਰਕਾਰੀ ਨੀਤੀਆਂ ਤੇ ਘਪਲਿਆਂ ਦਾ ਵਿਰੋਧ ਕਰਕੇ ਰੋਸ ਪ੍ਰਗਟਾ ਰਹੀਆਂ ਹਨ। ਪੰਜਾਬ ਅੰਦਰ ਇਸ ਸਮੇਂ ਵਿਰੋਧੀ ਧਿਰ ਆਮ ਆਦਮੀ ਪਾਰਟੀ ਵਲੋਂ ਜਿੱਥੇ ਇਕ ਪਾਸੇ ਸਾਧੂ ਸਿੰਘ ਧਰਮਸੋਤ ਨੂੰ ਪੰਜਾਬ ਕੈਬਨਿਟ ‘ਚੋਂ ਬਰਖ਼ਾਸਤ ਕਰਨ ਲਈ ਸੂਬੇ ਭਰ ‘ਚ ਧਰਨੇ ਦੇਣ ਤੋਂ ਬਾਅਦ ਉਨ੍ਹਾਂ ਦੀ ਨਾਭਾ ਵਿਖੇ ਰਿਹਾਇਸ਼ ਨੇੜੇ ਪੱਕਾ ਧਰਨਾ ਲਗਾਇਆ ਗਿਆ ਹੈ, ਉੱਥੇ ਹੀ ‘ਆਪ’ ਵਲੋਂ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ‘ਚ ਆਕਸੀਮੀਟਰ ਵੰਡਣ ਦੀ ਮੁਹਿੰਮ ਵਿੱਢੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਵੀ ਵੱਖ-ਵੱਖ ਘਪਲਿਆਂ ‘ਚ ਸ਼ਾਮਿਲ ਮੰਤਰੀਆਂ ਨੂੰ ਬਰਖ਼ਾਸਤ ਕਰਨ ਅਤੇ ਬੀਤੇ ਦਿਨੀਂ ਸਾਧੂ ਸਿੰਘ ਧਰਮਸੋਤ ਨੂੰ ਕੈਬਨਿਟ ‘ਚੋਂ ਬਾਹਰ ਦਾ ਰਸਤਾ ਦਿਖਾਉਣ ਲਈ ਸੂਬੇ ਭਰ ‘ਚ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਰਿਹਾਇਸ਼ ਦੇ ਬਾਹਰ ਵੀ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਵੀ ਇਕ ਕਦਮ ਅੱਗੇ ਚੱਲ ਕੇ ਲੋਕ ਇਨਸਾਫ਼ ਪਾਰਟੀ ਵਲੋਂ ਜਿੱਥੇ ਲੁਧਿਆਣਾ ਤੇ ਪਟਿਆਲਾ ਵਿਖੇ ਪ੍ਰਦਰਸ਼ਨ ਕੀਤਾ, ਉੱਥੇ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਹਰ ਥਾਂ ‘ਤੇ ਫਿਰ ਲਲਕਾਰਿਆ। ਭਾਰਤੀ ਜਨਤਾ ਪਾਰਟੀ ਵਲੋਂ ਵੀ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤੇ ਗਏ। ਸੂਬੇ ਅੰਦਰ ਵੱਖ-ਵੱਖ ਦਬਾਅ ਸਮੂਹਾਂ ਵਲੋਂ ਵੀ ਕੋਰੋਨਾ ਦੀ ਪ੍ਰਵਾਹ ਕੀਤੇ ਬਿਨਾਂ ਰੋਸ ਪ੍ਰਦਰਸ਼ਨ ਕੀਤੇ ਗਏ। ਭਾਵੇਂ ਕਿ ਪੰਜਾਬ ਪੁਲਿਸ ਵਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮੁਕੱਦਮੇ ਵੀ ਦਰਜ ਕਰ ਲਏ ਗਏ ਅਤੇ ਇਸ ਦੇ ਨਾਲ ਹੀ ਕਈ ਸਿਆਸਤਦਾਨ ਅਜਿਹੇ ਹਨ, ਜਿਨ੍ਹਾਂ ਦੇ ਖ਼ਿਲਾਫ਼ ਕਈ-ਕਈ ਮੁਕੱਦਮੇ ਦਰਜ ਕੀਤੇ ਗਏ ਹਨ। ਕਈ ਮੁਕੱਦਮੇ ਦਰਜ ਹੋਣ ਦੇ ਬਾਵਜੂਦ ਵੀ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਸਰਗਰਮ ਹੋ ਗਏ ਹਨ। ਸਿਆਸਤਦਾਨਾਂ ਦੀ ਅਜਿਹੀਆਂ ਸਰਗਰਮੀਆਂ ਕਰਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕਈ ਆਗੂਆਂ, ਵਿਧਾਇਕਾਂ, ਰਾਜ ਸਭਾ ਮੈਂਬਰਾਂ ਤੇ ਹੋਰ ਵੱਖ-ਵੱਖ ਪੱਧਰ ਦੇ ਆਗੂਆਂ ਨੂੰ ਵੀ ਕੋਰੋਨਾ ਮਹਾਂਮਾਰੀ ਦਾ ਸ਼ਿਕਾਰ ਹੋਣਾ ਪਿਆ।