ਕੋਰੋਨਾ ਪੌਜ਼ੇਟਿਵ ਹੋਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਹਸਪਤਾਲ ‘ਚ ਦਾਖ਼ਲ ਕਰਵਾਏ ਗਏ

639

ਨਿਊਯਾਰਕ, 3 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਹ ਕੋਰੋਨਾ ਵਾਇਰਸ ਨਾਲ ਸੰਕ੍ਰਿਮਤ ਪਾਏ ਗਏ ਸਨ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਵਾਲਟਰ ਰੀਡ ਹਸਪਤਾਲ ਲੈ ਜਾਇਆ ਗਿਆ ਹੈ। ਇੱਥੇ ਹੀ ਉਨ੍ਹਾਂ ਦਾ ਇਲਾਜ ਹੋਵੇਗਾ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਵੀ ਕੋਰੋਨਾ ਪਾਜ਼ੀਟਿਵ ਹੈ। ਈਟ ਹਾਊਸ ਨੇ ਕਿਹਾ, “ਰਾਸ਼ਟਰਪਤੀ ਕਾਫੀ ਥੱਕੇ ਹੋਏ ਮਹਿਸੂਸ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਅਹਿਤਿਆਦ ਦੇ ਰੂਪ ‘ਤੇ ਹਸਪਤਾਲ ਲੈ ਜਾਇਆ ਗਿਆ ਹੈ।” ਹਾਲਾਂਕਿ ਟਰੰਪ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ।
ਰਾਸ਼ਟਰਪਤੀ ਟਰੰਪ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖ਼ਬਰ ਅਜਿਹੇ ਸਮੇਂ ਆਈ ਹੈ, ਜਦੋਂ ਰਾਸ਼ਟਰਪਤੀ ਚੋਣਾਂ ਹੋਣ ਵਿਚ ਸਿਰਫ ਇਕ ਮਹੀਨਾ ਬਾਕੀ ਰਹਿ ਗਿਆ ਹੈ। ਟਰੰਪ ਦਾ ਮੁਕਾਬਲਾ ਇਸ ਵਾਰ ਡੈਮੋਕ੍ਰੇਟਿਕ ਪਾਰਟੀ ਦੇ ਜੋਅ ਬਿਡੇਨ ਨਾਲ ਹੈ।

ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਟਰੰਪ ‘ਚ ਸੰਕਰਮਣ ਦੇ ਹਲਕੇ ਲੱਛਣ ਹਨ, ਸਾਵਧਾਨੀ ਵਰਤਦੇ ਹੋਏ ਅਤੇ ਡਾਕਟਰਾਂ ਦੀ ਸਿਫਾਰਸ਼-ਸਲਾਹ ‘ਤੇ ਰਾਸ਼ਟਰਪਤੀ ਕੁਝ ਦਿਨਾਂ ਲਈ ਵਾਲਟਰ ਰੀਡ ਨੈਸ਼ਨਲ ਮੈਡੀਕਲ ਸੈਂਟਰ ਵਿਚ ਰਹਿਣਗੇ ਅਤੇ ਇੱਥੋਂ ਹੀ ਸਾਰਾ ਕੰਮ ਕਰਨਗੇ। ਮੈਡੀਕਲ ਸੈਂਟਰ ਲਈ ਰਵਾਨਾ ਹੋਣ ਤੋਂ ਪਹਿਲਾਂ ਟਰੰਪ ਨੇ ਲੋਕਾਂ ਲਈ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਤੇ ਉਸ ਦੇ ਬਾਅਦ ਉਹ ਹੈਲੀਕਾਪਟਰ ਵਿਚ ਬੈਠੇ। ਉਨ੍ਹਾਂ ਨੇ ਮਾਸਕ ਪਾਇਆ ਹੋਇਆ ਸੀ। ਵੀਡੀਓ ਸੰਦੇਸ਼ ਵਿਚ ਟਰੰਪ ਨੇ ਕਿਹਾ,”ਮੈਂ ਹਰ ਕਿਸੇ ਦੇ ਸਹਿਯੋਗ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਵਾਲਟਰ ਰੀਡ ਹਸਪਤਾਲ ਜਾ ਰਿਹਾ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਠੀਕ ਹਾਂ।”