ਕੋਰੋਨਾ ਨੂੰ ਹਰਾਉਣ ਲਈ ਬੁਲੰਦ ਹੌਂਸਲੇ ਦੀ ਲੋੜ

784
Share

ਖੁਦਕੁਸ਼ੀਆਂ ਮਸਲੇ ਦਾ ਹੱਲ ਨਹੀਂ ਹੈ

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ, 916-320-9444
ਦੁਨੀਆਂ ਇਸ ਗੱਲ ਨੂੰ ਹਮੇਸ਼ਾ ਪ੍ਰਵਾਨ ਕਰਦੀ ਆਈ ਹੈ ਅਤੇ ਅੱਜ ਵੀ ਕਰ ਰਹੀ ਹੈ ਕਿ ਕਿਸੇ ਵੀ ਆਫਤ ਦਾ ਮੁਕਾਬਲਾ ਬੁਲੰਦ ਹੌਂਸਲੇ ਤੋਂ ਬਗੈਰ ਨਹੀਂ ਕੀਤਾ ਜਾ ਸਕਦਾ। ਪੰਜਾਬੀ ‘ਚ ਅਸੀਂ ਆਮ ਹੀ ਕਹਿ ਦਿੰਦੇ ਹਾਂ ਕਿ ਜੋ ਡਰ ਗਿਆ, ਉਹ ਮਰ ਗਿਆ। ਇਸ ਦਾ ਅਰਥ ਹੈ ਕਿ ਜੇ ਤੁਸੀਂ ਮਾਨਸਿਕ ਤੌਰ ‘ਤੇ ਚੜ੍ਹਦੀ ਕਲਾ ਵਿਚ ਹੋ ਅਤੇ ਤੁਹਾਡਾ ਮਨ ਕਿਸੇ ਵੀ ਤਰ੍ਹਾਂ ਦੀ ਵਰਤਣ ਵਾਲੀ ਭਾਵੀ ਦਾ ਟਾਕਰਾ ਕਰਨ ਲਈ ਤਿਆਰ ਹੈ, ਅਤੇ ਕਿਸੇ ਵੀ ਭਿਆਨਕ ਤੋਂ ਭਿਆਨਕ ਰੋਗ ਦੇ ਤੁਹਾਡੇ ਸਰੀਰ ਉਪਰ ਪੈਣ ਵਾਲੇ ਅਸਰ ਘੱਟ ਜਾਂਦੇ ਹਨ ਜਾਂ ਕਹਿ ਲਈਏ ਕਿ ਤੁਹਾਡੇ ਸਰੀਰ ਅੰਦਰ ਰੋਗਾਂ ਨਾਲ ਲੜਾਈ ਕਰਨ ਦੀ ਮਜ਼ਬੂਤ ਹੋਈ ਇੱਛਾ ਸ਼ਕਤੀ ਬਿਮਾਰੀਆਂ ਨੂੰ ਰੋਕਣ ਦਾ ਸਾਧਨ ਬਣ ਜਾਂਦੀ ਹੈ। ਜਦ ਬੰਦਾ ਢੇਰੀ ਢਾਹ ਕੇ ਬੈਠ ਜਾਂਦਾ ਹੈ, ਤਾਂ ਫਿਰ ਉਸ ਅੰਦਰਲੀ ਕਿਸੇ ਰੋਗ ਜਾਂ ਬੁਰਾਈ ਨਾਲ ਲੜਨ ਦੀ ਸ਼ਕਤੀ ਨੂੰ ਹੀ ਵੱਡਾ ਖੋਰਾ ਲੱਗ ਜਾਂਦਾ ਹੈ। ਸਿੱਖ ਗੁਰੂ ਸਾਹਿਬਾਨ ਨੇ ਇਸੇ ਲਈ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਦੀ ਸਿੱਖਿਆ ਅਤੇ ਪ੍ਰੇਰਨਾ ਦਿੱਤੀ ਸੀ। ਸ਼ਾਇਦ ਇਹੀ ਪ੍ਰੇਰਨਾ ਅਤੇ ਸਿੱਖਿਆ ਦੇ ਅਸਰ ਕਾਰਨ ਅੱਜ ਜਦੋਂ ਦੁਨੀਆਂ ਦੇ ਵੱਖ-ਵੱਖ ਧਰਮਾਂ ਦੇ ਲੋਕ ਅੰਦਰ ਵੜ ਕੇ ਹੱਥ ਧੋਣ ਲੱਗੇ ਹੋਏ ਹਨ ਅਤੇ ਦਰਵਾਜ਼ਿਆਂ ਦੀਆਂ ਕੁੰਡੀਆਂ ਨੂੰ ਵੀ ਹੱਥ ਲਗਾਉਣ ਤੋਂ ਡਰਦੇ ਹਨ, ਤਾਂ ਇਸ ਸਮੇਂ ਪੂਰੀ ਦੁਨੀਆਂ ‘ਚ ਗੁਰਦੁਆਰੇ ਅਤੇ ਸਿੱਖ ਜਥੇਬੰਦੀਆਂ ਲੋੜਵੰਦਾਂ ਲਈ ਲੰਗਰ ਲਗਾਉਣ ਵਿਚ ਰੁੱਝੇ ਹੋਏ ਹਨ ਅਤੇ ਸਿੱਖ ਸੰਗਤ ਵੱਡੀ ਗਿਣਤੀ ਵਿਚ ਆਪਣੀ ਜਾਨ ਜ਼ੋਖਿਮ ‘ਚ ਪਾ ਕੇ ਲੋਕਾਂ ਦੀ ਨਿਸ਼ਕਾਮ ਸੇਵਾ ‘ਚ ਜੁਟੀ ਹੋਈ ਹੈ। ਇਹ ਸਿੱਖ ਕੌਮ ਨੂੰ ਗੁੜ੍ਹਤੀ ਵਿਚ ਮਿਲੀ ਸੇਵਾ ਅਤੇ ਬੁਲੰਦ ਹੌਂਸਲੇ ਦੀ ਦਾਤ ਹੀ ਹੈ।
ਦੁਨੀਆਂ ‘ਚ ਇਸ ਵੇਲੇ ਕੋਰੋਨਾ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਅਤੇ ਇਸ ਤੋਂ ਪ੍ਰਭਾਵਿਤ ਹੋਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਕੋਰੋਨਾ ਦੀ ਆਫਤ ਦੀ ਮਾਰ ਅਮਰੀਕਾ, ਬਰਤਾਨੀਆ, ਇਟਲੀ, ਸਪੇਨ ਅਤੇ ਫਰਾਂਸ ਸਮੇਤ ਲਗਭਗ ਦੁਨੀਆਂ ਦੇ ਹਰ ਮੁਲਕ ਨੂੰ ਸਹਿਣੀ ਪੈ ਰਹੀ ਹੈ। ਬਰਤਾਨੀਆ ‘ਚ ਤਾਂ ਹਾਲਤ ਇਹ ਹੈ ਕਿ ਉਥੋਂ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੀ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ। ਉਥੇ ਹਰ ਰੋਜ਼ ਮਰਨ ਵਾਲਿਆਂ ਦੀ ਗਿਣਤੀ ‘ਚ ਵੀ ਵੱਡਾ ਵਾਧਾ ਹੋ ਰਿਹਾ ਹੈ। ਇਹੀ ਹਾਲ ਅਮਰੀਕਾ ਦਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਦੁਨੀਆਂ ਭਰ ਵਿਚ ਸਭ ਤੋਂ ਮਜ਼ਬੂਤ ਅਤੇ ਆਧੁਨਿਕ ਡਾਕਟਰੀ ਸਹੂਲਤਾਂ ਨਾਲ ਲੈਸ ਹੋਣ ਦਾ ਦਾਅਵਾ ਕਰਨ ਵਾਲੇ ਅਮਰੀਕਾ, ਇੰਗਲੈਂਡ, ਇਟਲੀ, ਜਰਮਨ ਤੇ ਸਪੇਨ ਮਹਾਂਮਾਰੀ ਦੇ ਵਧੇਰੇ ਸ਼ਿਕਾਰ ਹਨ।
ਕੋਰੋਨਾ ਮਹਾਂਮਾਰੀ ਕਾਰਨ ਅੱਜ ਪੂਰੀ ਦੁਨੀਆਂ ਅਜਿਹੀ ਹਾਲਤ ਵਿਚ ਪਹੁੰਚ ਗਈ ਹੈ ਕਿ ਕੰਪਿਊਟਰਾਂ ਦੇ ਵਿਸ਼ਵ ਵਿਆਪੀ ਤਾਣੇ-ਬਾਣੇ ਦੀ ਮਦਦ ਨਾਲ ਸੂਚਨਾਵਾਂ ਅਤੇ ਤਾਜ਼ਾ ਜਾਣਕਾਰੀਆਂ ਦਾ ਆਦਾਨ-ਪ੍ਰਦਾਨ ਬੜੀ ਤੇਜ਼ੀ ਨਾਲ ਹੋ ਰਿਹਾ ਹੈ। ਪਿਛਲੇ ਦਿਨ ਵਾਪਰੀਆਂ ਘਟਨਾਵਾਂ ਅਗਲੇ ਦਿਨ ਹੀ ਬਹੀਆਂ ਅਤੇ ਪੁਰਾਣੀਆਂ ਜਾਪਣ ਲੱਗ ਪੈਂਦੀਆਂ ਹਨ। ਇਸ ਟੈਕਨਾਲੋਜੀ ਯੁੱਗ ਵਿਚ ਨਵੀਨਤਾ ਅਤੇ ਸੱਜਰਪੁਣੇ ਦੀ ਸਮੇਂ ਸੀਮਾ ਬੜੀ ਸੁੰਗੜ ਕੇ ਰਹਿ ਗਈ ਹੈ। ਗਿਆਨ ਅਤੇ ਜਾਣਕਾਰੀਆਂ ਇੰਨੀ ਤੇਜ਼ੀ ਨਾਲ ਮਿਲ ਰਹੀਆਂ ਹਨ ਕਿ ਤੁਰੰਤ ਹੀ ਉਹ ਪੁਰਾਣੀਆਂ ਹੋਣ ਲੱਗਦੀਆਂ ਹਨ।
ਕੋਰੋਨਾ ਮਹਾਂਮਾਰੀ ਕਾਰਨ ਪੂਰੇ ਸੰਸਾਰ ਵਿਚ ਗਹਿਰੇ ਬੱਦਲ ਛਾਏ ਹੋਏ ਹਨ। ਇੰਝ ਮਹਿਸੂਸ ਹੋਣ ਲੱਗ ਪਿਆ ਹੈ ਕਿ ਜਿਵੇਂ ਵਿਗਿਆਨ ਅਤੇ ਵਿਗਿਆਨਕ ਖੋਜ ਕੁਦਰਤ ਦੀ ਕਰੋਪੀ ਅੱਗੇ ਹੱਥ ਖੜ੍ਹੇ ਕਰ ਗਏ ਹਨ। ਇਸੇ ਕਰਕੇ ਵੱਖ-ਵੱਖ ਦੇਸ਼ਾਂ ਦੇ ਮੁਖੀ ਕਿਸੇ ਨਵੀਂ ਇਲਾਜ ਪ੍ਰਣਾਲੀ ਦਾ ਭਰੋਸਾ ਦੇਣ ਅਤੇ ਇਲਾਜ ਦੀ ਥਾਂ ਰੋਕਥਾਮ ਨੂੰ ਵਧੇਰੇ ਤਰਜੀਹ ਦੇਣ ਲੱਗੇ ਹਨ। ਅੱਜ ਪੂਰੀ ਦੁਨੀਆਂ ਵਿਚ ਵਾਇਰਸ ਨਾਲ ਲੜਨ ਲਈ ਨਵੀਆਂ ਖੋਜਾਂ ਕਰਕੇ ਇਲਾਜ ਪ੍ਰਣਾਲੀ ਵਿਕਸਿਤ ਕਰਨ ਦੀ ਥਾਂ ਵਧੇਰੇ ਜ਼ੋਰ ਲੋਕਾਂ ਨੂੰ ਅਹਿਤਿਆਤ ਵਰਤਣ ਉਪਰ ਲਾਇਆ ਜਾ ਰਿਹਾ ਹੈ। ਜਿਸ ਮਨੁੱਖ ਨੇ ਸਦੀਆਂ ਤੋਂ ਆਪਣੀ ਖੁਸ਼ੀ ਤੇ ਸ਼ੌਂਕ ਪੂਰਾ ਕਰਨ ਲਈ ਪੰਛੀਆਂ ਨੂੰ ਪਿੰਜਰਿਆਂ ਵਿਚ ਬੰਦ ਕੀਤਾ ਹੋਇਆ ਸੀ, ਅੱਜ ਉਹੀ ਮਨੁੱਖ ਆਪਣੇ ਹੱਥੀਂ ਬਣਾਏ ਪਿੰਜਰਿਆਂ ਭਾਵ ਘਰਾਂ ਵਿਚ ਬੰਦ ਹੋ ਕੇ ਰਹਿ ਗਿਆ ਹੈ।
ਭਾਵੇਂ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਤਾਂ ਆ ਰਹੀਆਂ ਹਨ ਅਤੇ ਸਖ਼ਤੀ ਕਾਰਨ ਕਈ ਤਰ੍ਹਾਂ ਦੇ ਨੁਕਸਾਨ ਵੀ ਝੱਲਣੇ ਪੈ ਰਹੇ ਹਨ। ਦੇਖਿਆ ਜਾਵੇ, ਤਾਂ ਇਹ ਬਿਮਾਰੀ ਖਤਰਨਾਕ ਅਤੇ ਭਿਆਨਕ ਰੂਪ ਉਸੇ ਸਮੇਂ ਅਖਤਿਆਰ ਕਰਦੀ ਹੈ, ਜਦ ਇਸ ਦਾ ਫੈਲਾਅ ਸਮਾਜਿਕ ਪੱਧਰ ਉੱਤੇ ਸ਼ੁਰੂ ਹੋ ਜਾਵੇ। ਪੂਰਾ ਵਿਸ਼ਵ ਇਸ ਵੇਲੇ ਇਸੇ ਹਾਲਾਤ ਵਿਚੋਂ ਲੰਘ ਰਿਹਾ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਪਹਿਲਾਂ ਜਨਤਕ ਕਰਫਿਊ ਵਾਲੇ ਦਿਨ ਅਤੇ ਹੁਣ ਫਿਰ ਪੰਜ ਅਪ੍ਰੈਲ ਨੂੰ ਤਾਲੀਆਂ ਵਜਾਓ ਅਤੇ ਦੀਵੇ ਜਗਾਓ ਦੇ ਦਿੱਤੇ ਆਦੇਸ਼ਾਂ ਉਪਰ ਜੋ ਪ੍ਰਤੀਕਰਮ ਹੋਇਆ, ਉਹ ਬੜਾ ਹੀ ਅਫਸੋਸਨਾਕ ਅਤੇ ਦੁਖਦਾਈ ਰਿਹਾ ਹੈ। ਜਨਤਕ ਕਰਫਿਊ ਵਾਲੇ ਦਿਨ ਲੋਕਾਂ ਨੇ ਸਾਰੇ ਅਹਿਤਿਆਤ ਅਤੇ ਨਿਯਮ ਛਿੱਕੇ ਉਪਰ ਟੰਗ ਕੇ ਘਰਾਂ ਵਿਚੋਂ ਬਾਹਰ ਆ ਕੇ ਤਾਲੀਆਂ ਵਜਾਈਆਂ ਅਤੇ ਹੁਣ 5 ਅਪ੍ਰੈਲ ਨੂੰ ਰਾਤ 9 ਵਜੇ, 9 ਮਿੰਟ ਲਈ ਬਿਜਲੀ ਬੰਦ ਕਰਕੇ ਮੋਮਬੱਤੀਆਂ ਅਤੇ ਦੀਵੇ ਜਗਾਉਣ ਦਰਮਿਆਨ ਲੋਕ ਵੱਡੀ ਗਿਣਤੀ ਵਿਚ ਦੀਵਾਲੀ ਵਾਂਗ ਦੀਵੇ ਜਗਾਉਣ ਅਤੇ ਪਟਾਕੇ ਚਲਾਉਣ ਲਈ ਨਿਕਲ ਪਏ, ਇਹ ਆਪਣੇ ਆਪ ਵਿਚ ਹੀ ਬੜਾ ਅਜੀਬ ਸਿਲਸਿਲਾ ਹੈ। ਇਕ ਪਾਸੇ ਜਦ ਟੈਲੀਵਿਜ਼ਨ ਕੋਰੋਨਾਵਾਇਰਸ ਨਾਲ ਮਰੀਜ਼ਾਂ ਦੇ ਵਧਣ ਅਤੇ ਮੌਤਾਂ ਹੋਣ ਦੀਆਂ ਖ਼ਬਰਾਂ ਦੇ ਰਹੇ ਸਨ, ਤਾਂ ਦੂਜੇ ਪਾਸੇ ਮੋਦੀ ਭਗਤ ਪਤਾ ਨਹੀਂ ਕਿਹੜੇ ਚਾਅ ਵਿਚ ਪਟਾਕੇ ਚਲਾ ਕੇ ਤੇ ਦੀਵੇ ਜਗਾ ਕੇ ਦੀਵਾਲੀ ਵਰਗੀ ਖੁਸ਼ੀ ਮਨਾ ਰਹੇ ਸਨ। ਅਸਲ ਵਿਚ ਪਹਿਲਾਂ ਤਾਲੀਆਂ ਵਜਾਉਣ ਅਤੇ ਹੁਣ ਦੀਵੇ ਜਗਾਉਣ ਦੇ ਸੱਦੇ ਪਿੱਛੇ ਰੂੜ੍ਹੀਵਾਦੀ ਸੋਚ ਨਜ਼ਰ ਆ ਰਹੀ ਹੈ। ਇਸ ਸੋਚ ਅਧੀਨ ਹੀ ਲੋਕਾਂ ਨੂੰ ਅਜਿਹੇ ਸੱਦੇ ਦੇ ਕੇ ਇਕ ਖਾਸ ਕਿਸਮ ਦੀ ਰਾਜਨੀਤੀ ਅਤੇ ਸੱਭਿਆਚਾਰ ਤੋਂ ਪ੍ਰਭਾਵਿਤ ਕਰਨ ਦਾ ਯਤਨ ਕੀਤਾ ਗਿਆ ਲੱਗਦਾ ਹੈ। ਦਿੱਲੀ ਵਿਚ ਤਬਲੀਗੀ ਜਮਾਤ ਦੇ ਮੈਂਬਰਾਂ ਨੂੰ ਹੋਈ ਕੋਰੋਨਾਵਾਇਰਸ ਬਾਰੇ ਵੀ ਪੂਰੇ ਦੇਸ਼ ਅੰਦਰ ਹੋ-ਹੱਲਾ ਪੈਦਾ ਕਰਕੇ ਅਜਿਹਾ ਪ੍ਰਭਾਵ ਬਣਾਇਆ ਗਿਆ, ਜਿਵੇਂ ਇਹ ਬਿਮਾਰੀ ਮੁਸਲਿਮ ਭਾਈਚਾਰਾ ਲੈ ਕੇ ਆਇਆ ਹੋਵੇ। ਜਿਵੇਂ ਪਿਛਲੇ ਸਮੇਂ ਦੌਰਾਨ ਘੱਟ ਗਿਣਤੀ ਭਾਈਚਾਰੇ ਵਿਰੁੱਧ ਭੀੜਤੰਤਰੀ ਹਮਲਿਆਂ ਦਾ ਦੌਰ ਚੱਲਿਆ, ਲਗਭਗ ਉਸੇ ਤਰ੍ਹਾਂ ਹੁਣ ਕੋਰੋਨਾਵਾਇਰਸ ਦੇ ਸੰਤਾਪ ਮੌਕੇ ਵੀ ਦੇਸ਼ ਅੰਦਰ ਉਸੇ ਤਰ੍ਹਾਂ ਦਾ ਮਾਹੌਲ ਸਿਰਜਣ ਦਾ ਯਤਨ ਸਾਹਮਣੇ ਆ ਰਿਹਾ ਹੈ।
ਇਸ ਮਹਾਂਮਾਰੀ ਦੌਰਾਨ ਬਹੁਤ ਸਾਰੇ ਲੋਕ ਮਾਨਸਿਕ ਪ੍ਰੇਸ਼ਾਨੀ ਵਿਚ ਹਨ। ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਤੋਂ ਇਸ ਮਾਨਸਿਕ ਪ੍ਰੇਸ਼ਾਨੀ ਕਾਰਨ ਆਤਮਹੱਤਿਆ ਕਰਨ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ। ਪੰਜਾਬ ਵਿਚ ਰਹਿੰਦੀ ਇਕ ਔਰਤ ਨੇ ਆਤਮਹੱਤਿਆ ਕਰ ਲਈ, ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਕੈਨੇਡਾ ‘ਚ ਪੜ੍ਹਨ ਗਈ ਧੀ ਨੂੰ ਕੋਰੋਨਾਵਾਇਰਸ ਨੇ ਆਣ ਘੇਰਿਆ ਹੈ। ਇਸੇ ਤਰ੍ਹਾਂ ਪੰਜਾਬ ਦੇ ਹੋਰ ਵੱਖ-ਵੱਖ ਸ਼ਹਿਰਾਂ ਵਿਚ ਵੀ ਲੋਕਾਂ ਵੱਲੋਂ ਕੋਰੋਨਾਵਾਇਰਸ ਦੇ ਡਰੋਂ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ। ਨਿਊਯਾਰਕ ‘ਚ ਕੁੱਝ ਅਮਰੀਕੀ ਲੋਕਾਂ ਵੱਲੋਂ ਵੀ ਵੱਖ-ਵੱਖ ਤਰੀਕੇ ਨਾਲ ਕੋਰੋਨਾਵਾਇਰਸ ਦੇ ਡਰੋਂ ਖੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਆਏ ਹਨ। ਟੀ.ਵੀ. ਚੈਨਲ, ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਦੁਨੀਆਂ ਭਰ ‘ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਵੱਧ ਰਹੀ ਗਿਣਤੀ ਲੋਕਾਂ ਵਿਚ ਡਰ ਪੈਦਾ ਕਰ ਰਹੀ ਹੈ, ਜਿਸ ਕਾਰਨ ਬਹੁਤੇ ਲੋਕ ਮਾਨਸਿਕ ਰੋਗ ਦਾ ਸ਼ਿਕਾਰ ਹੋ ਰਹੇ ਹਨ। ਜੇ ਘਰ ਵਿਚ ਕਿਸੇ ਨੂੰ ਕੋਈ ਮਾਮੂਲੀ ਨਜ਼ਲਾ-ਜੁਕਾਮ ਵੀ ਹੋ ਜਾਂਦਾ ਹੈ ਜਾਂ ਥੋੜ੍ਹਾ ਬਹੁਤਾ ਗਲ਼ਾ ਵੀ ਦੁਖਦਾ ਹੈ, ਤਾਂ ਘਰ ਵਿਚ ਹਾਹਾਕਾਰ ਮੱਚ ਜਾਂਦੀ ਹੈ ਕਿ ਕਿਤੇ ਇਹ ਕੋਰੋਨਾਵਾਇਰਸ ਨਾ ਹੋਵੇ। ਅਜਿਹੇ ਮਾਨਸਿਕ ਤਨਾਅ ਦੇ ਕਾਰਨ ਲੋਕ ਕਈ ਹੋਰ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਅਮਰੀਕਾ ਦੇ ਹਸਪਤਾਲਾਂ ਵਿਚ ਹੁਣ ਕੋਵਿਡ-19 ਬਿਮਾਰੀ ਦੇ ਨਾਲ-ਨਾਲ ਮਾਨਸਿਕ ਰੋਗੀਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ।
ਇਸ ਵੇਲੇ ਲੋੜ ਕੋਰੋਨਾਵਾਇਰਸ ਦੇ ਖਿਲਾਫ ਲੋਕਾਂ ਨੂੰ ਮਾਨਸਿਕ ਹਲੂਣਾ ਦੇਣ ਦੀ ਹੈ। ਲੋਕਾਂ ਨੂੰ ਬਿਮਾਰੀ ਬਾਰੇ ਅਸਲ ਜਾਣਕਾਰੀ ਦੇ ਕੇ ਅਤੇ ਸਿਹਤ ਸਹੂਲਤਾਂ ਦੇ ਪ੍ਰਬੰਧ ਨੂੰ ਮਜ਼ਬੂਤ ਕਰਕੇ ਲੋਕਾਂ ਦਾ ਭਰੋਸਾ ਜਿੱਤਿਆ ਜਾ ਸਕਦਾ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਕੋਰੋਨਾਵਾਇਰਸ ਨਾਲ ਸੰਬੰਧਤ ਖ਼ਬਰਾਂ ਤਾਂ ਜ਼ਰੂਰ ਦੇਖਣ, ਪਰ ਸਿਰਫ ਸੀਮਤ ਸਮੇਂ ਲਈ। ਬਿਹਤਰ ਹੈ ਕਿ ਉਹ ਆਪਣਾ ਧਿਆਨ ਘਰ ਵਿਚ ਪਏ ਅਧੂਰੇ ਕੰਮਾਂ ਵੱਲ ਲਾਉਣ ਜਾਂ ਟੀ.ਵੀ. ਜਾਂ ਸੋਸ਼ਲ ਮੀਡੀਆ ‘ਤੇ ਮਨੋਰੰਜਕ ਪ੍ਰੋਗਰਾਮ ਦੇਖਣ। ਜੇਕਰ ਲੋਕਾਂ ਦੇ ਹੌਂਸਲੇ ਬੁਲੰਦ ਹੋਣਗੇ, ਤਾਂ ਹੀ ਇਸ ਮਾੜੀ ਘੜੀ ਦਾ ਸਾਹਮਣਾ ਪੂਰੀ ਸ਼ਿੱਦਤ ਅਤੇ ਦ੍ਰਿੜ੍ਹਤਾ ਨਾਲ ਕਰ ਸਕਣਗੇ।


Share