ਕੋਰੋਨਾ ਦੁਨੀਆਂ ਨੂੰ ਦੇ ਰਿਹੈ ਕਈ ਅਹਿਮ ਸਬਕ

740
Share

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ: 916-320-9444
21ਵੀਂ ਸਦੀ ਵਿਚ ਕੋਰੋਨਾਵਾਇਰਸ ਮਹਾਂਮਾਰੀ ਦੁਨੀਆਂ ਅੰਦਰ ਇਸ ਤੋਂ ਫੈਲੀਆਂ ਮਹਾਂਮਾਰੀਆਂ ਤੋਂ ਬਿਲਕੁਲ ਵੱਖਰੀ ਹੈ। ਦੁਨੀਆਂ ਜਦ ਦਿਲ ਦੇ ਰੋਗਾਂ ਕੈਂਸਰ, ਏਡਜ਼ ਤੇ ਹੋਰ ਬਿਮਾਰੀਆਂ ਦੇ ਖਾਤਮੇ ਲਈ ਪੂਰੀ ਤਰ੍ਹਾਂ ਸਮਰੱਥ ਹੋ ਰਹੀ ਸੀ, ਤਾਂ ਦੁਨੀਆਂ ਵਾਇਰਸ ਦੀ ਮਹਾਂਮਾਰੀ ਤੋਂ ਪੂਰੀ ਤਰ੍ਹਾਂ ਅਨਜਾਣ ਸੀ। ਦੁਨੀਆਂ ਨੇ ਧਰਤੀ ਤੋਂ ਸਪੇਸ ਤੱਕ ਖੋਜਾਂ ਅਤੇ ਜਾਣਕਾਰੀਆਂ ਦਾ ਅਥਾਹ ਭੰਡਾਰ ਇਕੱਠਾ ਕਰ ਲਿਆ ਸੀ। ਪਰ ਕੁਦਰਤ ਦੀ ਇਕੋ ਮਾਰ ਅੱਗੇ ਇਹ ਸਾਰੀਆਂ ਖੋਜਾਂ ਤੇ ਜਾਣਕਾਰੀਆਂ ਢਹਿ-ਢੇਰੀ ਹੋ ਕੇ ਰਹਿ ਗਈਆਂ। ਪੂਰੀ ਦੁਨੀਆਂ ਦੇ ਇਕ ਪਿੰਡ ਵਾਂਗ ਵਿਚਰਨ ਕਾਰਨ ਸੰਸਾਰ ਦੇ ਸਾਰੇ ਦੇਸ਼ ਵਾਇਰਸ ਦੀ ਮਾਰ ਹੇਠ ਆ ਗਏ। ਦੁਨੀਆਂ ਵਿਚ ਫੈਲੀਆਂ ਮਹਾਂਮਾਰੀਆਂ ਦਾ ਖੇਤਰ ਸੀਮਤ ਰਹਿੰਦਾ ਰਿਹਾ ਹੈ। ਪਰ ਹੁਣ ਕਿਉਂਕਿ ਤੇਜ਼-ਤਰਾਰੀ ਦੇ ਯੁੱਗ ਵਿਚ ਵੱਡੀ ਗਿਣਤੀ ਵਿਚ ਲੋਕ ਹਵਾਈ ਸੇਵਾਵਾਂ ਦਾ ਇਸਤੇਮਾਲ ਕਰਦੇ ਹਨ ਅਤੇ ਇਕ-ਦੂਜੇ ਦੇਸ਼ ਵਿਚ ਆਉਂਦੇ-ਜਾਂਦੇ ਰਹਿੰਦੇ ਹਨ। ਇਸ ਕਰਕੇ ਚੀਨ ਦੇ ਵਪਾਰਕ ਕੇਂਦਰ ਵੂਹਾਨ ਤੋਂ ਆਰੰਭ ਹੋਏ ਇਸ ਵਾਇਰਸ ਨੂੰ ਦੁਨੀਆਂ ਭਰ ਵਿਚ ਪਹੁੰਚਣ ਲਈ ਬਹੁਤਾ ਸਮਾਂ ਨਹੀਂ ਲੱਗਿਆ। ਜਦ ਤੱਕ ਵੱਖ-ਵੱਖ ਦੇਸ਼ਾਂ ਨੇ ਬਾਹਰੋਂ ਆਉਣ ਵਾਲੇ ਲੋਕਾਂ ਰਾਹੀਂ ਵਾਇਰਸ ਫੈਲਣ ਨੂੰ ਰੋਕਣ ਲਈ ਬੂਹੇ ਭੇੜਨੇ ਸ਼ੁਰੂ ਕੀਤੇ, ਤਦ ਤੱਕ ਇਹ ਵਾਇਰਸ ਦੁਨੀਆਂ ਦੇ ਹਰ ਕੋਨੇ/ਨੁੱਕਰ ਤੱਕ ਆਪਣਾ ਡੰਗ ਮਾਰ ਚੁੱਕਾ ਸੀ। ਇਸੇ ਕਰਕੇ ਪੂਰੀ ਦੁਨੀਆਂ ਦੇ ਲੰਬਾ ਸਮਾਂ ਲਾਕਡਾਊਨ ਹੋਣ ਨਾਲ ਵੀ ਇਹ ਬਿਮਾਰੀ ਫੈਲਣ ਤੋਂ ਨਹੀਂ ਰੁੱਕ ਸਕੀ।
ਪਹਿਲੀ ਵਾਰ ਹੋਇਆ ਹੈ ਕਿ ਧਰਤੀ ਤੋਂ ਆਸਮਾਨ ਤੱਕ ਆਵਾਜਾਈ ਦੇ ਸਾਰੇ ਸਾਧਨ ਠੱਪ ਕਰ ਦਿੱਤੇ ਗਏ ਅਤੇ ਲੋਕਾਂ ਨੂੰ ਘਰਾਂ ਵਿਚ ਬੰਦ ਕਰ ਦਿੱਤਾ ਗਿਆ। ਮਨੁੱਖ ਵੱਲੋਂ ਨਵੇਂ ਯੁੱਗ ਵਿਚ ਕੱਢੀਆਂ ਵਿਗਿਆਨਕ ਕਾਢਾਂ ਅਤੇ ਪ੍ਰਾਪਤੀਆਂ ਇਸ ਵਾਇਰਸ ਦੇ ਖਾਤਮੇ ਲਈ ਕੋਈ ਦਵਾ-ਦਾਰੂ ਲੱਭਣ ਵਿਚ ਅਸਮਰੱਥ ਹੀ ਰਹਿ ਰਹੀ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਵਾਇਰਸ ਸਦੀਵੀ ਨਹੀਂ ਹੈ। ਇਸ ਨੇ ਖਤਮ ਹੋ ਜਾਣਾ ਹੈ। ਪਰ ਖਾਤਮੇ ਤੋਂ ਪਹਿਲਾਂ ਕਰੋਨਾ ਸੰਸਾਰ ਉੱਪਰ ਆਪਣੇ ਵਿਆਪਕ ਪ੍ਰਭਾਵ ਛੱਡ ਰਿਹਾ ਹੈ। ਇਹ ਮਹਾਂਮਾਰੀ ਲੋਕਾਂ ਦੇ ਲੰਬੇ ਸਮੇਂ ਤੱਕ ਚੇਤਿਆਂ ਵਿਚ ਰਹਿਣ ਵਾਲੀਆਂ ਦੁੱਖਦਾਈ ਘਟਨਾਵਾਂ ਪੈਦਾ ਕਰ ਗਈ ਹੈ। ਵਾਇਰਸ ਨੇ ਲੋਕਾਂ ਦੀ ਜ਼ਿੰਦਗੀ ਅਤੇ ਸੋਚ ਵਿਚ ਵੀ ਵੱਡੇ ਬਦਲਾਅ ਲਿਆਂਦੇ ਹਨ। ਖਾਸ ਕਰ ਸਿਹਤ ਰੱਖਿਆ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਇਸ ਨੇ ਬੜੀ ਵੱਡੀ ਪੱਧਰ ‘ਤੇ ਪ੍ਰਭਾਵਿਤ ਕੀਤਾ ਹੈ।
ਵਿਗਿਆਨਕ ਯੁੱਗ ਦੇ ਪਸਾਰੇ ਵਿਚ ਮਨੁੱਖ ਰੱਬ ਦੀ ਹੋਂਦ ਤੋਂ ਵੱਡੀ ਪੱਧਰ ਉੱਤੇ ਮੁਨਕਰ ਹੋ ਗਿਆ ਸੀ। ਅਸੀਂ ਦੇਖਿਆ ਹੈ ਕਿ ਇਸ ਆਫਤ ਦੌਰਾਨ ਮੁਸੀਬਤ ਤੋਂ ਖਹਿੜਾ ਛੁਡਾਉਣ ਲਈ ਬੜੇ ਲੋਕ ‘ਰੱਬ-ਰੱਬ’ ਕਰਦੇ ਰਹੇ ਹਨ। ਨਵੇਂ ਯੁੱਗ ਦੀ ਚਮਕ-ਦਮਕ ਅਤੇ ਮੁਨਾਫਿਆਂ ਦੀ ਹੋੜ ਵਿਚ ਸਾਰੇ ਸੰਸਾਰ ਨੇ ਕੁਦਰਤ ਨਾਲ ਖਿਲਵਾੜ ਕਰਨਾ ਸ਼ੁਰੂ ਕਰ ਦਿੱਤਾ ਸੀ। ਲਗਭਗ ਪੂਰੀ ਦੁਨੀਆਂ ਵਿਚ ਕੁਦਰਤੀ ਪਹਾੜ, ਨਾਲੇ, ਝਰਨਿਆਂ, ਖੇਤ-ਖਿਲਵਾੜ, ਜੰਗਲ-ਬੇਲਿਆਂ ਨੂੰ ਮਨੁੱਖ ਨੇ ਇੰਨੇ ਵਹਿਸ਼ੀ ਢੰਗ ਨਾਲ ਤਰੋੜ-ਮਰੋੜ ਸੁੱਟਿਆ ਕਿ ਸੰਸਾਰ ਦੀ ਸਮੁੱਚੀ ਆਬੋ-ਹਵਾ, ਜਲਵਾਯੂ ਅਤੇ ਪੌਣ-ਪਾਣੀ ਵਿਗੜ ਕੇ ਰਹਿ ਗਏ। ਗਰੀਨ ਗੈਸਾਂ ਦੀ ਭਰਮਾਰ ਕਾਰਨ ਪੂਰੀ ਦੁਨੀਆਂ ਅੰਦਰ ਤਪਸ਼ ਵਧਣੀ ਸ਼ੁਰੂ ਹੋ ਗਈ, ਗਲੇਸ਼ੀਅਰਾਂ ਪਿਘਲਣ ਲੱਗ ਪਏ, ਸਮੁੰਦਰਾਂ ਦੇ ਤਲ ਉਪਰ ਉੱਠਣ ਲੱਗੇ ਹਨ ਅਤੇ ਖੇਤ-ਖਿਲਵਾੜ ਜ਼ਹਿਰੀਲੀਆਂ ਖਾਧਾਂ ਅਤੇ ਕੀੜੇਮਾਰ ਦਵਾਈਆਂ ਦੇ ਛਿੜਕਾਅ ਨਾਲ ਜ਼ਹਿਰੀਲੇ ਕਰ ਦਿੱਤੇ ਹਨ। ਇਨ੍ਹਾਂ ਕਾਰਨ ਧਰਤੀ ਹੇਠਲਾ ਪਾਣੀ ਵੀ ਜ਼ਹਿਰਾਂ ਘੁਲਿਆ ਬਣ ਗਿਆ ਹੈ। ਮਨੁੱਖ ਨੇ ਮੁਨਾਫੇ ਦੀ ਹੋੜ ‘ਚ ਜੰਗਲ-ਬੇਲੇ ਕੱਟ-ਵੱਢ ਸੁੱਟੇ ਹਨ। ਕੋਰੋਨਾਵਾਇਰਸ ਨੇ ਮਨੁੱਖ ਨੂੰ ਇਕ ਵਾਰ ਬੜੀ ਡੂੰਘੀ ਤਰ੍ਹਾਂ ਕੁਦਰਤ ਨਾਲ ਕੀਤੇ ਖਿਲਵਾੜ ਅਤੇ ਕੁਤਾਹੀਆਂ ਦਾ ਚੇਤਾ ਕਰਵਾ ਦਿੱਤਾ ਹੈ। ਕਦੇ ਦੁਨੀਆਂ ਸਬਰ-ਸੰਤੋਖ ਅਤੇ ਸੰਜਮ ਦੀ ਧਾਰਨੀ ਹੁੰਦੀ ਸੀ। ਪਰ ਪਿਛਲੇ ਸਮੇਂ ਦੌਰਾਨ ਇਸ ਦੀ ਜਗ੍ਹਾ ਮੁਨਾਫੇ ਦੀ ਹੋੜ ਨੇ ਲੈ ਲਈ ਅਤੇ ਪੂਰੀ ਦੁਨੀਆਂ ਪੈਸੇ ਦੀ ਦੌੜ ਵਿਚ ਪੈ ਗਈ। ਪਰ ਕੋਰੋਨਾਵਾਇਰਸ ਨੇ ਜਦ ਜ਼ਮੀਨ ਤੋਂ ਆਸਮਾਨ ਤੱਕ ਸਾਰੇ ਕੁੱਝ ਨੂੰ ਜਾਮ ਕਰਕੇ ਰੱਖ ਦਿੱਤਾ, ਤਾਂ ਲੋਕੀਂ ਕੁਦਰਤੇ ਦੇ ਬਖਸ਼ੇ ਸੰਜਮ ਅਤੇ ਸਬਰ ਵੱਲ ਵੀ ਮੁੜੇ ਹਨ।
ਅਸੀਂ ਦੇਖ ਰਹੇ ਹਾਂ ਕਿ ਪੂਰੀ ਦੁਨੀਆਂ ਵਿਚ ਹੀ ਲੋਕਾਂ ਅੰਦਰ ਪਈ ਕਾਹਲ ਹੁਣ ਧੀਮੀ ਗਤੀ ਨਾਲ ਤੁਰਨ ਵਿਚ ਬਦਲੀ ਨਜ਼ਰ ਆ ਰਹੀ ਹੈ। ਲੋਕੀਂ ਜ਼ਾਬਤੇ ਵਿਚ ਰਹਿਣ ਦਾ ਵਲ ਸਿੱਖ ਰਹੇ ਹਨ। ਪਿਛਲੇ ਸਮੇਂ ਦੌਰਾਨ ਲੋਕ ਵਿਆਹ, ਸ਼ਾਦੀਆਂ ਉਪਰ ਵਸੋਂ ਬਾਹਰ ਹੋ ਕੇ ਖਰਚੇ ਕਰਦੇ ਸਨ। ਕਈ ਲੋਕ ਤਾਂ ਵੱਡੇ ਕਰਜ਼ੇ ਚੁੱਕ ਕੇ ਵਿਆਹ-ਸ਼ਾਦੀਆਂ ਕਰਦੇ ਰਹੇ ਹਨ। ਆਮ ਤੌਰ ‘ਤੇ ਅਜਿਹੇ ਵਿਆਹਾਂ ਉਪਰ 50 ਲੱਖ ਤੋਂ 1 ਕਰੋੜ ਰੁਪਏ ਤੱਕ ਖਰਚ ਆਉਂਦੇ ਰਹੇ ਹਨ। ਪਰ ਕੋਰੋਨਾਵਾਇਰਸ ਨੇ ਲੋਕਾਂ ਨੂੰ ਖਰਚੇ ਦੀ ਇਸ ਆਫਤ ਤੋਂ ਬਚਾਇਆ ਹੈ। ਹੁਣ ਨਵੇਂ ਉਸਰ ਰਹੇ ਸਿਹਤ ਨਿਜ਼ਾਮ ਵਿਚ ਲੋਕ ਵੱਡੇ ਖਰਚੇ ਕਰਨ ਤੋਂ ਸੰਕੋਚ ਕਰਨ ਲੱਗੇ ਹਨ। ਇੱਥੋਂ ਤੱਕ ਕਿ ਸਾਦੇ ਰੂਪ ਵਿਚ ਅਜਿਹੇ ਵਿਆਹ ਹੁਣ 5-10 ਹਜ਼ਾਰ ਰੁਪਏ ਵਿਚ ਹੀ ਹੋਣ ਲੱਗੇ ਹਨ। ਨਵੇਂ ਲਾਗੂ ਹੋ ਰਹੇ ਨਿਯਮਾਂ ਤੇ ਰਿਵਾਜ਼ਾਂ ਨਾਲ ਹੁਣ ਸਮਾਜਿਕ ਟੌਹਰ ਜਮਾਉਣ ਲਈ ਵੱਡੇ ਸਮਾਗਮ ਕਰਨ ਦੀ ਰੀਤ ਵੀ ਘਟਣ ਲੱਗੀ ਹੈ। ਇਸ ਨਾਲ ਲੋਕਾਂ ਦਾ ਵੱਡੇ ਪੱਧਰ ‘ਤੇ ਫਜ਼ੂਲਖਰਚੀ ਤੋਂ ਬਚਾਅ ਹੋਵੇਗਾ। ਇਸ ਤੋਂ ਪਹਿਲਾਂ ਲੋਕ ਵੱਡੀ ਦੌੜ ਵਿਚ ਉਲਝੇ ਹੋਏ ਸਨ। ਪਰ ਹੁਣ ਕੋਰੋਨਾਵਾਇਰਸ ਨੇ ਸੰਭਲ ਕੇ ਚੱਲਣ ਦਾ ਸਬਕ ਦਿੱਤਾ ਹੈ। ਇਸ ਸੰਕਟ ਕਾਰਨ ਲੋਕ ਸਮਰਥਾ ਤੋਂ ਵਾਧੂ ਖਰਚ ਕਰਕੇ ਬੇਲੋੜੇ ਮਾਨਸਿਕ ਸੰਕਟ ਵਿਚ ਪੈਣ ਤੋਂ ਵੀ ਪਿੱਛੇ ਹੱਟਣ ਲੱਗੇ ਹਨ। ਲੋਕਾਂ ਅੰਦਰ ਬਚਤ ਕਰਨ ਦੀ ਭਾਵਨਾ ਵੀ ਇਸ ਸੰਕਟ ਨੇ ਜਗਾਈ ਹੈ। ਕਿਉਂਕਿ ਇਸ ਸੰਕਟ ਮੌਕੇ ਲੋਕਾਂ ਨੂੰ ਮਹਿਸੂਸ ਹੋਇਆ ਹੈ ਕਿ ਭੱਜ-ਦੌੜ ਦੀ ਜ਼ਿੰਦਗੀ ਨਾਲ ਹੀ ਹਮੇਸ਼ਾ ਨਹੀਂ ਚੱਲਿਆ ਜਾ ਸਕਦਾ। ਇਸ ਦੀ ਬਜਾਏ ਲੋਕਾਂ ਨੂੰ ਸੰਕਟ ਮੌਕੇ ਵਰਤਣ ਲਈ ਬਚਾਅ ਕੇ ਵੀ ਰੱਖਣਾ ਚਾਹੀਦਾ ਹੈ। ਲੋਕਾਂ ਨੇ ਦੇਖ ਲਿਆ ਹੈ ਕਿ ਜਦ ਸਾਰੀ ਦੁਨੀਆਂ ਰੁੱਕ ਗਈ ਸੀ, ਤਾਂ ਉਨ੍ਹਾਂ ਦਾ ਸਹਾਰਾ ਸਿਰਫ ਉਨ੍ਹਾਂ ਵੱਲੋਂ ਕੀਤੀ ਬਚਤ ਹੀ ਹੈ। ਪਰ ਪਿਛਲੇ ਸਮੇਂ ਦੌਰਾਨ ਲੋਕਾਂ ਦਾ ਬਚਤ ਕਰਨ ਵੱਲ ਧਿਆਨ ਬੇਹੱਦ ਘੱਟ ਗਿਆ ਸੀ। ਪਰ ਹੁਣ ਸਾਡੇ ਲਈ ਇਹ ਸਬਕ ਸਿੱਖਣ ਦਾ ਵੇਲਾ ਹੈ ਕਿ ਆਪਣੀ ਕੀਤੀ ਬਚਤ ਹੀ ਔਖੇ ਵੇਲੇ ਕੰਮ ਆਉਂਦੀ ਹੈ, ਭਾਵੇਂ ਅਮਰੀਕਾ ਅਤੇ ਕੈਨੇਡਾ ਵਰਗੇ ਵਿਕਸਿਤ ਮੁਲਕਾਂ ਵਿਚ ਆਫਤ ਸਮੇਂ ਸਰਕਾਰਾਂ ਵੀ ਵੱਡੀ ਮਦਦ ਕਰ ਰਹੀਆਂ ਹਨ। ਅਮਰੀਕਾ, ਕੈਨੇਡਾ ਸਮੇਤ ਹੋਰ ਮੁਲਕਾਂ ‘ਚ ਵੀ ਜ਼ਰੂਰਤਮੰਦ ਨਾਗਰਿਕਾਂ ਦੀ ਵਿੱਤੀ ਸਹਾਇਤਾ ਕੀਤੀ ਜਾ ਰਹੀ ਹੈ। ਪਰ ਸਰਕਾਰਾਂ ਦੇ ਇਸ ਫੈਸਲੇ ਨਾਲ ਲੰਬਾ ਸਮਾਂ ਗੁਜ਼ਾਰਾ ਨਹੀਂ ਕੀਤਾ ਜਾ ਸਕਦਾ। ਸਰਕਾਰਾਂ ਸਾਡੀ ਸੀਮਤ ਸਮੇਂ ਲਈ ਹੀ ਮਦਦ ਕਰ ਸਕਦੀਆਂ ਹਨ। ਆਖਰ ਤਾਂ ਸਾਨੂੰ ਆਪਣੇ ਕੀਤੇ ਉੱਪਰ ਹੀ ਨਿਰਭਰ ਕਰਨਾ ਪਵੇਗਾ।
ਤੇਜ਼-ਤਰਾਰੀ ਦੇ ਇਸ ਯੁੱਗ ਵਿਚ ਦੁਨੀਆਂ ਨੂੰ ਰੁੱਕ ਕੇ ਮੁੜ ਸੋਚਣ ਦਾ ਮੌਕਾ ਮਿਲਿਆ ਹੈ। ਵਾਇਰਸ ਤੋਂ ਬਾਅਦ ਵੀ ਸਮਾਜਿਕ ਦੂਰੀ ਲੱਗਦਾ ਹੈ ਕਿ ਸਿਹਤ ਸੁਰੱਖਿਆ ਦਾ ਇਕ ਨਿਯਮ ਹੀ ਬਣ ਜਾਵੇਗਾ। ਅੱਗੇ ਤੋਂ ਇਹ ਸਬਕ ਵੀ ਮਿਲ ਗਿਆ ਹੈ ਕਿ ਜਦੋਂ ਕਦੇ ਮਹਾਂਮਾਰੀ ਫੈਲਣ ਦਾ ਡਰ ਹੋਵੇ, ਤਾਂ ਝੱਟ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰ ਲੈਣੀ ਚਾਹੀਦੀ ਹੈ। ਹੁਣ ਸਾਨੂੰ ਨਵੀਂ ਸ਼ੁਰੂਆਤ ਕਰਨ ਲੱਗਿਆਂ ਕੁਦਰਤ ਦੇ ਨੇੜੇ ਹੋਣ ਲਈ ਵਧੇਰੇ ਯਤਨ ਕਰਨੇ ਚਾਹੀਦੇ ਹਨ। ਮੁਨਾਫਿਆਂ ਦੀ ਹੋੜ ਘਟਾ ਕੇ ਮਨੁੱਖੀ ਜ਼ਿੰਦਗੀ ਦੀ ਬਿਹਤਰੀ ਵੱਲ ਮੁੜਨਾ ਪਵੇਗਾ। ਇਸ ਵਿਚ ਸਭ ਤੋਂ ਅਹਿਮ ਮੁੱਦਾ ਸਮੁੱਚੇ ਸੰਸਾਰ ਦੇ ਵਾਤਾਵਰਨ ਵਿਚ ਸੁਧਾਰ ਕਰਨ ਦਾ ਹੈ। ਵਾਤਾਵਰਨ ਦੇ ਸੁਧਾਰ ਨਾਲ ਪੂਰੇ ਸੰਸਾਰ ਵਿਚ ਆਬੋ-ਹਵਾ, ਜਲਵਾਯੂ ਅਤੇ ਪੌਣ-ਪਾਣੀ ਸ਼ੁੱਧ ਹੋਵੇਗਾ। ਮਨੁੱਖ ਸੁੱਖ ਦਾ ਸਾਹ ਲੈ ਸਕਣਗੇ। ਇਸ ਨਾਲ ਬਿਮਾਰੀਆਂ ਘਟਣਗੀਆਂ ਤੇ ਲੋਕਾਂ ਦੀਆਂ ਆਰਥਿਕ ਲੋੜਾਂ ਵੀ ਸੀਮਤ ਹੋਣਗੀਆਂ। ਸੰਸਾਰ ਪੱਧਰ ‘ਤੇ ਸਾਨੂੰ ਜੰਗਲ-ਬੇਲੇ ਮੁੜ ਆਬਾਦ ਕਰਨ ਅਤੇ ਵਿਕਸਿਤ ਕਰਨ ਵੱਲ ਧਿਆਨ ਦੇਣਾ ਹੋਵੇਗਾ। ਖੇਤੀ ਨੂੰ ਮੁੜ ਵਪਾਰਕ ਲੀਹਾਂ ਤੋਂ ਲਾ ਕੇ ਕੁਦਰਤੀ ਖੇਤੀ ਵੱਲ ਮੋੜਨਾ ਹੋਵੇਗਾ, ਤਾਂਕਿ ਸਾਡੀ ਖੇਤੀ ਪੈਦਾਵਾਰ ਪੌਸ਼ਟਿਕ ਅਤੇ ਚੰਗੀ ਖਾਧ-ਖੁਰਾਕ ਵਾਲੀ ਬਣ ਸਕੇ। ਇਸ ਵੇਲੇ ਜ਼ਹਿਰੀਲੀਆਂ ਖਾਧਾਂ ਅਤੇ ਦਵਾਈਆਂ ਦੇ ਛਿੜਕਾਅ ਨਾਲ ਅਨਾਜ ਭੰਡਾਰ ‘ਚ ਤਾਂ ਭਾਵੇਂ ਵਾਧਾ ਹੋਇਆ ਹੈ। ਪਰ ਅਨਾਜ ਦੇ ਪੌਸ਼ਟਿਕ ਖੁਰਾਕੀ ਤੱਤ ਵਿਗੜ ਗਏ ਹਨ ਅਤੇ ਦੁਨੀਆਂ ਭਰ ਵਿਚ ਬਿਮਾਰੀ ਦਾ ਕਾਰਨ ਬਣੇ ਹੋਏ ਹਨ। ਇਸੇ ਤਰ੍ਹਾਂ ਸਾਨੂੰ ਆਪਣੀ ਜੀਵਨਸ਼ੈਲੀ ਵਿਚ ਵੀ ਤਬਦੀਲੀਆਂ ਵੱਲ ਮੁੜਨਾ ਪਵੇਗਾ। ਆਧੁਨਿਕ ਯੁੱਗ ਦੀ ਚਕਾਚੌਂਧ ਵਿਚ ਅਸੀਂ ਆਪਣੇ ਸਾਰੇ ਪੁਰਾਤਨ ਸਰੋਕਾਰ, ਕਦਰਾਂ-ਕੀਮਤਾਂ ਅਤੇ ਸੰਗ-ਸ਼ਰਮ ਭੁੱਲ ਗਏ ਹਾਂ। ਮੁਨਾਫੇ ਦੀ ਹੋੜ ਨੇ ਬੰਦੇ ਨੂੰ ਬੰਦੇ ਨਾਲੋਂ ਤੋੜ ਦਿੱਤਾ ਹੈ ਅਤੇ ਬੰਦਾ ਖੁਦ ਵੀ ਇਕ ਮਸ਼ੀਨ ਬਣ ਕੇ ਰਹਿ ਗਿਆ ਹੈ। ਬੰਦੇ ਨੂੰ ਬੰਦੇ ਵਜੋਂ ਦੁਬਾਰਾ ਸਥਾਪਤ ਕਰਨ ਲਈ ਸਾਨੂੰ ਪੂਰੇ ਸਮਾਜ ਵਿਚ ਸਮਾਜਿਕ ਅਤੇ ਆਰਥਿਕ ਬਰਾਬਰੀ ਅਤੇ ਮਨੁੱਖੀ ਅਧਿਕਾਰਾਂ ਦੀ ਬਰਾਬਰੀ ਵਾਲਾ ਸਮਾਜ ਸਿਰਜਣ ਵੱਲ ਵਧਣਾ ਪਵੇਗਾ। ਕਰੋਨਾ ਆਫਤ ਸਮੇਂ ਸੰਕਟ ਮੂੰਹ ਆਏ ਲੋਕਾਂ ਨੂੰ ਅਜਿਹੀਆਂ ਸਭ ਗੱਲਾਂ ਯਾਦ ਆਈਆਂ ਹਨ ਅਤੇ ਮਨੁੱਖ ਦੇ ਸਮਾਜਿਕ ਪ੍ਰਾਣੀ ਵਜੋਂ ਉਭਰਨ ਲਈ ਕੁਦਰਤ ਨੇ ਉਸ ਨੂੰ ਇਕ ਹੋਰ ਵਧੀਆ ਮੌਕਾ ਬਖਸ਼ਿਆ ਹੈ। ਮਨੁੱਖ ਨੂੰ ਇਸ ਮੌਕੇ ਨੂੰ ਅਜਾਈਂ ਨਹੀਂ ਗੁਆਉਣਾ ਚਾਹੀਦਾ।


Share