ਕੋਰੋਨਾ ਦੀ ਵੈਕਸੀਨ ਨੂੰ ਲੈ ਕੇ ਅਮਰੀਕਾ ਨੇ ਆਪਣੀ ਮੁਹਿੰਮ ਕੀਤੀ ਤੇਜ਼

800

ਟਰੰਪ ਨੇ ਕਿਹਾ; ਅਮਰੀਕਨਾਂ ਨੂੰ ਕੋਰੋਨਾ ਵੈਕਸੀਨ ਮੁਫਤ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ
ਵਾਸ਼ਿੰਗਟਨ, 16 ਮਈ (ਪੰਜਾਬ ਮੇਲ)- ਪੂਰੀ ਦੁਨੀਆਂ ‘ਚ ਕੋਰੋਨਾਵਾਇਰਸ ਮਹਾਮਾਰੀ ਦਾ ਕਹਿਰ ਹਾਲੇ ਵੀ ਜਾਰੀ ਹੈ। ਇਸ ਦੌਰਾਨ ਇਸ ਦੀ ਵੈਕਸੀਨ ਨੂੰ ਲੈ ਕੇ ਅਮਰੀਕਾ ਨੇ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਵਿਸ਼ਵ ਪੱਧਰੀ ਮਹਾਂਮਾਰੀ ਕੋਰੋਨਾਵਾਇਰਸ (ਕੋਵਿਡ-19) ਦਾ ਪ੍ਰਭਾਵਸ਼ਾਲੀ ਟੀਕਾ ਵਿਕਸਿਤ ਹੋਣ ਉੱਤੇ ਇਸ ਨੂੰ ਜਨਤਾ ਲਈ ਮੁਫਤ ਉਪਲੱਬਧ ਕਰਵਾਉਣ ‘ਤੇ ਜ਼ਰੂਰ ਵਿਚਾਰ ਕੀਤਾ ਜਾਵੇਗਾ। ਸ਼੍ਰੀ ਟਰੰਪ ਨੇ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ‘ਚ ਆਯੋਜਿਤ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ-19 ਦੇ ਟੀਕੇ ਨੂੰ ਅਸੀਂ ਆਮ ਜਨਤਾ ਲਈ ਮੁਫਤ ਉਪਲੱਬਧ ਕਰਵਾਉਣ ਬਾਰੇ ਵਿਚਾਰ ਕਰ ਰਹੇ ਹਾਂ। ਸ਼੍ਰੀ ਟਰੰਪ ਨੇ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਕੋਵਿਡ-19 ਦਾ ਟੀਕਾ ਵਿਕਸਿਤ ਕੀਤਾ ਜਾ ਸਕਦਾ ਹੈ। ਇਹ ਟੀਕਾ ਵਿਕਸਿਤ ਕਰਨ ਲਈ ਉਨ੍ਹਾਂ ‘ਆਪਰੇਸ਼ਨ ਵਾਰਪ ਸਪੀਡ’ ਨਾਂ ਦੀ ਇਕ ਨਵੀਂ ਮੁਹਿੰਮ ਵੀ ਸ਼ੁਰੂ ਕੀਤੀ। ‘ਆਪਰੇਸ਼ਨ ਵਾਰਪ ਸਪੀਡ’ ਨੂੰ ਇਸ ਸਾਲ ਦੇ ਅੰਤ ਤੱਕ ਕੋਵਿਡ-19 ਦਾ ਪ੍ਰਭਾਵਸ਼ਾਲੀ ਟੀਕਾ ਵਿਕਸਿਤ ਕਰਨ ਦਾ ਕੰਮ ਸੌਂਪਿਆ ਗਿਆ ਹੈ, ਤਾਂ ਜੋ ਜਨਵਰੀ 2021 ਤੱਕ ਉਸ ਨੂੰ ਆਮ ਜਨਤਾ ਤੱਕ ਪਹੁੰਚਾਇਆ ਜਾ ਸਕੇ। ਇਸ ਮੁਹਿੰਮ ‘ਚ ਸਾਬਕਾ ਫਾਰਮਾਸਿਊਟੀਕਲ ਕਾਰਜਕਾਰੀ ਮੋਨਸੇਫ ਸਲੋਈ ਤੇ ਅਮਰੀਕੀ ਫੌਜ ਦੀ ਮਟੀਰੀਅਲ ਕਮਾਨ ਦੇ ਕਮਾਂਡਰ ਜਨਰਲ ਗੁਸਤਾਵ ਪੇਰਨ ਅਹਿਮ ਭੂਮਿਕਾ ਨਿਭਾਉਣਗੇ ਤੇ ਇਸ ਦੀ ਅਗਵਾਈ ਕਰਨਗੇ। ਸ਼੍ਰੀ ਟਰੰਪ ਨੇ ਕਿਹਾ ਕਿ ਸਰਕਾਰ ਕੋਵਿਡ-19 ਦਾ ਟੀਕਾ ਵਿਕਸਿਤ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੀ ਹੈ ਤੇ ਲਗਭਗ 100 ਟੀਮਾਂ ਦੇ ਕੰਮਾਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ, ਜਿਸ ਵਿਚੋਂ 14 ਟੀਮਾਂ ਨੂੰ ਆਸ ਮੁਤਾਬਕ ਨਤੀਜੇ ਮਿਲ ਰਹੇ ਹਨ।