ਕੋਰੋਨਾ ਦੀ ਦਹਿਸ਼ਤ ਤੋਂ ਬਾਅਦ ਖੁਸ਼ਖ਼ਬਰੀ: ਨਵਾਂਸ਼ਹਿਰ ਦੇ ਆਈਸੋਲੇਸ਼ਨ ਵਾਰਡ ‘ਚ ਦਾਖਲ ਨੰਨ੍ਹੇ ਬੱਚੇ ਨੂੰ ਕੋਵਿਡ-19 ਤੋਂ ਮੁਕਤੀ ਦੇ ਰੂਪ ‘ਚ ਮਿਲਿਆ ਜਨਮ ਦਿਨ ਦਾ ਤੋਹਫ਼ਾ

705
Share


-ਬਾਬਾ ਗੁਰਬਚਨ ਸਿੰਘ ਤੇ ਪਠਲਾਵਾ ਦੇ ਸਰਪੰਚ ਸਮੇਤ ਕੁੱਲ 8 ਸੈਂਪਲ ਨੈਗੇਟਿਵ
ਚੰਡੀਗੜ੍ਹ/ਨਵਾਂਸ਼ਹਿਰ, 5 ਅਪ੍ਰੈਲ (ਪੰਜਾਬ ਮੇਲ)- ਪਠਲਾਵਾ ਦੇ ਜਰਮਨ ਤੋਂ ਵਾਇਆ ਇਟਲੀ ਦੀ ਟ੍ਰੈਵਲ ਹਿਸਟਰੀ ਵਾਲੇ ਬਾਬਾ ਬਲਦੇਵ ਸਿੰਘ ਦੇ ਦੇਹਾਂਤ ਤੋਂ ਬਾਅਦ ਕੋਵਿਡ-19 ਦੇ ਮਰੀਜ਼ਾਂ ‘ਚ ਯਕਦਮ ਵਾਧੇ ਨਾਲ ਪੰਜਾਬ ‘ਚ ਚਰਚਾ ‘ਚ ਆਏ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਲਈ ਐਤਵਾਰ ਰਾਹਤ ਦੀ ਖਬਰ ਲੈ ਕੇ ਆਇਆ ਹੈ। ਜ਼ਿਲ੍ਹੇ ‘ਚ ਆਈਸੋਲੇਸ਼ਨ ‘ਚ ਰੱਖੇ ਗਏ 18 ਮਰੀਜ਼ਾਂ ‘ਚੋਂ 12 ਦੇ ਕੱਲ੍ਹ ਲਏ ਗਏ ਸੈਂਪਲਾਂ ‘ਚੋਂ 11 ਦੇ ਅੱਜ ਸ਼ਾਮ ਤੱਕ ਆਏ ਨਤੀਜਿਆਂ ‘ਚ 8 ਸੈਂਪਲ ਨੈਗੇਟਿਵ ਪਾਏ ਗਏ ਹਨ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭ ਤੋਂ ਵੱਧ ਤਸੱਲੀ ਵਾਲੀ ਗੱਲ ਇਹ ਰਹੀ ਕਿ ਇਨ੍ਹਾਂ ਕੋਵਿਡ-19 ਮਰੀਜ਼ਾਂ ‘ਚ ਆਈਸੋਲੇਸ਼ਨ ‘ਚ ਰੱਖਿਆ ਸਵਰਗੀ ਬਾਬਾ ਬਲਦੇਵ ਸਿੰਘ ਦਾ ਦੋ ਸਾਲ ਦਾ ਪੋਤਾ ਵੀ ਕੋਰੋਨਾ ਨੂੰ ਮਾਤ ਦੇਣ ‘ਚ ਸਫ਼ਲ ਰਿਹਾ ਹੈ। ਇਸ ਨੰਨ੍ਹੇ ਬੱਚੇ ਦਾ ਹਾਲਾਂ ਕਲ੍ਹ ਹੀ ਦੂਸਰਾ ਜਨਮ ਦਿਨ ਹਸਪਤਾਲ ਦੇ ਸਟਾਫ਼ ਵੱਲੋਂ ਮਨਾਇਆ ਗਿਆ ਸੀ ਅਤੇ ਅੱਜ ਉਸ ਨੂੰ ਤੋਹਫ਼ੇ ਦੇ ਰੂਪ ‘ਚ ਕੋਵਿਡ-19 ਤੋਂ ਮੁਕਤੀ ਮਿਲ ਗਈ। ਬਾਬਾ ਬਲਦੇਵ ਸਿੰਘ ਦੇ ਪਰਿਵਾਰ ‘ਚੋਂ ਜਿਹੜੇ ਹੋਰ ਮੈਂਬਰਾਂ ਦਾ ਟੈਸਟ ਅੱਜ ਪਹਿਲੀ ਵਾਰ ਨੈਗੇਟਿਵ ਆਇਆ ਹੈ, ਉਨ੍ਹਾਂ ‘ਚ ਉਨ੍ਹਾਂ ਦੀਆਂ ਤਿੰਨ ਪੋਤੀਆਂ ਤੇ ਉਕਤ ਪੋਤਾ ਸ਼ਾਮਿਲ ਹੈ।
ਵਧੀਕ ਡਿਪਟੀ ਕਮਿਸ਼ਨਰ ਅਦਿਤਿਆ ਉੱਪਲ ਨੇ ਇਨ੍ਹਾਂ ਸੈਂਪਲਾਂ ਦੀ ਤਫ਼ਸੀਲ ਦਿੰਦਿਆਂ ਦੱਸਿਆ ਕਿ ਇਨ੍ਹਾਂ ‘ਚੋਂ ਬਾਬਾ ਬਲਦੇਵ ਸਿੰਘ ਦੇ ਇੱਕ ਪੁੱਤਰ ਫ਼ਤਿਹ ਸਿੰਘ (35) ਦਾ ਅੱਜ ਦੂਸਰਾ ਸੈਂਪਲ ਵੀ ਨੈਗੇਟਿਵ ਆÀਣ ਨਾਲ, ਉਸ ਨੂੰ ਕੋਰੋਨਾ ਵਾਇਰਸ ਤੋਂ ਸਿਹਤਯਾਬ ਹੋਇਆ ਐਲਾਨ ਦਿੱਤਾ ਗਿਆ ਹੈ।
ਦੂਸਰੇ ਸੈਂਪਲਾਂ ‘ਚ ਸਭ ਤੋਂ ਮਹੱਤਵਪੂਰਨ ਗੁਰਦੁਆਰਾ ਬਾਬਾ ਘਨੱਈਆ ਜੀ ਪਠਲਾਵਾ ਦੇ ਮੁਖੀ ਬਾਬਾ ਗੁਰਬਚਨ ਸਿੰਘ (78) ਅਤੇ ਉਨ੍ਹਾਂ ਨਾਲ ਹੀ ਵਿਦੇਸ਼ ਯਾਤਰਾ ਕਰਕੇ ਪਰਤੇ ਤੀਸਰੇ ਸਾਥੀ ਦਲਜਿੰਦਰ ਸਿੰਘ (60) ਪਿੰਡ ਝਿੱਕਾ  ਦਾ ਆਈਸੋਲੇਸ਼ਨ ਸਮਾਂ ਪੂਰਾ ਕਰਨ ਬਾਅਦ ਪਹਿਲਾ ਟੈਸਟ ਨੈਗੇਟਿਵ ਪਾਇਆ ਗਿਆ ਹੈ। ਪਿੰਡ ਪਠਲਾਵਾ ਦੇ ਸਰਪੰਚ ਹਰਪਾਲ ਸਿੰਘ (49) ਦਾ ਵੀ ਆਈਸੋਲੇਸ਼ਨ ‘ਚ ਰਹਿਣ ਬਾਅਦ ਅੱਜ ਪਹਿਲਾ ਟੈਸਟ ਨੈਗੇਟਿਵ ਆਇਆ ਹੈ।
ਸਿਵਲ ਸਰਜਨ ਡਾ. ਰਜਿੰਦਰ ਭਾਟੀਆ ਅਨੁਸਾਰ ਆਈਸੋਲੇਸ਼ਨ ‘ਚ ਇਲਾਜ ਅਧੀਨ ਕੋਵਿਡ-19 ਮਰੀਜ਼ਾਂ ਦੇ ਕਲ੍ਹ ਸ਼ਾਮ 12 ਸੈਂਪਲ ਭੇਜੇ ਗਏ ਸਨ, ਜਿਨ੍ਹਾਂ ‘ਚੋਂ ਅੱਜ ਆਏ 11 ਦੇ ਨਤੀਜਿਆਂ ‘ਚੋਂ 8 ਨੈਗੇਟਿਵ ਤੇ 3 ਪਾਜ਼ਿਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਕਿ ਜਿਨ੍ਹਾਂ ਦੇ ਪਾਜ਼ੇਟਿਵ ਆਏ ਹਨ, ਉਨ੍ਹਾਂ ਦੇ 5 ਦਿਨ ਬਾਅਦ ਦੁਬਾਰਾ ਟੈਸਟ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਅੱਜ ਜਿਨ੍ਹਾਂ 7 ਕੋਵਿਡ-19 ਮਰੀਜ਼ਾਂ ਦੇ ਟੈਸਟ ਨੈਗੇਟਿਵ ਆਏ ਹਨ, ਉਨ੍ਹਾਂ ਦੇ 24 ਘੰਟੇ ਬਾਅਦ ਫ਼ਿਰ ਟੈਸਟ ਦੁਹਰਾਏ ਜਾਣਗੇ, ਜਿਨ੍ਹਾਂ ਦੇ ਆਧਾਰ ‘ਤੇ ਉਨ੍ਹਾਂ ਨੂੰ ਕੋਵਿਡ-19 ਤੋਂ ਸਿਹਤਯਾਬ ਐਲਾਨਿਆ ਜਾਵੇਗਾ।


Share