ਕੋਰੋਨਾ ਦਾ ਟੀਕਾ ਆਉਣ ‘ਤੇ ਵੀ ਵੱਧ ਸਕਦੇ ਹਨ ਵਾਇਰਸ ਦੇ ਮਾਮਲੇ : ਮਾਹਰ

595

ਟੋਰਾਂਟੋ, 3 ਅਕਤੂਬਰ (ਪੰਜਾਬ ਮੇਲ)- ਕਈ ਦੇਸ਼ ਕੋਰੋਨਾਵਾਇਰਸ ਦਾ ਸਫਲ ਟੀਕਾ ਬਣਾਉਣ ਦੀ ਦੌੜ ‘ਚ ਲੱਗੇ ਹਨ। ਹਾਲਾਂਕਿ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਬਚਾਅ ਦਾ ਟੀਕਾ ਆਉਣ ਦੇ ਬਾਵਜੂਦ ਵਾਇਰਸ ਤੋਂ ਲੋਕ ਬਚ ਨਹੀਂ ਸਕਦੇ। ਯੂ.ਕੇ. ਦੀ ਰਾਇਲ ਸੁਸਾਇਟੀ ਦੇ ਇਕ ਅਧਿਐਨਕਰਤਾ ਨੇ ਕਿਹਾ ਕਿ ਸਫਲ ਟੀਕਾ ਮਿਲਣ ਦੇ ਬਾਵਜੂਦ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਰਹਿਣਗੇ। ਇਹ ਵੀ ਅਧਿਐਨ ਚੱਲ ਰਿਹਾ ਹੈ ਕਿ ਕੀ ਕੋਰੋਨਾ ਟੀਕਾ ਲੰਬੇ ਸਮੇਂ ਤੱਕ ਕਾਰਗਾਰ ਰਹੇਗਾ। ਉਨ੍ਹਾਂ ਕਿਹਾ ਕਿ ਸ਼ਾਇਦ ਕੁਝ ਟੀਕੇ ਹੀ ਵਿਅਕਤੀ ਨੂੰ ਇਕੋ ਡੋਜ਼ ਨਾਲ ਲੰਬੇ ਸਮੇਂ ਤੱਕ ਕੋਰੋਨਾ ਤੋਂ ਬਚਾਅ ਦੇਣ ਦੇ ਸਮਰਥ ਹੋਣਗੇ।
ਯੂਨੀਵਰਸਿਟੀ ਆਫ ਟੋਰਾਂਟੋ ‘ਚ ਇਕ ਨਵੀਂ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਗੈਰ-ਗੋਰੇ ਤੇ ਦੱਖਣੀ ਏਸ਼ੀਆਈ ਕੈਨੇਡੀਅਨ ਕੋਰੋਨਾ ਕਾਰਨ ਵਧੇਰੇ ਖਤਰੇ ‘ਚ ਹਨ। ਹਾਲਾਂਕਿ ਗੋਰੇ ਕੈਨੇਡੀਅਨਾਂ ‘ਚੋਂ ਘੱਟ ਲੋਕ ਕੋਰੋਨਾ ਕਾਰਨ ਮਾਰੇ ਗਏ ਹਨ।
ਯੂ.ਕੇ. ਤੇ ਅਮਰੀਕਾ ਦੇ ਮਾਹਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ‘ਚ ਗੈਰ-ਗੋਰੇ ਵਿਅਕਤੀ ਵਧੇਰੇ ਕੋਰੋਨਾਵਾਇਰਸ ਦੇ ਸ਼ਿਕਾਰ ਹੋਏ ਹਨ। ਮਾਹਰਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਲੋਕਾਂ ‘ਤੇ ਕੋਰੋਨਾ ਦੇ ਟੈਸਟ ਹੋ ਰਹੇ ਹਨ ਪਰ ਇਨ੍ਹਾਂ ਵਿਚੋਂ 9 ਤੀਜੇ ਪੜਾਅ ਦੇ ਟੈਸਟ ਤੱਕ ਪੁੱਜ ਗਏ ਹਨ। ਯੂਨੀਵਰਸਿਟੀ ਆਫ ਮੈਕਗਿਲ ਵਿਚ 28 ਮਾਹਰਾਂ ਵਲੋਂ ਅਧਿਐਨ ਵਿਚ ਇਹ ਕਿਹਾ ਗਿਆ ਕਿ 2021 ਤੋਂ ਪਹਿਲਾਂ ਕੋਰੋਨਾ ਦਾ ਟੀਕਾ ਆਉਣ ਅਸੰਭਵ ਲੱਗ ਰਿਹਾ ਹੈ। ਹੋ ਸਕਦਾ ਹੈ ਕਿ 2021 ਦੀਆਂ ਗਰਮੀਆਂ ‘ਚ ਕੋਰੋਨਾ ਦਾ ਟੀਕਾ ਮਿਲੇ ਪਰ ਇਹ ਵੀ ਯਕੀਨੀ ਤੌਰ ‘ਤੇ ਨਹੀਂ ਕਿਹਾ ਜਾ ਸਕਦਾ।