ਕੋਰੋਨਾ ਦਾ ਕਹਿਰ : ਭਾਰਤ ਮਰੀਜ਼ਾਂ ਦੇ ਠੀਕ ਹੋਣ ਦੇ ਮਾਮਲੇ ‘ਚ ਸਭ ਤੋਂ ਅੱਗੇ

541
ਨਵੀਂ ਦਿੱਲੀ, 3 ਅਕਤੂਬਰ (ਪੰਜਾਬ ਮੇਲ)-  ਦੁਨੀਆ ਭਰ ਵਿੱਚ ਕੋਰੋਨਾ ਸੰਕਟਦਾ ਕਹਿਰ ਹੁਣ ਕਾਫ਼ੀ ਤੇਜ਼ੀ ਨਾਲ ਵਧ ਰਿਹਾ ਹੈ। ਭਾਰਤ ਵੀ ਕੋਰੋਨਾ ਤੋਂ ਬਚਿਆ ਨਹੀਂ ਹੈ। ਦੇਸ਼ ਵਿੱਚ ਕੋਰੋਨਾ ਦੇ ਹੁਣ ਰੋਜ਼ਾਨਾ 80 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ, ਪਰ ਇਸੇ ਵਿਚਕਾਰ ਭਾਰਤ ਲਈ ਕੁਝ ਰਾਹਤ ਦੀ ਵੀ ਖ਼ਬਰ ਹੈ। ਭਾਰਤ, ਫਿਲਹਾਲ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਕੋਰੋਨਾ ਦੇ ਮਰੀਜ਼ ਠੀਕ ਹੋਣ ਦੇ ਮਾਮਲੇ ਭਾਵ ਰਿਕਵਰੀ ਕੇਸਾਂ ‘ਚ ਸਭ ਤੋਂ ਅੱਗੇ ਚੱਲ ਰਿਹਾ ਹੈ। ਦੇਸ ਦੇ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸਿਹਤ ਮੰਤਰਾਲੇ ਨੇ ਟਵੀਟ ਕਰਦਿਆਂ ਕਿਹਾ ਕ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੇ ਮਾਮਲੇ ‘ਚ ਭਾਰਤ ਦੁਨੀਆ ‘ਚ ਪਹਿਲੇ ਨੰਬਰ ‘ਤੇ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਵੀ ਤੇਜ਼ੀ ਨਾਲ ਘਟ ਰਹੀ ਹੈ। ਸਿਹਤ ਮੰਤਰਾਲੇ ਮੁਤਾਬਕ ਬੀਤੇ 10 ਦਿਨਾਂ ਤੋਂ ਲਗਾਤਾਰ ਦੇਸ਼ ਵਿੱਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 10 ਲੱਖ ਤੋਂ ਹੇਠ ਚੱਲ ਰਹੀ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰੋਜ਼ ਹੋ ਰਹੀ ਰਿਕਵਰੀ ਅਤੇ ਮੌਤ ਦਰ ਵਿੱਚ ਲਗਾਤਾਰ ਹੋ ਰਹੀ ਕਮੀ ਕਾਰਨ ਐਕਟਿਵ ਕੇਸਾਂ ਦੀ ਗਿਣਤੀ ਘੱਟ ਹੈ।

ਸ਼ੁੱਕਰਵਾਰ ਨੂੰ ਸਿਹਤ ਮੰਤਰਾਲੇ ਵੱਲੋਂ ਜਾਰੀ ਕੋਰੋਨਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਭਾਰਤ ਵਿੱਚ ਹੁਣ ਤੱਕ ਕੁੱਲ 53 ਲੱਖ 52 ਹਜ਼ਾਰ 78 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਬੀਤੇ 24 ਘੰਟਿਆਂ ਵਿੱਚ ਦੇਸ਼ ਵਿੱਚ 78 ਹਜ਼ਾਰ 877 ਲੋਕ ਸਿਹਤਮੰਦ ਹੋਏ ਹਨ। ਦੇਸ਼ ਵਿੱਚ ਕੋਰੋਨਾ ਦੀ ਰਿਕਵਰੀ ਦਰ 83.70 ਫੀਸਦੀ ਹੈ, ਜਦਕਿ ਐਕਟਿਵ ਦਰ 14.74 ਫੀਸਦ ਹੈ। ਭਾਰਤ ਵਿੱਚ ਕੋਰੋਨਾ ਨਾਲ ਮੌਤ ਦਰ 1.56 ਫੀਸਦੀ ‘ਤੇ ਹੈ। ਪਿਛਲੇ 24 ਘੰਟਿਆਂ ਵਿੱਚ 81 ਹਜ਼ਾਰ 484 ਨਵੇਂ ਮਾਮਲਿਆਂ ਅਤੇ 1095 ਮੌਤਾਂ ਨਾਲ ਭਾਰਤ ਵਿੱਚ ਕੋਰੋਨਾ ਦੇ ਕੁੱਲ ਮਾਮਲੇ 63 ਲੱਖ 94 ਹਜ਼ਾਰ 69 ਪਹੁੰਚ ਗਏ ਹਨ। ਦੇਸ਼ ਵਿੱਚ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ 9 ਲੱਖ 42 ਹਜ਼ਾਰ 217 ਐਕਟਿਵ ਕੇਸ ਹਨ। ਕੋਰੋਨਾ ਨਲ ਮੌਤ ਦਾ ਅੰਕੜਾ 99 ਹਜ਼ਾਰ 773 ਤੱਕ ਪਹੁੰਚ ਚੁੱਕਾ ਹੈ।
ਕੋਰੋਨਾ ਟੈਸਟਿੰਗ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਵਿੱਚ ਹੁਣ ਤੱਕ 7 ਕਰੋੜ ਤੋਂ ਵੱਧ ਸੈਂਪਲਾਂ ਦਾ ਟੈਸਟ ਹੋ ਚੁੱਕਾ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਮੁਤਾਬਕ 1 ਅਕਤੂਬਰ ਤੱਕ ਦੇਸ਼ ਵਿੱਚ 7 ਕਰੋੜ 67 ਲੱਖ 17 ਹਜ਼ਾਰ 728 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ। ਬੀਤੇ 24 ਘੰਟਿਆਂ ‘ਚ ਭਾਰਤ ਵਿੱਚ 10 ਲੱਖ 97 ਹਜ਼ਾਰ 947 ਸੈਂਪਲ ਟੈਸਟ ਹੋਏ ਹਨ।