ਕੋਰੋਨਾ ਤੋਂ ਬਾਅਦ ਹੁਣ ਚੀਨ ‘ਚ ‘ਬਿਊਬੋਨਿਕ ਪਲੇਗ’ ਦਾ ਖਤਰਾ

663
Share

-ਦੁਨੀਆਂ ਭਰ ‘ਚ ਚੇਤਾਵਨੀ ਜਾਰੀ
ਬੀਜਿੰਗ, 6 ਜੁਲਾਈ (ਪੰਜਾਬ ਮੇਲ)- ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਹੀ ਦੁਨੀਆਂ ਲਈ ਇਕ ਹੋਰ ਬੁਰੀ ਖਬਰ ਹੈ। ਹੁਣ ਇਕ ਵਾਰ ਫਿਰ ਚੀਨ ਤੋਂ ਇਕ ਖਤਰਨਾਕ ਅਤੇ ਜਾਨਲੇਵਾ ਬੀਮਾਰੀ ਫੈਲਣ ਦਾ ਖਤਰਾ ਹੈ। ਇਸ ਬੀਮਾਰੀ ਨੇ ਪਹਿਲਾਂ ਵੀ ਪੂਰੀ ਦੁਨੀਆਂ ਵਿਚ ਲੱਖਾਂ ਲੋਕਾਂ ਦੀ ਜਾਨ ਲਈ ਹੈ। ਇਸ ਜਾਨਲੇਵਾ ਬੀਮਾਰੀ ਦਾ ਦੁਨੀਆ ਵਿਚ ਤਿੰਨ ਵਾਰ ਹਮਲਾ ਹੋ ਚੁੱਕਾ ਹੈ। ਪਹਿਲੀ ਵਾਰ ਇਸ ਨੇ 5 ਕਰੋੜ, ਦੂਜੀ ਵਾਰ ਪੂਰੀ ਯੂਰਪ ਦੀ ਇਕ ਤਿਹਾਈ ਆਬਾਦੀ ਅਤੇ ਤੀਜੀ ਵਾਰ 80 ਹਜ਼ਾਰ ਲੋਕਾਂ ਦੀ ਜਾਨ ਲਈ ਸੀ। ਹੁਣ ਇਕ ਵਾਰ ਫਿਰ ਇਹ ਬੀਮਾਰੀ ਚੀਨ ‘ਚ ਪੈਦਾ ਹੋ ਰਹੀ ਹੈ। ਇਸ ਨੂੰ ‘ਬਲੈਕ ਡੈੱਥ’ ਜਾਂ ਕਾਲੀ ਮੌਤ ਵੀ ਕਹਿੰਦੇ ਹਨ।
ਇਸ ਬੀਮਾਰੀ ਦਾ ਨਾਮ ਬਿਊਬੋਨਿਕ ਪਲੇਗ ਹੈ। ਉੱਤਰੀ ਚੀਨ ਦੇ ਇਕ ਹਸਪਤਾਲ ‘ਚ ਬਿਊਬੋਨਿਕ ਪਲੇਗ ਦਾ ਮਾਮਲਾ ਆਉਣ ਦੇ ਬਾਅਦ ਇੱਥੇ ਐਲਰਟ ਜਾਰੀ ਕਰ ਦਿੱਤਾ ਗਿਆ ਹੈ। ਚੀਨ ਦੇ ਅੰਦਰੂਨੀ ਮੰਗੋਲੀਆਈ ਆਟੋਮੋਨਜ਼ ਖੇਤਰ, ਬਯਨੁੰਰ ‘ਚ ਪਲੇਗ ਦੀ ਰੋਕਥਾਮ ਅਤੇ ਕੰਟਰੋਲ ਲਈ ਤੀਜੇ ਪੱਧਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਬਿਊਬੋਨਿਕ ਪਲੇਗ ਦਾ ਇਹ ਮਾਮਲਾ ਬਯਨੁੰਰ ਦੇ ਇਕ ਹਸਪਤਾਲ ‘ਚ ਸ਼ਨੀਵਾਰ ਨੂੰ ਸਾਹਮਣੇ ਆਇਆ। ਸਥਾਨਕ ਸਿਹਤ ਵਿਭਾਗ ਨੇ ਇਹ ਚੇਤਾਵਨੀ 2020 ਦੇ ਅਖੀਰ ਤੱਕ ਦੇ ਲਈ ਜਾਰੀ ਕੀਤੀ ਹੈ। ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਇਹ ਬੀਮਾਰੀ ਜੰਗਲੀ ਚੂਹਿਆਂ ‘ਚ ਪਾਏ ਜਾਣ ਵਾਲੇ ਬੈਕਟੀਰੀਆ ਨਾਲ ਹੁੰਦੀ ਹੈ।
ਇਸ ਬੈਕਟੀਰੀਆ ਦਾ ਨਾਮ ਯਰਸੀਨੀਆ ਪੇਸਟਿਸ ਬੈਕਟੀਰੀਅਮ ਹੈ। ਇਹ ਬੈਕਟੀਰੀਆ ਸਰੀਰ ਦੇ ਲਿੰਫ ਨੋਡਸ, ਖੂਨ ਅਤੇ ਫੇਫੜਿਆਂ ‘ਤੇ ਹਮਲਾ ਕਰਦਾ ਹੈ। ਇਸ ਨਾਲ ਉਂਗਲਾਂ ਕਾਲੀਆਂ ਪੈ ਕੇ ਸੜਨ ਲੱਗਦੀਆਂ ਹਨ। ਨੱਕ ਦੇ ਨਾਲ ਵੀ ਅਜਿਹਾ ਹੀ ਹੁੰਦਾ ਹੈ। ਚੀਨ ਦੀ ਸਰਕਾਰ ਨੇ ਬਯਨੁੰਰ ਸ਼ਹਿਰ ‘ਚ ਮਨੁੱਖੀ ਪਲੇਗ ਫੈਲਣ ਦੇ ਖਤਰੇ ਦਾ ਖਦਸ਼ਾ ਜ਼ਾਹਰ ਕੀਤਾ ਹੈ। ਬਿਊਬੋਨਿਕ ਪਲੇਗ ਨੂੰ ਗਿਲਟੀਵਾਲਾ ਪਲੇਗ ਵੀ ਕਹਿੰਦੇ ਹਨ। ਇਸ ‘ਚ ਸਰੀਰ ਵਿਚ ਬਹੁਤ ਤੇਜ਼ ਦਰਦ, ਤੇਜ਼ ਬੁਖਾਰ ਹੁੰਦਾ ਹੈ। ਨਾੜੀ ਤੇਜ਼ ਚੱਲਣ ਲੱਗਦੀ ਹੈ। ਦੋ-ਤਿੰਨ ਦਿਨਾਂ ‘ਚ ਗਿਲਟੀਆਂ ਨਿਕਲਣ ਲੱਗਦੀਆਂ ਹਨ। 14 ਦਿਨਾਂ ਵਿਚ ਇਹ ਗਿਲਟੀਆਂ ਪੱਕ ਜਾਂਦੀਆਂ ਹਨ। ਇਸ ਦੇ ਬਾਅਦ ਸਰੀਰ ਵਿਚ ਜਿਹੜਾ ਦਰਦ ਹੁੰਦਾ ਹੈ ਉਹ ਅੰਤਹੀਣ ਹੁੰਦਾ ਹੈ।
ਬਿਊਬੋਨਿਕ ਪਲੇਗ ਸਭ ਤੋਂ ਪਹਿਲਾਂ ਜੰਗਲੀ ਚੂਹਿਆਂ ਨੂੰ ਹੁੰਦਾ ਹੈ। ਚੂਹਿਆਂ ਦੇ ਮਰਨ ਦੇ ਬਾਅਦ ਇਸ ਪਲੇਗ ਦਾ ਬੈਕਟੀਰੀਆ ਪਿੱਸੂਆਂ ਜ਼ਰੀਏ ਮਨੁੱਖੀ ਸਰੀਰ ਵਿਚ ਦਾਖਲ ਹੋ ਜਾਂਦਾ ਹੈ। ਇਸ ਦੇ ਬਾਅਦ ਜਦੋਂ ਪਿੱਸੂ ਇਨਸਾਨਾਂ ਨੂੰ ਕੱਟਦਾ ਹੈ ਇਹ ਛੂਤਕਾਰੀ ਤਰਲ ਇਨਸਾਨਾਂ ਦੇ ਖੂਨ ਵਿਚ ਛੱਡ ਦਿੰਦਾ ਹੈ। ਫਿਰ ਇਸ ਦੇ ਬਾਅਦ ਇਨਸਾਨ ਬੀਮਾਰ ਹੋਣ ਲੱਗਦਾ ਹੈ। ਚੂਹਿਆਂ ਦਾ ਮਰਨਾ ਸ਼ੁਰੂ ਹੋਣ ਦੇ ਦੋ-ਤਿੰਨ ਹਫਤਿਆਂ ਬਾਅਦ ਮਨੁੱਖ ਵਿਚ ਪਲੇਗ ਫੈਲਦਾ ਹੈ।
ਦੁਨੀਆ ਭਰ ‘ਚ ਬਿਊਬੋਨਿਕ ਪਲੇਗ ਦੇ 2010 ਤੋਂ 2015 ਦੇ ਵਿਚ ਕਰੀਬ 3248 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਹਨਾਂ ਵਿਚੋਂ 584 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹਨਾਂ ਸਾਲਾਂ ਵਿਚ ਜ਼ਿਆਦਾਤਰ ਮਾਮਲੇ ਡੈਮੋਕ੍ਰੈਟਿਕ ਰੀਪਬਲਿਕ ਆਫ ਕਾਂਗੋ, ਮੈਡਾਗਾਸਕਰ, ਪੇਰੂ ‘ਚ ਆਏ ਸਨ। ਇਸ ਤੋਂ ਪਹਿਲਾਂ 1970 ਤੋਂ ਲੈਕੇ 1980 ਤੱਕ ਇਸ ਬੀਮਾਰੀ ਨੂੰ ਚੀਨ, ਭਾਰਤ, ਰੂਸ, ਅਫਰੀਕਾ, ਲੈਟਿਨ ਅਮਰੀਕਾ ਅਤੇ ਦੱਖਣੀ ਅਮਰੀਕੀ ਦੇਸ਼ਾਂ ‘ਚ ਪਾਇਆ ਗਿਆ ਹੈ। ਬਿਊਬੋਨਿਕ ਪਲੇਗ ਨੂੰ 6ਵੀਂ ਅਤੇ 8ਵੀਂ ਸਦੀ ‘ਚ ਪਲੇਗ ਆਫ ਜਸਟੀਨੀਯਨ ਨਾਮ ਦਿੱਤਾ ਗਿਆ ਸੀ। ਇਸ ਬੀਮਾਰੀ ਨੇ ਉਸ ਸਮੇਂ ਪੂਰੀ ਦੁਨੀਆਂ ਵਿਚ ਕਰੀਬ 2.5 ਤੋਂ 5 ਕਰੋੜ ਲੋਕਾਂ ਦੀ ਜਾਨ ਲਈ ਸੀ।
ਬਿਊਬੋਨਿਕ ਪਲੇਗ ਦਾ ਦੂਜਾ ਹਮਲਾ ਦੁਨੀਆਂ ‘ਤੇ 1347 ਵਿਚ ਹੋਇਆ। ਉਦੋਂ ਇਸ ਨੂੰ ਬਲੈਕ ਡੈੱਥ ਦਾ ਨਾਮ ਦਿੱਤਾ ਗਿਆ ਸੀ। ਇਸ ਦੌਰਾਨ ਇਸ ਨੇ ਯੂਰਪ ਦੀ ਇਕ ਤਿਹਾਈ ਆਬਾਦੀ ਨੂੰ ਖਤਮ ਕਰ ਦਿੱਤਾ ਸੀ। ਇਸ ਬੀਮਾਰੀ ਦਾ ਤੀਜਾ ਹਮਲਾ 1894 ਦੇ ਕਰੀਬ ਹੋਇਆ ਸੀ। ਉਦੋਂ ਇਸ ਨੇ 80 ਹਜ਼ਾਰ ਲੋਕਾਂ ਦੀ ਜਾਨ ਲਈ ਸੀ। ਇਸ ਦਾ ਜ਼ਿਆਦਾਤਰ ਅਸਰ ਹਾਂਗਕਾਂਗ ਦੇ ਨੇੜੇ ਦੇਖਣ ਨੂੰ ਮਿਲਿਆ ਸੀ। ਭਾਰਤ ‘ਚ 1994 ਵਿਚ 5 ਸੂਬਿਆਂ ਵਿਚ ਬਿਊਬੋਨਿਕ ਪਲੇਗ ਦੇ ਕਰੀਬ 700 ਮਾਮਲੇ ਆਏ ਸਨ। ਇਨ੍ਹਾਂ ਵਿਚੋਂ 52 ਲੋਕਾਂ ਦੀ ਮੌਤ ਹੋਈ ਸੀ।


Share