ਕੋਰੋਨਾ ਤੋਂ ਬਚਣ ਲਈ ਈਰਾਨ ‘ਚ ਹਜ਼ਾਰਾਂ ਲੋਕਾਂ ਨੇ ਪੀਤੀ ਮੀਥੇਨੌਲ; 700 ਤੋਂ ਵਧੇਰੇ ਮੌਤਾਂ

353
Share

ਤੇਹਰਾਨ, 29 ਅਪ੍ਰੈਲ (ਪੰਜਾਬ ਮੇਲ)- ਕੋਵਿਡ-19 ਮਹਾਮਾਰੀ ਕਾਰਨ ਪੂਰੀ ਦੁਨੀਆਂ ਵਿਚ ਖੌਫ ਦਾ ਮਾਹੌਲ ਹੈ। ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਰਕਾਰਾਂ ਮਹੱਤਵਪੂਰਣ ਕਦਮ ਚੁੱਕ ਰਹੀਆਂ ਹਨ। ਇਸ ਵਾਇਰਸ ਤੋਂ ਬਚਣ ਦਾ ਜਿਵੇਂ ਹੀ ਕੋਈ ਦਾਅਵਾ ਕੀਤਾ ਜਾਂਦਾ ਹੈ, ਲੋਕ ਜਾਣਕਾਰੀ ਦੀ ਘਾਟ ‘ਚ ਗਲਤ ਚੀਜ਼ਾਂ ਵੀ ਖਾ-ਪੀ ਰਹੇ ਹਨ। ਅਜਿਹੇ ਵਿਚ ਫੈਲੀ ਇਕ ਝੂਠੀ ਅਫਵਾਹ ਕਾਰਨ ਈਰਾਨ ‘ਚ ਹਜ਼ਾਰਾਂ ਲੋਕਾਂ ਨੇ ਮੀਥੇਨੌਲ ਪੀ ਲਈ, ਜਿਸ ਕਾਰਨ 700 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ।
ਅਸਲ ‘ਚ ਇੱਥੇ ਅਫਵਾਹ ਫੈਲ ਗਈ ਸੀ ਕਿ ਮੀਥੇਨੌਲ ਪੀ ਲੈਣ ਨਾਲ ਕੋਰੋਨਾਵਾਇਰਸ ਨਹੀਂ ਫੈਲਦਾ। ਇਸ ਅਫਵਾਹ ਸੁਣਦੇ ਹੀ ਵੱਡੀ ਗਿਣਤੀ ‘ਚ ਲੋਕਾਂ ਨੇ ਜ਼ਹਿਰੀਲਾ ਮੀਥੇਨੌਲ ਪੀ ਲਿਆ, ਜਿਸ ਮਗਰੋਂ ਇੱਥੇ ਕਰੀਬ 728 ਲੋਕਾਂ ਨੇ ਦਮ ਤੋੜ ਦਿੱਤਾ। ਈਰਾਨ ਦੇ ਸਿਹਤ ਮੰਤਰਾਲੇ ਦੇ ਸਲਾਹਕਾਰ ਹੋਸੈਨ ਹਸੈਨਿਯਨ ਦੇ ਮੁਤਾਬਕ ਵੱਖ-ਵੱਖ ਮਾਧਿਅਮਾਂ ਵਿਚ ਮੌਤ ਦੇ ਅੰਕੜਿਆਂ ਨੂੰ ਲੈ ਕੇ ਫਰਕ ਹੈ ਕਿਉਂਕਿ ਜ਼ਹਿਰੀਲੀ ਸ਼ਰਾਬ ਪੀਣ ਵਾਲੇ ਕਰੀਬ 200 ਪੀੜਤਾਂ ਦੀ ਮੌਤ ਹਸਪਤਾਲ ਦੇ ਬਾਹਰ ਹੋਈ ਸੀ।
ਬੀਤੇ ਸਾਲ ਅਪ੍ਰੈਲ ਦੇ ਮਹੀਨੇ ‘ਚ ਜਾਰੀ ਇਕ ਸਰਕਾਰੀ ਰਿਪੋਰਟ ਦੇ ਮੁਤਾਬਕ ਕੋਰੋਨਾਵਾਇਰਸ ਦੇ ਕਾਰਨ ਈਰਾਨ ਵਿਚ ਪਿਛਲੇ ਸਾਲ ਦੇ ਮੁਕਾਬਲੇ 10 ਗੁਣਾ ਜ਼ਿਆਦਾ ਜ਼ਹਿਰੀਲਾ ਸ਼ਰਾਬ ਪੀਣ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਰਾਸ਼ਟਰੀ ਅਥਾਰਿਟੀ ਨੇ ਇਸ ਘਟਨਾ ਨੂੰ ਲੈ ਕੇ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਦੇ ਕਾਰਨ 20 ਫਰਵਰੀ ਤੋਂ 7 ਅਪ੍ਰੈਲ ਦੇ ਵਿਚ 728 ਈਰਾਨੀਆਂ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਪਿਛਲੇ ਸਾਲ ਸ਼ਰਾਬ ਦੇ ਜ਼ਹਿਰ ਨਾਲ ਸਿਰਫ 66 ਮੌਤਾਂ ਹੋਈਆਂ ਸਨ।
ਸਥਾਨਕ ਸਟੇਟ ਟੀ.ਵੀ. ਨੇ ਈਰਾਨੀ ਸਿਹਤ ਮੰਤਰਾਲੇ ਦੇ ਬੁਲਾਰੇ ਕਿਨਯੌਸ ਜਹਾਨਪੁਰ ਦੇ ਹਵਾਲੇ ਨਾਲ ਦੱਸਿਆ ਕਿ ਜ਼ਹਿਰੀਲੀ ਮੀਥੇਨੌਲ ਸ਼ਰਾਬ ਪੀਣ ਕਾਰਨ 525 ਲੋਕਾਂ ਦੀ ਮੌਤ ਹੋ ਗਈ ਹੈ। ਜਹਾਨਪੁਰ ਨੇ ਦੱਸਿਆ ਕਿ ਮੀਥੇਨੌਲ ਸ਼ਰਾਬ ਜ਼ਰੀਏ ਕੁੱਲ 5,011 ਲੋਕਾਂ ਨੂੰ ਜ਼ਹਿਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਇਸ ਸਮੇਂ ਈਰਾਨ ਵਿਚ ਲਗਭਗ ਸ਼ਰਾਬ ਦੀਆਂ 40 ਫੈਕਟਰੀਆਂ ਹਨ ਪਰ ਇਹ ਸਾਰੀਆਂ ਫੈਕਟਰੀਆਂ ਸ਼ਰਾਬ ਦੇ ਉਤਪਾਦਨ ਦੀ ਜਗ੍ਹਾ ਸੈਨੇਟਾਈਜ਼ਰ ਅਤੇ ਕੋਰੋਨਾਵਾਇਰਸ ਨਾਲ ਲੜਨ ਵਿਚ ਮਦਦ ਕਰਨ ਵਾਲੇ ਸਾਮਾਨਾਂ ਦਾ ਉਤਪਾਦਨ ਕਰਨ ਵਿਚ ਜੁਟੀਆਂ ਹੋਈਆਂ ਹਨ। ਇੱਥੇ ਦੱਸ ਦਈਏ ਕਿ ਈਰਾਨ ਵੀ ਕੋਰੋਨਾ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਸ ਸਮੇਂ ਈਰਾਨ ਵਿਚ ਇਸ ਮਹਾਮਾਰੀ ਕਾਰਨ 6 ਹਜ਼ਾਰ ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 92 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਨਾਲ ਪ੍ਰਭਾਵਿਤ ਹਨ।


Share