‘ਕੋਰੋਨਾ ’ਤੇ ਕਾਬੂ ਅਤੇ ਵੈਕਸੀਨ ਸਬੰਧੀ ਅਫਵਾਹਾਂ ਨੂੰ ਰੋਕਣ ਲਈ ਨੌਜਵਾਨ ਵਰਗ ਅੱਗੇ ਆਵੇ’

81
ਸੁਖਵਿੰਦਰ ਬਿੰਦਰਾ
Share

ਲੁਧਿਆਣਾ, (ਪੰਜਾਬ ਮੇਲ)- ਮਿੰਨੀ ਸਕੱਤਰੇਤ ਸਥਿਤ ਬਚਤ ਭਵਨ ’ਚ ਹੋਏ ਮਿਸ਼ਨ ਫਤਿਹ2 ਦੇ ਵਰਚੁਅਲ ਪ੍ਰੋਗਰਾਮ ’ਚ ਡੀ. ਸੀ. ਵਰਿੰਦਰ ਸ਼ਰਮਾ, ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਬਿੰਦਰਾ ਅਤੇ ਵਿਧਾਇਕ ਸੁਰਿੰਦਰ ਡਾਬਰ ਨੇ ਪੇਂਡੂ ਖੇਤਰਾਂ ’ਚ ਫੈਲ ਰਹੀ ਕੋਰੋਨਾ ਬੀਮਾਰੀ ਖ਼ਿਲਾਫ਼ ਨੌਜਵਾਨਾਂ ਨੂੰ ਅੱਗੇ ਆ ਕੇ ਅਤੇ ਵਧ-ਚੜ੍ਹ ਕੇ ਜਾਗਰੂਕਤਾ ਮੁਹਿੰਮ ’ਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਆ।
ਸੂਬੇ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ‘ਕੋਰੋਨਾ ਮੁਕਤ ਪੰਜਾਬ’ ਮੁਹਿੰਮ ਅਧੀਨ ਮਿਸ਼ਨ ਫਤਿਹ-2 ਅਧੀਨ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀ.ਸੀ. ਸ਼ਰਮਾ, ਬਿੰਦਰਾ ਅਤੇ ਡਾਬਰ ਨੇ ਕਿਹਾ ਕਿ ਭਾਰਤ ’ਚ ਪੂਰੀ ਦੁਨੀਆ ਤੋਂ ਜ਼ਿਆਦਾ ਨੌਜਵਾਨਾਂ ਦੀ ਆਬਾਦੀ ਹੈ। ਵਿਦੇਸ਼ਾਂ ’ਚ ਵੀ ਆਪਣੀ ਸਖਤ ਮਿਹਨਤ ਅਤੇ ਪੱਕੇ ਵਿਸ਼ਵਾਸ ਦੇ ਸਹਾਰੇ ਕਾਮਯਾਬੀ ਦੇ ਨਵੇਂ ਰਿਕਾਰਡ ਸਥਾਪਿਤ ਕਰਨ ’ਚ ਸਫਲ ਭਾਰਤੀ ਨੌਜਵਾਨ ਜੇਕਰ ਕੋਰੋਨਾ ਮਹਾਮਾਰੀ ਖ਼ਿਲਾਫ਼ ਮੁਹਿੰਮ ਛੇੜ ਦੇਣ, ਤਾਂ ਥੋੜ੍ਹੇ ਹੀ ਸਮੇਂ ’ਚ ਇਸ ਆਫ਼ਤ ’ਤੇ ਪੂਰੀ ਤਰ੍ਹਾਂ ਕਾਬੂ ਪਾਇਆ ਜਾ ਸਕਦਾ ਹੈ।
ਮੀਟਿੰਗ ਕਰਦੇ ਡੀ.ਸੀ. ਸ਼ਰਮਾ, ਚੇਅਰਮੈਨ ਸੁਖਵਿੰਦਰ ਬਿੰਦਰਾ ਅਤੇ ਵਿਧਾਇਕ ਡਾਬਰ ਸਟਿੱਕਰ ਜਾਰੀ ਕਰਦੇ ਹੋਏ ਮੇਅਰ ਸੰਧੂ।

ਉਨ੍ਹਾਂ ਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਇਸ ਆਫ਼ਤ ਦੀ ਘੜੀ ’ਚ ਉਨ੍ਹਾਂ ਦੇ ਮੋਢਿਆਂ ’ਤੇ ਵੱਡੀ ਜ਼ਿੰਮੇਵਾਰੀ ਆ ਚੁੱਕੀ ਹੈ। ਕੋਰੋਨਾ ਵੈਕਸੀਨ ਸਬੰਧੀ ਲੋਕਾਂ ’ਚ ਖਾਸ ਕਰਕੇ ਪੇਂਡੂ ਇਲਾਕਿਆਂ ’ਚ ਰਹਿਣ ਵਾਲੇ ਪਰਿਵਾਰਾਂ ਵਿਚ ਜੋ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਉਨ੍ਹਾਂ ਤੋਂ ਲੋਕਾਂ ਨੂੰ ਬਚਾਉਣ ਅਤੇ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨ ’ਚ ਨੌਜਵਾਨ ਸ਼ਾਨਦਾਰ ਭੂਮਿਕਾ ਅਦਾ ਕਰ ਸਕਦੇ ਹਨ। ਮੀਟਿੰਗ ’ਚ ਹਾਜ਼ਰ ਮੇਅਰ ਬਲਕਾਰ ਸੰਧੂ, ਮੀਡੀਅਮ ਇੰਡਸਟਰੀ ਬੋਰਡ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ, ਵਿਕਾਸ ਕਾਰਪੋਰੇਸ਼ਨ ਦੇ ਚੇਅਰਮੈਨ ਕੇ.ਕੇ. ਬਾਵਾ, ਬੈਂਕ ਫਿੰਕੋ ਦੇ ਉਪ ਚੇਅਰਮੈਨ ਮੁਹੰਮਦ ਗੁਲਾਬ, ਏ.ਡੀ.ਸੀ. (ਵਿਕਾਸ) ਸੰਦੀਪ ਕੁਮਾਰ ਨੇ ਕਿਹਾ ਕਿ ਮੌਜੂਦਾ ਹਾਲਾਤ ਵਿਚ ਨੌਜਵਾਨ ਵਰਗ ਲੋਕਾਂ ਨੂੰ ਟੀਕਾਕਰਨ ਪ੍ਰਤੀ ਪ੍ਰੇਰਿਤ ਕਰਕੇ ਅਹਿਮ ਭੂਮਿਕਾ ਨਿਭਾਅ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾ ਸਕਦਾ ਹੈ। ਜੇਕਰ ਸਮੇਂ ਸਿਰ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਹੋ ਜਾਂਦਾ ਹੈ, ਤਾਂ ਤੀਜੀ ਲਹਿਰ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ।

ਮੀਟਿੰਗ ਦੌਰਾਨ ਬਿੰਦਰਾ ਨੇ ਦੱਸਿਆ ਕਿ ਪੰਜਾਬ ’ਚ 13800 ਯੂਥ ਕਲੱਬ, 15 ਹਜ਼ਾਰ ਐੱਨ.ਐੱਸ.ਐੱਸ. ਕਲੱਬ ਅਤੇ 600 ਰੈੱਡ ਰਿਬਨ ਕਲੱਬ ਹਨ, ਜਿਨ੍ਹਾਂ ਨਾਲ 15 ਲੱਖ ਦੇ ਕਰੀਬ ਮੈਂਬਰ ਜੁੜੇ ਹੋਏ ਹਨ, ਜੋ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਵਿਚ ਸ਼ਾਨਦਾਰ ਭੂਮਿਕਾ ਅਦਾ ਕਰ ਸਕਦੇ ਹਨ। ਮੀਟਿੰਗ ਦੌਰਾਨ ਪ੍ਰਸ਼ਾਸਨ ਵੱਲੋਂ ਸਟਿੱਕਰ ਵੀ ਜਾਰੀ ਕੀਤਾ ਗਿਆ।

Share