ਚੰਡੀਗੜ੍ਹ, 27 ਅਪ੍ਰੈਲ (ਪੰਜਾਬ ਮੇਲ)- ਕੋਰੋਨਾ ਵਾਇਰਸ ਕਾਰਨ ਸੂਬੇ ਵਿੱਚ ਕਰਫਿਊ ਲਾਉਣ ‘ਚ ਦੇਸ਼ ‘ਚੋਂ ਪਹਿਲੇ ਨੰਬਰ ‘ਤੇ ਰਹਿਣ ਵਾਲੇ ਪੰਜਾਬ ਵਿੱਚ ਹਾਲੇ ਤਕ ਬਿਮਾਰੀ ਦੀ ਜਾਂਚ ਕੀੜੀ ਦੀ ਚਾਲ ਚੱਲ ਰਹੀ ਹੈ। ਮਹੀਨੇ ਤੋਂ ਵੱਧ ਕਰਫਿਊ ਵਿੱਚ ਰਹਿਣ ਵਾਲੇ ਪੰਜਾਬੀਆਂ ਦੇ ਪਿਛਲੇ ਦੋ ਮਹੀਨਿਆਂ ਵਿੱਚ ਸਰਕਾਰ ਪਹਿਲਾਂ ਰੋਜ਼ਾਨਾ 80 ਤੇ ਫਿਰ 1050 ਟੈਸਟ ਹੀ ਕਰ ਪਾ ਰਹੀ ਹੈ। ਸੂਬੇ ਵਿੱਚ ਕੋਰੋਨਾ ਪੌਜ਼ੇਟਿਵ ਲੋਕਾਂ ਦੀ ਗਿਣਤੀ ਵਿੱਚ ਆਏ ਵਿਸਫੋਟਕ ਵਾਧੇ ਕਰਕੇ ਸਰਕਾਰ ਨੇ ਹੁਣ ਰੋਜ਼ਾਨਾ 3800 ਟੈਸਟ ਕਰਨ ਬਾਰੇ ਫੈਸਲਾ ਲੈਣ ਲਈ ਮਜਬੂਰ ਕਰ ਦਿੱਤਾ ਹੈ। ਪੰਜਾਬ ਦੇ ਡਾਕਟਰੀ ਸਿੱਖਿਆ ਤੇ ਖੋਜ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਦੀਆਂ ਲੈਬਾਰਟਰੀਆਂ ਨੇ ਕਰੋਨਾਵਾਇਰਸ ਸਬੰਧੀ 10 ਹਜ਼ਾਰ ਟੈਸਟ ਕਰਨ ਦਾ ਅੰਕੜਾ ਪਾਰ ਕਰ ਲਿਆ ਹੈ। ਇਨ੍ਹਾਂ ਵਿੱਚੋਂ 217 ਟੈਸਟ ਪੌਜ਼ੇਟਿਵ ਆਏ ਸਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਰੋਨਾ ਨੂੰ ਮਾਤ ਦੇਣ ਲਈ ਕੀਤੇ ਗਏ ਪ੍ਰਬੰਧਾਂ ਵਿੱਚ ਹੋਰ ਵਾਧਾ ਕਰਨ ਲਈ ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਵਿਚ ਕਰੋਨਾ ਸਬੰਧੀ ਟੈਸਟ ਕਰਨ ਦੀ ਸਮਰੱਥਾ ਨੂੰ ਰੋਜ਼ਾਨਾ 1050 ਤੋਂ ਵਧਾ ਕੇ 3800 ਕਰਨ ਲਈ ਲੋੜੀਂਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਇਹ ਕੋਸ਼ਿਸ਼ਾਂ ਨੇਪਰੇ ਚੜ੍ਹਨ ਮਗਰੋਂ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਪਟਿਆਲਾ ’ਚ 1400-1400 ਤੇ ਮੈਡੀਕਲ ਕਾਲਜ ਫ਼ਰੀਦਕੋਟ ’ਚ ਇਕ ਹਜ਼ਾਰ ਟੈਸਟ ਹੋਇਆ ਕਰਨਗੇ। ਉੱਧਰ, ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਸੁਸਤ ਜਾਂਚ ਬਾਰੇ ਬਿਆਨ ਦਿੱਤਾ ਹੈ ਕਿ ਟੈਸਟਿੰਗ ਤਾਂ ਇੱਕ ਹਿੱਸਾ ਹੈ, ਅਸਲੀ ਪ੍ਰੇਸ਼ਾਨੀ ਤਾਂ ਅਣਪਛਾਤੇ ਮਰੀਜ਼ਾਂ ਕਰਕੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਜਿਨ੍ਹਾਂ ਵਿੱਚ ਕੋਈ ਵੀ ਲੱਛਣ ਨਹੀਂ ਦਿਖਾਈ ਦੇ ਰਿਹਾ ਅਤੇ ਕਈਆਂ ਵਿੱਚ ਦਿੱਸਣ ਮਗਰੋਂ ਵੀ ਪਤਾ ਲੱਗਣ ਵਿੱਚ ਦੇਰੀ ਹੋ ਰਹੀ ਹੈ।