ਕੋਰੋਨਾ ਟੀਕੇ ਦੀਆਂ ਖੁਰਾਕਾਂ ‘ਚ 3 ਮਹੀਨੇ ਦਾ ਅੰਤਰਾਲ ਹੋ ਸਕਦੈ ਵਧੇਰੇ ਪ੍ਰਭਾਵੀ

439
Share

ਵਾਸ਼ਿੰਗਟਨ, 21 ਫਰਵਰੀ (ਪੰਜਾਬ ਮੇਲ)- ਕੋਰੋਨਾ ਵਾਇਰਸ ਵਿਰੁੱਧ ਆਕਸਫੋਰਡ ਵੈਕਸੀਨ ਦੀਆਂ ਦੋ ਖੁਰਾਕਾਂ ਦਰਮਿਆਨ ਅੰਤਰਾਲ ਨੂੰ ਲੈ ਕੇ ਇਕ ਅਧਿਐਨ ਕੀਤਾ ਗਿਆ ਹੈ। ਇਸ ਦਾ ਦਾਅਵਾ ਹੈ ਕਿ ਛੇ ਹਫਤਿਆਂ ਦੇ ਮੁਕਾਬਲੇ ਦੋ ਡੋਜ਼ ‘ਚ ਤਿੰਨ ਮਹੀਨੇ ਦਾ ਅੰਤਰਾਲ ਰੱਖਣ ਨਾਲ ਇਹ ਵੈਕਸੀਨ ਜ਼ਿਆਦਾ ਪ੍ਰਭਾਵੀ ਹੋ ਸਕਦੀ ਹੈ। ਵੈਕਸੀਨ ਦੀ ਪਹਿਲੀ ਖੁਰਾਕ 76 ਫੀਸਦੀ ਤੱਕ ਸੁਰੱਖਿਆ ਮੁਹੱਈਆ ਕਰਵਾ ਸਕਦੀ ਹੈ। ਲੈਂਸੈੱਟ ਮੈਗਜ਼ੀਨ ‘ਚ ਪ੍ਰੀਖਣ ਦੇ ਤੀਸਰੇ ਪੜਾਅ ਦੇ ਨਤੀਜਿਆਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਦੇ ਮੁਤਾਬਕ ਦੋ ਡੋਜ਼ ਦਰਮਿਆਨ ਸਮੇਂ ਨੂੰ ਤਿੰਨ ਮਹੀਨੇ ਤੱਕ ਵਧਾਇਆ ਜਾ ਸਕਦਾ ਹੈ। ਬ੍ਰਿਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਦੱਸਿਆ ਕਿ ਖੁਰਾਕਾਂ ਦੀ ਇਹ ਸਮੇਂ ਸੀਮਾ ਸੁਰੱਖਿਅਤ ਹੈ। ਟੀਕੇ ਦੀ ਸਪਲਾਈ ਵੀ ਅਜੇ ਸੀਮਿਤ ਹੈ। ਅਜਿਹੇ ‘ਚ ਕਈ ਦੇਸ਼ਾਂ ਨੂੰ ਆਪਣੀ ਆਬਾਦੀ ਦੇ ਵੱਡੇ ਹਿੱਸਿਆਂ ਦਾ ਟੀਕਾਕਰਨ ਤੇਜ਼ ਕਰਨ ‘ਚ ਮਦਦ ਮਿਲ ਸਕਦੀ ਹੈ। ਅਧਿਐਨ ਦੇ ਮੁੱਖ ਖੋਜਕਰਤਾ ਅਤੇ ਆਕਸਫੋਰਡ ਦੇ ਪ੍ਰੋਫੈਸਰ ਐਂਡਿਊ ਪੋਲਰਡ ਨੇ ਕਿਹਾ ਕਿ ਵੈਕਸੀਨ ਦੀ ਸਪਲਾਈ ਕੁਝ ਸਮੇਂ ਲਈ ਸੀਮਿਤ ਰਹਿ ਸਕਦੀ ਹੈ। ਅਜਿਹੇ ‘ਚ ਨੀਤੀ-ਨਿਰਮਾਤਾਵਾਂ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਘੱਟ ਸਮੇਂ ‘ਚ ਜ਼ਿਆਦਾ ਲੋਕਾਂ ਨੂੰ ਟੀਕਾ ਲਾਉਣ ਦਾ ਕਿਹੜਾ ਤਰੀਕਾ ਵਧੀਆ ਹੋ ਸਕਦਾ ਹੈ। ਪੋਲਾਰਡ ਦਾ ਮੰਨਣਾ ਹੈ ਕਿ ਦੋ ਡੋਜ਼ ਨਾਲ ਅੱਧੇ ਲੋਕਾਂ ਦੇ ਟੀਕਾਕਰਨ ਦੀ ਤੁਲਨਾ ‘ਚ ਇਕ ਡੋਜ਼ ਦੇ ਨਾਲ ਜ਼ਿਆਦਾ ਲੋਕਾਂ ਨੂੰ ਵੈਕਸੀਨ ਲਾਉਣ ਦੀ ਨੀਤੀ ਬਿਹਤਰ ਹੈ। ਖਾਸਤੌਰ ‘ਤੇ ਉਨ੍ਹਾਂ ਥਾਵਾਂ ‘ਤੇ ਜਿਥੇ ਆਕਸਫੋਰਡ ਵੈਕਸੀਨ ਦੀ ਸਪਲਾਈ ਸੀਮਿਤ ਹੈ।


Share