ਕੋਰੋਨਾ ਟੀਕਾ ਨਾ ਲਵਾਉਣ ਕਾਰਨ ਹਜ਼ਾਰਾਂ ਅਮਰੀਕੀ ਫੌਜੀਆਂ ’ਤੇ ਮੰਡਰਾਅ ਰਿਹੈ ਬਰਖਾਸਤਗੀ ਦਾ ਖਤਰਾ

65
Share

ਵਾਸ਼ਿੰਗਟਨ, 28 ਜੂਨ (ਪੰਜਾਬ ਮੇਲ)- ਅਮਰੀਕਾ ’ਚ ‘ਆਰਮੀ ਨੈਸ਼ਨਲ ਗਾਰਡ’ ਦੇ ਕਰੀਬ 40 ਹਜ਼ਾਰ ਫੌਜੀਆਂ ਨੇ ਕੋਰੋਨਾ ਦੇ ਬਚਾਅ ਲਈ ਵੀਰਵਾਰ ਨੂੰ ਤੈਅ ਅੰਤਿਮ ਸਮੇਂ-ਸੀਮਾ ਤੱਕ ਜ਼ਰੂਰੀ ਰੂਪ ਨਾਲ ਟੀਕਾ ਲਵਾਉਣ ਦੀ ਸ਼ਰਤ ਨੂੰ ਪੂਰਾ ਨਹੀਂ ਕੀਤਾ, ਜਦਕਿ 14 ਹਜ਼ਾਰ ਫੌਜੀਆਂ ਨੇ ਟੀਕਾ ਲਵਾਉਣ ਤੋਂ ਸਾਫ ਤੌਰ ’ਤੇ ਇਨਕਾਰ ਕਰ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ’ਤੇ ਬਰਖਾਸਤੀ ਦਾ ਖਤਰਾ ਮੰਡਰਾਅ ਰਿਹਾ ਹੈ। ਅਮਰੀਕਾ ਦੇ ਆਰਮੀ ਨੈਸ਼ਨਲ ਗਾਰਡ ’ਚ ਟੀਕਾ ਨਾ ਲਵਾਉਣ ਵਾਲੇ 40 ਹਜ਼ਾਰ ਫੌਜੀ ਕੁੱਲ ਫੌਜੀਆਂ ਦੇ 13 ਫੀਸਦੀ ਹਨ।
ਐਸੋਸੀਏਟੇਡ ਪ੍ਰੈੱਸ (ਏ.ਪੀ.) ਨੂੰ ਮਿਲੇ ਅੰਕੜਿਆਂ ਮੁਤਾਬਕ 6 ਸੂਬੇ ਅਜਿਹੇ ਹਨ, ਜਿਥੇ 20 ਤੋਂ 30 ਫੀਸਦੀ ਫੌਜੀਆਂ ਨੇ ਟੀਕਾਕਰਨ ਨਹੀਂ ਕਰਵਾਇਆ ਹੈ, ਜਦਕਿ 43 ਸੂਬਿਆਂ ’ਚ ਅਜਿਹੇ ਫੌਜੀਆਂ ਦੀ ਗਿਣਤੀ 10 ਫੀਸਦੀ ਤੋਂ ਜ਼ਿਆਦਾ ਹੈ। ਗਾਰਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਸਮੇਂ ’ਤੇ ਟੀਕਾ ਲਵਾਉਣ ਲਈ ਫੌਜੀਆਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਰੀਬ ਸੱਤ ਹਜ਼ਾਰ ਫੌਜੀਆਂ ਨੇ ਟੀਕਾਕਰਨ ਤੋਂ ਛੋਟ ਦੇਣ ਦੀ ਮੰਗ ਕੀਤੀ ਹੈ, ਜਿਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਨ੍ਹਾਂ ’ਚੋਂ ਲਗਭਗ ਸਾਰਿਆਂ ਨੇ ਧਾਰਮਿਕ ਕਾਰਨਾਂ ਕਰਕੇ ਟੀਕਾਕਰਨ ਤੋਂ ਇਨਕਾਰ ਕੀਤਾ ਹੈ। ਆਰਮੀ ਨੈਸ਼ਨਲ ਗਾਰਡ ਦੇ ਲੈਫਟੀਨੈਂਟ ਜਨਰਲ ਜਾਨ ਜੇਨਸੇਨ ਨੇ ਏ.ਪੀ. ਨੂੰ ਦਿੱਤੇ ਇੰਟਰਵਿਊ ’ਚ ਕਿਹਾ ਕਿ ਅਸੀਂ ਉਹ ਸਾਰਾ ਕੁਝ ਕਰ ਰਹੇ ਹਾਂ, ਜਿਸ ਨਾਲ ਸਾਰੇ ਫੌਜੀਆਂ ਨੂੰ ਟੀਕਾ ਲਵਾਉਣ ਅਤੇ ਆਪਣਾ ਫੌਜੀ ਕਰੀਅਰ ਜਾਰੀ ਰੱਖਣ ਦਾ ਮੌਕਾ ਮਿਲੇ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਕੋਸ਼ਿਸ਼ ਉਸ ਸਮੇਂ ਤੱਕ ਨਹੀਂ ਛੱਡ ਰਹੇ, ਜਦ ਤੱਕ ਕਿ ਵੱਖ ਹੋਣ ਦੀ ਕਾਗਜ਼ੀ ਕਾਰਵਾਈ ਪੂਰੀ ਨਹੀਂ ਹੋ ਜਾਂਦੀ।

Share