ਕੋਰੋਨਾ ‘ਚ ਸੇਵਾ ਨੇ ਦੁਨੀਆਂ ‘ਚ ਸਿੱਖਾਂ ਦਾ ਨਾਂ ਚਮਕਾਇਆ

885
Share

-ਗੁਰਜਤਿੰਦਰ ਸਿੰਘ ਰੰਧਾਵਾ, ਸੈਕਰਾਮੈਂਟੋ, ਕੈਲੀਫੋਰਨੀਆ : 916-320-9444
ਦੁਨੀਆਂ ਭਰ ਵਿਚ ਪਿਛਲੇ ਦੋ ਮਹੀਨੇ ਤੋਂ ਕੋਰੋਨਾਵਾਇਰਸ ਨੇ ਕੋਹਰਾਮ ਮਚਾ ਰੱਖਿਆ ਹੈ। ਲੱਖਾਂ ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ ਅਤੇ ਲੱਖਾਂ ਬੰਦੇ ਜਾਨ ਤੋਂ ਹੱਥ ਧੋ ਬੈਠੇ ਹਨ। ਸਭ ਤੋਂ ਵੱਡੀ ਗੱਲ ਇਹ ਕਿ ਪੂਰੀ ਦੁਨੀਆਂ ਇਸ ਵੇਲੇ ਇਸ ਲਾ-ਇਲਾਜ ਵਾਇਰਸ ਤੋਂ ਬੁਰੀ ਤਰ੍ਹਾਂ ਭੈਅਭੀਤ ਹੈ। ਲੋਕ ਆਪਣਿਆਂ ਦੇ ਨੇੜੇ ਜਾਣ ਤੋਂ ਤ੍ਰਹਿੰਦੇ ਹਨ। ਸਰਕਾਰਾਂ ਵੀ ਲਗਾਤਾਰ ਇਹ ਨਸੀਹਤਾਂ ਦੇ ਰਹੀਆਂ ਹਨ ਕਿ ਇਸ ਇਲਾਜ ਤੋਂ ਬਚਣ ਦਾ ਵੱਡਾ ਤਰੀਕਾ ਇਕ-ਦੂਜੇ ਤੋਂ ਸਰੀਰਕ ਦੂਰੀ ਰੱਖਣਾ ਹੈ। ਇਸੇ ਕਾਰਨ ਅੱਜ ਪੂਰੀ ਦੁਨੀਆਂ ਵੱਡੇ ਪੱਧਰ ਉੱਤੇ ਘਰਾਂ ਅੰਦਰ ਵੜੀ ਹੋਈ ਹੈ। ਸਭ ਧਰਮਾਂ ਦੇ ਧਾਰਮਿਕ ਅਸਥਾਨ ਦਰਵਾਜ਼ੇ ਬੰਦ ਕਰੀਂ ਬੈਠੇ ਹਨ। ਪਰ ਜਿਸ ਤਰ੍ਹਾਂ ਕੋਰੋਨਾਵਾਇਰਸ ਦਾ ਅਨੋਖਾ ਵਰਤਾਰਾ ਦੁਨੀਆਂ ਵਿਚ ਚੱਲ ਰਿਹਾ ਹੈ, ਐਨ ਉਸੇ ਤਰ੍ਹਾਂ ਸਿੱਖਾਂ ਦੇ ਧਾਰਮਿਕ ਅਸਥਾਨਾਂ ਅਤੇ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੇ ਵੀ ਪੂਰੀ ਦੁਨੀਆਂ ਵਿਚ ਸਿੱਖੀ ਦੇ ਮੁੱਢਲੇ ਆਦਰਸ਼ਾਂ ਮੁਤਾਬਕ ਸੇਵਾ ਦਾ ਕੰਮ ਪੂਰੀ ਨਿਸ਼ਚਾ ਨਾਲ ਆਰੰਭਿਆ ਹੋਇਆ ਹੈ। ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਵੱਸਦੇ ਸਿੱਖ ਗਰੀਬ ਅਤੇ ਲੋੜਵੰਦਾਂ ਲਈ ਲਗਾਤਾਰ ਨਿਰਵਿਘਨ ਲੰਗਰ ਚਲਾ ਰਹੇ ਹਨ। ਲੋੜਵੰਦਾਂ ਲਈ ਦਵਾਈਆਂ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਅਮਰੀਕਾ ਦੇ ਵੱਡੀ ਗਿਣਤੀ ਰਾਜਾਂ ‘ਚ ਸਿੱਖ ਗੁਰਦੁਆਰੇ ਅਤੇ ਸਿੱਖ ਸੰਸਥਾਵਾਂ ਲੰਗਰ ਦੀ ਸੇਵਾ ਕਰਦੀਆਂ ਰਹੀਆਂ ਹਨ। ਬਹੁਤ ਸਾਰੇ ਟਰੱਕਿੰਗ ਦਾ ਕਾਰੋਬਾਰ ਕਰਨ ਵਾਲੇ ਪੰਜਾਬੀਆਂ ਨੇ ਹਾਈਵੇਜ਼ ਉਪਰ ਲੰਗਰ ਚਲਾਏ। ਅਮਰੀਕਾ ਵਿਚ ਬਹੁਤ ਸਾਰੇ ਪੰਜਾਬੀ ਕਾਰੋਬਾਰੀਆਂ ਨੇ ਕਈ-ਕਈ ਦਿਨ ਆਪਣੇ ਰੈਸਟੋਰੈਂਟਾਂ ਅਤੇ ਹੋਰ ਅਦਾਰਿਆਂ ਤੋਂ ਭੋਜਨ ਮੁਫਤ ਮੁਹੱਈਆ ਕਰਨ ਦੀ ਸੇਵਾ ਕੀਤੀ। ਸਿੱਖਾਂ ਦੀ ਇਸ ਨਿਸ਼ਕਾਮ ਸੇਵਾ ਦੀ ਪ੍ਰਸ਼ੰਸਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਕਰਦੇ ਵੇਖੇ ਗਏ। ਅਨੇਕਾਂ ਰਾਜਾਂ ਦੇ ਗਵਰਨਰਾਂ ਅਤੇ ਅਧਿਕਾਰੀਆਂ ਨੇ ਸਿੱਖਾਂ ਦੀ ਇਸ ਸੇਵਾ ਭਾਵਨਾ ਦੀ ਪੂਰੀ ਤਰ੍ਹਾਂ ਕਦਰ ਅਤੇ ਸਰਾਹਨਾ ਕੀਤੀ। ਕੈਨੇਡਾ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਿੱਖਾਂ ਦੀ ਪੂਰੇ ਦੇਸ਼ ਵਿਚ ਕੀਤੀ ਜਾ ਰਹੀ ਸੇਵਾ ਤੋਂ ਖੁਸ਼ ਹੋ ਕੇ ਵਾਰ-ਵਾਰ ਪ੍ਰਸ਼ੰਸਾ ਕਰਦੇ ਵੇਖੇ ਗਏ। ਬੇਹੱਦ ਔਖੀਆਂ ਘੜੀਆਂ ਵਿਚ ਬਰਤਾਨੀਆ ਅੰਦਰ ਸਿੱਖਾਂ ਨੇ ਹਾਰ ਨਹੀਂ ਮੰਨੀ। ਉਹ ਲੋੜਵੰਦਾਂ ਨੂੰ ਲੰਗਰ ਤੇ ਹੋਰ ਸਹੂਲਤਾਂ ਪ੍ਰਦਾਨ ਕਰਦੇ ਰਹੇ। ਹਾਲਾਂਕਿ ਉਥੇ ਕਰੋਨਾ ਦੀ ਭਿਆਨਕ ਮਾਰ ਤੋਂ ਦਹਿਸ਼ਤ ਵਿਚ ਆਏ ਬਹੁਤ ਸਾਰੇ ਲੋਕ ਚੀਖ-ਪੁਕਾਰ ਕਰ ਰਹੇ ਸਨ ਕਿ ਗੁਰਦੁਆਰੇ ਤੁਰੰਤ ਬੰਦ ਕਰ ਦੇਣੇ ਚਾਹੀਦੇ ਹਨ। ਪਰ ਸਿੱਖੀ ਦੇ ਦਿਆ ਅਤੇ ਸੇਵਾ ਦੇ ਬੁਨਿਆਦੀ ਫਲਸਫੇ ‘ਚ ਲਬਰੇਜ਼ ਸਿੱਖ ਸੰਗਤ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਸੇਵਾਵਾਂ ਜਾਰੀ ਰੱਖੀਆਂ ਤੇ ਬਰਤਾਨੀਆ ਦੀ ਮਹਾਰਾਣੀ ਵੀ ਸਿੱਖਾਂ ਦੀ ਪ੍ਰਸ਼ੰਸਾ ਕਰਨ ਵਿਚ ਪਿੱਛੇ ਨਹੀਂ ਰਹੀ। ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਸਿੱਖਾਂ ਵੱਲੋਂ ਇਸ ਸੰਕਟ ਮੌਕੇ ਪਾਏ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ। ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹੋਰ ਅਨੇਕਾਂ ਮੁਲਕਾਂ ਵਿਚ ਵੀ ਸਿੱਖ ਆਪਣੀ ਸਮਰੱਥਾ ਤੋਂ ਵੱਧ ਹੋ ਕੇ ਸੇਵਾ ਅਤੇ ਸਹਿਯੋਗ ਵਿਚ ਅੱਗੇ ਰਹੇ। ਇੱਥੋਂ ਦੀਆਂ ਸਰਕਾਰਾਂ ਨੇ ਵੀ ਸਿੱਖਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਪੰਜਾਬ ਅੰਦਰ ਸਨੱਅਤਾਂ ਤੇ ਵਪਾਰ ਬੰਦ ਹੋਣ ਕਾਰਨ ਪੰਦਰਾਂ ਲੱਖ ਤੋਂ ਵੱਧ ਪ੍ਰਵਾਸੀ ਮਜ਼ਦੂਰ ਕੰਮਾਂ ਤੋਂ ਵਿਹਲੇ ਹੋ ਗਏ ਸਨ। ਪੂਰੇ ਪੰਜਾਬ ਅੰਦਰ ਗੁਰਦੁਆਰਿਆਂ ਅਤੇ ਹੋਰ ਸਿੱਖ ਸੰਸਥਾਵਾਂ ਨੇ ਇਨ੍ਹਾਂ ਲੋਕਾਂ ਨੂੰ ਲੰਗਰ ਛਕਾਉਣ ਦਾ ਕੰਮ ਪਹਿਲੇ ਦਿਨ ਤੋਂ ਹੀ ਹੱਥ ਲੈ ਲਿਆ ਸੀ। ਜੇਕਰ ਗੁਰਦੁਆਰਿਆਂ ਤੇ ਸਿੱਖ ਸੰਸਥਾਵਾਂ ਪਹਿਲਕਦਮੀ ਨਾ ਕਰਦੀਆਂ, ਤਾਂ ਪੰਜਾਬ ਅੰਦਰ ਵੀ ਪ੍ਰਵਾਸੀ ਮਜ਼ਦੂਰਾਂ ਲਈ ਅੰਨ ਦਾ ਵੱਡਾ ਸੰਕਟ ਖੜ੍ਹਾ ਹੋ ਜਾਣਾ ਸੀ। ਪੰਜਾਬ ਦੇ ਪਿੰਡਾਂ ਅੰਦਰ ਬਾਹਰਲੇ ਮੁਲਕਾਂ ਵਿਚ ਵਸਦੇ ਸਿੱਖਾਂ ਨੇ ਗਰੀਬ ਤੇ ਲੋੜਵੰਦ ਲੋਕਾਂ ਨੂੰ ਲਗਾਤਾਰ ਰਾਸ਼ਨ ਪਹੁੰਚਾਏ ਜਾਣ ਵਿਚ ਬੜਾ ਵੱਡਾ ਯੋਗਦਾਨ ਪਾਇਆ ਹੈ ਅਤੇ ਅਜੇ ਵੀ ਪਾਇਆ ਜਾ ਰਿਹਾ ਹੈ।
ਦਿੱਲੀ ਵਿਚ ਪਹਿਲੇ ਦਿਨ ਤੋਂ ਹੀ ਗੁਰਦੁਆਰਿਆਂ ਨੇ ਉਥੇ ਫਸੇ ਲੋਕਾਂ ਅਤੇ ਬੇਰੁਜ਼ਗਾਰ ਹੋ ਗਏ ਪ੍ਰਵਾਸੀ ਮਜ਼ਦੂਰਾਂ ਦੇ ਮੂੰਹ ਅੰਨ ਪਾਉਣ ਲਈ ਗੋਲਕ ਦੇ ਮੂੰਹ ਖੋਲ੍ਹ ਦਿੱਤੇ ਸਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰ ਬੰਗਲਾ ਸਾਹਿਬ ਤੋਂ ਹਰ ਰੋਜ਼ 1 ਲੱਖ ਤੋਂ ਵਧੇਰੇ ਲੋਕਾਂ ਨੂੰ ਲੰਗਰ ਛਕਾਏ ਜਾਣ ਦਾ ਵੱਡਾ ਕ੍ਰਿਸਮਾ ਕਰ ਦਿਖਾਇਆ ਹੈ। ਭਾਰਤ ਦੇ ਹੋਰਨਾਂ ਅਨੇਕ ਸੂਬਿਆਂ ਵਿਚ ਵੀ ਗੁਰਦੁਆਰਿਆਂ ਅਤੇ ਸਿੱਖ ਜਥੇਬੰਦੀਆਂ ਨੇ ਪੂਰੀ ਸੇਵਾ ਭਾਵਨਾ ਨਾਲ ਥਾਂ-ਥਾਂ ਲੰਗਰ ਚਲਾਏ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਦੀ ਇਸ ਸੇਵਾ ਦੀ ਪ੍ਰਸ਼ੰਸਾ ਕਰਨ ਤੋਂ ਪਿੱਛੇ ਨਹੀਂ ਰਹੇ। ਦਿੱਲੀ ਪੁਲਿਸ ਨੇ ਬੰਗਲਾ ਸਾਹਿਬ ਗੁਰਦੁਆਰੇ ਦੀ ਪਰਿਕਰਮਾ ਕਰਕੇ ਸਿੱਖਾਂ ਦੇ ਇਸ ਸੰਕਟ ‘ਚ ਯੋਗਦਾਨ ਦੀ ਨਿਵੇਕਲੀ ਪ੍ਰਸ਼ੰਸਾ ਕੀਤੀ ਹੈ।
ਕਰੋਨਾ ਦੇ ਸੰਕਟ ਵਿਚ ਜਦ ਲੋਕ ਘਰਾਂ ਵਿਚੋਂ ਨਿਕਲਣ ਤੋਂ ਵੀ ਡਰਦੇ ਹਨ, ਤਾਂ ਵੱਡੀ ਗਿਣਤੀ ਵਿਚ ਸਿੱਖ ਸੰਗਤ ਵੱਲੋਂ ਲੰਗਰ ਤਿਆਰ ਕਰਨੇ ਅਤੇ ਲੋੜਵੰਦਾਂ ਨੂੰ ਵਰਤਾਉਣੇ ਕੋਈ ਛੋਟਾ ਜ਼ੋਖਮ ਭਰਿਆ ਕੰਮ ਨਹੀਂ, ਸਗੋਂ ਇਹ ਵੀ ਕੋਰੋਨਾਵਾਇਰਸ ਵਿਰੁੱਧ ਮੁੱਢਲੀ ਕਤਾਰ ਵਿਚ ਹੋ ਕੇ ਲੜਨ ਵਾਲਾ ਕਾਰਜ ਹੀ ਹੈ। ਜੇਕਰ ਰੁਜ਼ਗਾਰ ਤੋਂ ਵਿਹਲੇ ਹੋ ਕੇ ਬੈਠੇ ਲੋਕਾਂ ਨੂੰ ਖਾਣ-ਪੀਣ ਦਾ ਪ੍ਰਬੰਧ ਨਾ ਹੋ ਸਕੇ, ਤਾਂ ਫਿਰ ਉਨ੍ਹਾਂ ਦੇ ਸੜਕਾਂ ਉੱਤੇ ਆ ਉਤਰਨਾ ਸੁਭਾਵਕ ਹੈ। ਸਿੱਖ ਗੁਰਦੁਆਰਿਆਂ ਅਤੇ ਸਿੱਖ ਜਥੇਬੰਦੀਆਂ ਨੇ ਇਸ ਮਾਮਲੇ ਵਿਚ ਬੜਾ ਵੱਡਾ ਅਤੇ ਅਹਿਮ ਰੋਲ ਅਦਾ ਕੀਤਾ ਹੈ।
ਅਸੀਂ ਕਹਿ ਸਕਦੇ ਹਾਂ ਕਿ ਪੂਰੀ ਦੁਨੀਆਂ ਵਿਚ ਜਦ ਵੱਖ-ਵੱਖ ਧਰਮਾਂ ਦੇ ਧਾਰਮਿਕ ਅਸਥਾਨਾਂ ਦੇ ਦਰਵਾਜ਼ੇ ਬੰਦ ਹੋ ਗਏ ਸਨ ਅਤੇ ਉਨ੍ਹਾਂ ਦੇ ਪ੍ਰਚਾਰਕਾਂ ਨੇ ਵੀ ਆਪਣੇ ਘਰਾਂ ਵਿਚ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਸੀ, ਤਾਂ ਦੁਨੀਆਂ ਭਰ ਵਿਚ ਸਿੱਖਾਂ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹ ਹੌਕਾ ਆਇਆ ਸੀ ਕਿ ਗੁਰੂ ਦੀ ਗੋਲਕ ਦਾ ਮੂੰਹ ਗਰੀਬਾਂ ਲਈ ਖੋਲ੍ਹ ਦਿੱਤਾ ਜਾਵੇ। ਭਾਵ ਹਰ ਸਿੱਖ ਧਾਰਮਿਕ ਅਸਥਾਨ ਅਤੇ ਆਮ ਸਿੱਖ ਲੋੜਵੰਦ ਤੇ ਗਰੀਬ ਲੋਕਾਂ ਦੀ ਮਦਦ ਲਈ ਖੁੱਲ੍ਹ ਕੇ ਅੱਗੇ ਆਵੇ। ਇਸੇ ਸੱਦੇ ਉਪਰ ਫੁੱਲ ਚੜ੍ਹਾਉਂਦਿਆਂ ਸੈਂਕੜੇ ਸਿੱਖ ਜਥੇਬੰਦੀਆਂ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਗੁਰਦੁਆਰੇ ਲੋਕਾਂ ਦੀ ਸੇਵਾ ਲਈ ਸਮਰਪਿਤ ਹੋ ਗਏ।
ਭਾਰਤ ਵਿਚ ਡਾ. ਐੱਸ.ਪੀ. ਸਿੰਘ ਓਬਰਾਏ ਦੀ ਅਗਵਾਈ ਵਿਚ ਚੱਲ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਅਮਰੀਕਾ ਵਿਚ ਯੂਨਾਈਟਿਡ ਸਿੱਖਸ, ਯੂਨਾਈਟਿਡ ਸਿੱਖ ਮਿਸ਼ਨ, ਸਿੱਖਸ ਫਾਰ ਹਿਊਮਨਿਟੀ ਸਮੇਤ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਕੋਰੋਨਾ ਦੇ ਸੰਕਟ ਸਮੇਂ ਲੋਕਾਂ ਦੀ ਸੇਵਾ ਵਿਚ ਵੱਡਾ ਯੋਗਦਾਨ ਪਾ ਰਹੀਆਂ ਹਨ। ਇਨ੍ਹਾਂ ਸੰਸਥਾਵਾਂ ਵੱਲੋਂ ਸਿਰਫ ਲੰਗਰ ਹੀ ਨਹੀਂ, ਸਗੋਂ ਮੂਹਰਲੀ ਕਤਾਰ ਵਿਚ ਹੋ ਕੇ ਕੰਮ ਕਰਨ ਵਾਲੇ ਡਾਕਟਰਾਂ ਤੇ ਨਰਸਾਂ ਲਈ ਵੀ ਪੀ.ਪੀ.ਈ. ਕਿੱਟਾਂ ਤੇ ਮਾਸਕ ਤੇ ਹੋਰ ਜ਼ਰੂਰੀ ਵਸਤਾਂ ਵੀ ਦਾਨ ਕੀਤੀਆਂ ਜਾ ਰਹੀਆਂ ਹਨ। ਇੱਥੋਂ ਤੱਕ ਕਿ ਸਰਬੱਤ ਦਾ ਭਲਾ ਟਰੱਸਟ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਸਿਵਲ ਹਸਪਤਾਲਾਂ ਨੂੰ ਵੈਂਟੀਲੇਟਰ ਅਤੇ ਹੋਰ ਲੋੜੀਂਦਾ ਸਾਮਾਨ ਵੀ ਲੈ ਕੇ ਦਿੱਤਾ ਹੈ। ਸਿੱਖ ਪਾਕਿਸਤਾਨ ਵਿਚ ਬਹੁਤ ਹੀ ਛੋਟੀ ਘੱਟ-ਗਿਣਤੀ ਹਨ, ਪਰ ਉਥੇ ਵੀ ਸਿੰਧ ਅਤੇ ਬਲੋਚਿਸਤਾਨ ਸੂਬਿਆਂ ਵਿਚ ਸਿੱਖ ਪਰਿਵਾਰਾਂ ਵੱਲੋਂ ਚਲਾਈ ਲੰਗਰ ਦੀ ਲੜੀ ਖੂਬ ਚਰਚਾ ਵਿਚ ਹੈ।
ਇਸ ਗੱਲ ਦਾ ਇਤਿਹਾਸ ਗਵਾਹ ਹੈ ਕਿ ਸੰਕਟ ਸਮੇਂ ਹੀ ਕੌਮਾਂ ਦੇ ਸਾਹਸ, ਦਿਆ ਅਤੇ ਸੇਵਾ ਦੀ ਪਰਖ ਹੁੰਦੀ ਹੈ। ਸਿੱਖ ਕੌਮ ਪੂਰੀ ਦੁਨੀਆਂ ਵਿਚ ਇਸ ਸਮੇਂ ਪਰਖ ਦੀ ਕਸਵੱਟੀ ਉਪਰ ਖਰੀ ਉਤਰੀ ਹੈ। ਸਿੱਖ ਆਪਣੀ ਵੱਖਰੀ ਪਛਾਣ ਦੀ ਸਥਾਪਤੀ ਲਈ ਕਈ ਦਹਾਕਿਆਂ ਤੋਂ ਵੱਖ-ਵੱਖ ਮੁਲਕਾਂ ਵਿਚ ਯਤਨਸ਼ੀਲ ਸਨ। ਪਰ ਸੰਕਟ ਦੀ ਇਸ ਇਕ ਘੜੀ ਨੇ ਦੁਨੀਆਂ ਭਰ ਵਿਚ ਜਿਸ ਤਰ੍ਹਾਂ ਸਿੱਖ ਪਛਾਣ ਅਤੇ ਇਸ ਦੀ ਦਿਆਲੂ ਅਤੇ ਸੇਵਾ ਦੀ ਭਾਵਨਾ ਨੂੰ ਦੁਨੀਆਂ ਭਰ ਵਿਚ ਸਥਾਪਿਤ ਕੀਤਾ ਹੈ, ਇਹ ਆਪਣੇ ਆਪ ਵਿਚ ਇਕ ਮਿਸਾਲ ਹੈ। ਇਸ ਗੱਲ ਨੂੰ ਕਿਸੇ ਪ੍ਰਮਾਣ ਦੀ ਜ਼ਰੂਰਤ ਨਹੀਂ ਕਿ ਸਿੱਖਾਂ ਦੇ ਕਦਮ ਨਾਲ ਦੁਨੀਆਂ ਭਰ ਵਿਚ ਸਿੱਖਾਂ ਨੇ ਵੱਡਾ ਨਾਮਣਾ ਖੱਟਿਆ ਹੈ। ਇਸੇ ਲਈ ਕਹਿੰਦੇ ਹਨ ਕਿ ਪ੍ਰਚਾਰ ਨਾਲੋਂ ਅਮਲ ਕਿਤੇ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ। ਸ਼ਾਇਦ ਕਈ ਦਹਾਕੇ ਸਿੱਖਾਂ ਦੇ ਪ੍ਰਚਾਰ ਨਾਲ ਸਿੱਖੀ ਦਾ ਇੰਨਾ ਪ੍ਰਸਾਰ ਅਤੇ ਬੋਲਬਾਲਾ ਨਾ ਹੁੰਦਾ, ਜਿੰਨਾ ਇਸ ਸੰਕਟ ਮੌਕੇ ਦੋ ਕੁ ਮਹੀਨਿਆਂ ਵਿਚ ਹੀ ਮਨੁੱਖਤਾ ਦੀ ਸੇਵਾ ਕਰਕੇ ਕਮਾਇਆ ਹੈ। ਸਿੱਖਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਿੱਖੀ ਮਹਿਜ਼ ਸਿਆਸਤ ਚਲਾਉਣਾ ਨਹੀਂ, ਸਗੋਂ ਇਸ ਦਾ ਬੁਨਿਆਦੀ ਕਾਰਜ ਤੇ ਮਿਸ਼ਨ ਮਨੁੱਖੀ ਸੇਵਾ ਹੈ। ਜਿੰਨੇ ਜ਼ੋਰ ਨਾਲ ਸਿੱਖ ਆਪਣੇ ਇਸ ਮਿਸ਼ਨ ਨੂੰ ਪੂਰੇ ਸਮਰਪਣ ਨਾਲ ਨਿਭਾਉਣਗੇ, ਸਿੱਖੀ ਦਾ ਪਸਾਰਾ ਓਨੀ ਹੀ ਤੇਜ਼ੀ ਨਾਲ ਹੋਵੇਗਾ। ਇਸ ਕਰਕੇ ਅੱਜ ਸਿੱਖ ਧਾਰਮਿਕ ਆਗੂਆਂ, ਬੁੱਧੀਜੀਵੀਆਂ ਅਤੇ ਸਿੱਖੀ ਦੇ ਪ੍ਰਸ਼ੰਸਕਾਂ ਦਾ ਫਰਜ਼ ਹੈ ਕਿ ਉਹ ਸਿੱਖੀ ਦੀ ਇਸ ਮੂਲ ਭਾਵਨਾ ਵਾਲੇ ਪਾਸੇ ਮੁੜ ਕੇ ਪੂਰੀ ਦੁਨੀਆਂ ਵਿਚ ਸਿੱਖਾਂ ਦੇ ਬੋਲਬਾਲੇ ਲਈ ਸਰਗਰਮ ਰਹਿਣ।


Share