-ਡਬਲਯੂ.ਐੱਚ.ਓ. ਵੱਲੋਂ ਅਮਰੀਕਾ ਤੇ ਭਾਰਤ ਜਿਹੇ ਕਈ ਮੁਲਕਾਂ ‘ਚ ਵੱਧ ਟੈਸਟਿੰਗ ਨੂੰ ਕੇਸ ਵਧਣ ਦਾ ਕਾਰਨ ਦੱਸਣ ਦਾ ਤਰਕ ਰੱਦ
ਨਵੀਂ ਦਿੱਲੀ, 24 ਜੂਨ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ (ਡਬਲਿਯੂ.ਐੱਚ.ਓ.) ਦਾ ਕਹਿਣਾ ਹੈ ਕਿ ਕੋਵਿਡ-19 ਦੇ ਨਵੇਂ ਕੇਸਾਂ ਵਿਚ ਰੋਜ਼ਾਨਾ ਹੋ ਰਹੇ ਰਿਕਾਰਡ ਵਾਧੇ ਦਾ ਕਾਰਨ ਮਹਾਮਾਰੀ ਦਾ ਵੱਡੇ ਮੁਲਕਾਂ ‘ਚ ਆਇਆ ਸਿਖ਼ਰ ਹੈ ਅਤੇ ਇਸ ਨਾਲ ਵਾਇਰਸ ਦੀ ਆਲਮੀ ਗਤੀਵਿਧੀ ਵਿਚ ਤਬਦੀਲੀ ਨਜ਼ਰ ਆ ਰਹੀ ਹੈ।
ਮੀਡੀਆ ਕਾਨਫਰੰਸ ਮੌਕੇ ਡਬਲਯੂ.ਐੱਚ.ਓ. ਦੇ ਐਮਰਜੈਂਸੀ ਬਾਰੇ ਮੁਖੀ ਡਾ. ਮਾਈਕਲ ਰਿਆਨ ਨੇ ਕਿਹਾ ਕਿ ਗਿਣਤੀ ਇਸ ਕਰਕੇ ਵਧ ਰਹੀ ਹੈ ਕਿਉਂਕਿ ਮਹਾਮਾਰੀ ਸੰਘਣੀ ਵਸੋਂ ਵਾਲੇ ਮੁਲਕਾਂ ਵਿਚ ਫੈਲ ਰਹੀ ਹੈ। ਉਨ੍ਹਾਂ ਅਮਰੀਕਾ ਅਤੇ ਭਾਰਤ ਜਿਹੇ ਕਈ ਮੁਲਕਾਂ ਵਲੋਂ ਵੱਧ ਟੈਸਟਿੰਗ ਨੂੰ ਕੇਸ ਵਧਣ ਦਾ ਕਾਰਨ ਦੱਸਣ ਦੇ ਤਰਕ ਨੂੰ ਰੱਦ ਕੀਤਾ। ਉਨ੍ਹਾਂ ਕਿਹਾ, ”ਅਸੀਂ ਨਹੀਂ ਮੰਨਦੇ ਕਿ ਵਧੇਰੇ ਟੈਸਟਿੰਗ ਕਾਰਨ ਕੇਸ ਵਧ ਰਹੇ ਹਨ।” ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮੁਲਕਾਂ ਵਿਚ ਹਸਪਤਾਲਾਂ ‘ਚ ਮਰੀਜ਼ਾਂ ਦੀ ਗਿਣਤੀ ਅਤੇ ਮੌਤਾਂ ਵਿਚ ਵਾਧਾ ਹੋਇਆ ਹੈ, ਜਿਸ ਨੂੰ ਵੱਧ ਟੈਸਟਿੰਗ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਰਿਆਨ ਨੇ ਕਿਹਾ, ”ਇਹ ਤਬਦੀਲੀ ਜ਼ਰੂਰ ਹੈ ਕਿ ਹੁਣ ਵਾਇਰਸ ਚੰਗੀ ਤਰ੍ਹਾਂ ਸਥਾਪਤ ਹੋ ਚੁੱਕਿਆ ਹੈ। ਹੁਣ ਇਸ ਨੇ ਕਈ ਵੱਡੇ ਮੁਲਕਾਂ ਵੱਲ ਰੁਖ਼ ਕੀਤਾ ਹੈ ਅਤੇ ਇਹ ਸਿਖ਼ਰ ਵੱਲ ਵਧ ਰਿਹਾ ਹੈ।” ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਕਈ ਦੱਖਣ ਏਸ਼ਿਆਈ ਮੁਲਕਾਂ, ਮੱਧ ਪੂਰਬ ਤੇ ਅਫਰੀਕਾ ਵਿਚ ਇਹ ਯਕੀਨੀ ਤੌਰ ‘ਤੇ ਵਧ ਰਿਹਾ ਹੈ।