ਕੋਰੋਨਾ ਕਾਰਨ ਰੋਜ਼ਾਨਾ ਜਨਜੀਵਨ ‘ਚ ਵੱਡੀਆਂ ਤਬਦੀਲੀਆਂ ਆਉਣ ਦੇ ਵੱਡੇ ਅਸਾਰ ਬਣੇ

732
Share

ਦੁਨੀਆ ਆਵਾਜਾਈ ਦੇ ਪੁਰਾਤਨ ਸਾਧਨਾਂ ਵੱਲ ਮੁੜ ਪਰਤੇਗੀ
ਲੁਧਿਆਣਾ, 15 ਜੂਨ (ਪੰਜਾਬ ਮੇਲ)- ਭਾਰਤ ‘ਚ ਪਿਛਲੇ 10 ਦਿਨਾਂ ‘ਚ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ‘ਚ ਇਕ ਲੱਖ ਤੋਂ ਵਧੇਰੇ ਦਾ ਵਾਧਾ ਦੇਸ਼ ਲਈ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਇਆ ਹੈ। ਰੋਜ਼ਾਨਾ 10 ਤੋਂ 12 ਹਜ਼ਾਰ ਕੋਰੋਨਾ ਮਰੀਜ਼ਾਂ ਦੀ ਵੱਧ ਰਹੀ ਗਿਣਤੀ ‘ਚ ਦੇਸ਼ ਦੇ ਵੱਡੇ ਸ਼ਹਿਰਾਂ ਦਾ ਹੀ ਵੱਡਾ ਯੋਗਦਾਨ ਹੈ। ਪੰਜਾਬ ‘ਚ ਵੀ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਮੁਹਾਲੀ ਕੋਰੋਨਾ ਫੈਲਾਉਣ ‘ਚ ਵੱਡਾ ਹਿੱਸਾ ਪਾ ਰਹੇ ਹਨ। ਕੋਰੋਨਾ ਦੀ ਸਥਿਤੀ ‘ਤੇ ਬਾਜ਼-ਨਜ਼ਰ ਰੱਖਣ ਵਾਲੇ ਮਾਹਿਰ ਇਸ ਦਾ ਮੁੱਖ ਕਾਰਨ ਜਨਤਕ ਆਵਾਜਾਈ ਨੂੰ ਮੰਨ ਰਹੇ ਹਨ, ਇਸੇ ਕਾਰਨ ਦੁਨੀਆ ਭਰ ਦੀਆਂ ਸਰਕਾਰਾਂ ਆਵਾਜਾਈ ਦੀ ਸਮੱਸਿਆ ਤੋਂ ਚਿੰਤਤ ਹਨ, ਜਿੱਥੋਂ ਮਹਾਂਮਾਰੀ ਫੈਲਣ ਦੀ ਸਮੱਸਿਆ ਆਰੰਭ ਹੋਈ। ਦੂਜੇ ਸ਼ਹਿਰਾਂ ‘ਚ ਜਾਣ ਲਈ ਕੀਤੇ ਜਾਣ ਵਾਲੇ ਸਫ਼ਰ ਤੋਂ ਪਹਿਲਾਂ ਸਰਕਾਰਾਂ ਨੂੰ ਵਧੇਰੇ ਚਿੰਤਾ ਸ਼ਹਿਰਾਂ ਦੀ ਅੰਦਰੂਨੀ ਆਵਾਜਾਈ ਦੀ ਹੈ, ਜੋ ਹਰ ਸ਼ਹਿਰ ‘ਚ ਅਨੁਮਾਨਤ 5 ਕਿਲੋਮੀਟਰ ਦੇ ਦਾਇਰੇ ‘ਚ ਸੀਮਤ ਹੈ, ਜਿੱਥੇ ਲੋਕ ਕਾਰਾਂ, ਬੱਸਾਂ, ਮੈਟਰੋ ਰੇਲ ਅਤੇ ਆਟੋ ਦੀ ਵਰਤੋਂ ਵਧੇਰੇ ਕਰਦੇ ਹਨ, ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਭਵਿੱਖ ‘ਚ ਦੁਨੀਆਂ ਅੰਦਰ ਰੋਜ਼ਾਨਾ ਦੇ ਜਨ-ਜੀਵਨ ‘ਚ ਵੱਡੀਆਂ ਤਬਦੀਲੀਆਂ ਆਉਣ ਦੇ ਅਸਾਰ ਬਣਦੇ ਜਾ ਰਹੇ ਹਨ। ਮੌਜੂਦਾ ਸਮੇਂ ਦੌਰਾਨ ਭਾਰਤ ਦੇ ਕਈ ਵੱਡੇ ਸ਼ਹਿਰਾਂ ‘ਚ 700 ਕਿਲੋਮੀਟਰ ਦੇ ਦਾਇਰੇ ‘ਚ ਮੈਟਰੋ ਰੇਲ ਅਤੇ 11 ਸ਼ਹਿਰਾਂ ‘ਚ 450 ਕਿਲੋਮੀਟਰ ਬੱਸ ਰੈਪਿਡ ਟਰਾਂਜਸਿਟ ਨੈੱਟਵਰਕ ਚਲਾਇਆ ਜਾਂਦਾ ਹੈ, ਜਿਸ ਰਾਹੀਂ ਰੋਜ਼ਾਨਾ ਇਕ ਕਰੋੜ ਲੋਕਾਂ ਦੀ ਆਵਾਜਾਈ ਹੁੰਦੀ ਹੈ। ਕੋਰੋਨਾਵਾਇਰਸ ਦੀ ਮਹਾਂਮਾਰੀ ਦੌਰਾਨ ਲੋਕ ਆਪਣੇ ਨਿੱਜੀ ਵਾਹਨਾਂ ਦੀ ਵਰਤੋਂ ਕਰ ਰਹੇ ਹਨ। ਇਸ ਦੇ ਮੱਦੇਨਜ਼ਰ ਕੇਂਦਰੀ ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਰਾਜਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਕੋਰੋਨਾ ਦੇ ਫੈਲਣ ਤੋਂ ਰੋਕਣ ਲਈ ਸਾਈਕਲਾਂ ਵਰਗੇ ਗੈਰ-ਮੋਟਰਾਈਜ਼ਡ ਵਾਹਨਾਂ ਨੂੰ ਉਤਸ਼ਾਹਿਤ ਕਰਨ ਅਤੇ ਮੁੜ-ਸੁਰਜੀਤ ਕਰਨ। ਮੰਤਰਾਲੇ ਨੇ ਦੁਨੀਆਂ ਦੇ ਉਨ੍ਹਾਂ ਸ਼ਹਿਰਾਂ ਦੀ ਉਦਾਹਰਨ ਦਿੱਤੀ ਹੈ, ਜਿਨ੍ਹਾਂ ਨੇ ਕੋਵਿਡ-19 ਸੰਕਟ ਦੇ ਮੱਦੇਨਜ਼ਰ ਗੈਰ-ਮੋਟਰਾਈਜ਼ਡ ਆਵਾਜਾਈ ਸਾਧਨਾਂ ਨੂੰ ਉਤਸ਼ਾਹਿਤ ਕੀਤਾ ਹੈ। ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਸਾਈਕਲ ਸਵਾਰਾਂ ਲਈ ਸਰਕਾਰ ਨੇ 65 ਕਿਲੋਮੀਟਰ ਦੀ ਨਵੀਂ ਸਾਈਕਲ ਲੇਨ ਬਣਾਈ ਹੈ ਅਤੇ ਆਕਲੈਂਡ ਨੇ ਮੋਟਰ ਵਾਹਨਾਂ ਲਈ 10 ਪ੍ਰਤੀਸ਼ਤ ਸੜਕਾਂ ਨੂੰ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਕੋਲੰਬੀਆ ਦੇ ਬੋਗਟ ਵਿਖੇ 76 ਕਿਲੋਮੀਟਰ ਸਾਈਕਲਿੰਗ ਲੇਨਾਂ ਦਾ ਨਿਰਮਾਣ ਰਾਤ ਭਰ ‘ਚ ਕੀਤਾ ਗਿਆ ਸੀ। ਇਸੇ ਤਰ੍ਹਾਂ ਨੂੰ ਰਾਜਾਂ ਅਤੇ ਮੈਟਰੋ ਰੇਲ ਕੰਪਨੀਆਂ ਨੂੰ ਸਲਾਹ ਦਿੰਦਿਆਂ ਮੰਤਰਾਲੇ ਨੇ ਕਿਹਾ ਕਿ ਭਾਰਤ ‘ਚ ਗੈਰ-ਮੋਟਰਾਈਜ਼ਡ ਟਰਾਂਸਪੋਰਟ ਸਿਸਟਮ ਨੂੰ ਉਤਸ਼ਾਹਿਤ ਅਤੇ ਮੁੜ ਸੁਰਜੀਤ ਕੀਤਾ ਜਾਣਾ ਚਾਹੀਦਾ ਹੈ। ਸਰਕਾਰੀ ਸਲਾਹਕਾਰ ਕਹਿੰਦਾ ਹੈ, ਕਿਉਂਕਿ ਜ਼ਿਆਦਾਤਰ ਸ਼ਹਿਰੀ ਯਾਤਰਾਵਾਂ ਪੰਜ ਕਿਲੋਮੀਟਰ ਤੋਂ ਘੱਟ ਹਨ, ਇਸ ਲਈ ਗੈਰ-ਮੋਟਰਾਈਜ਼ਡ ਟਰਾਂਸਪੋਰਟਾਂ ਨੂੰ ਦੇਸ਼ ‘ਚ ਪੈਦਾ ਹੋਈ ਕੋਵਿਡ-19 ਸਥਿਤੀ ‘ਚ ਲਾਗੂ ਕਰਨ ਦਾ ਸਹੀ ਮੌਕਾ ਹੈ। ਇਸ ਨੂੰ ਘੱਟ ਲਾਗਤ, ਘੱਟ ਮਨੁੱਖੀ ਸਰੋਤਾਂ ਦੀ ਲੋੜ ਹੁੰਦੀ ਹੈ, ਇਸ ਨੂੰ ਆਸਾਨੀ ਨਾਲ ਲਾਗੂ ਕੀਤਾ ਜਾ ਸਕਦਾ ਹੈ ਅਤੇ ਇਹ ਵਾਤਾਵਰਣ ਦੇ ਅਨੁਕੂਲ ਵੀ ਹੈ। ਜੇ ਦੁਨੀਆਂ ਜਨਤਕ ਪ੍ਰਣਾਲੀ ਨੂੰ ਅਪਣਾਉਂਦੀ ਹੈ, ਤਾਂ ਸਾਈਕਲ ਦੀ ਮੰਗ ਵੱਧ ਜਾਵੇਗੀ, ਕਿਉਂਕਿ ਸਾਈਕਲ ਹੀ ਇਕੱਲੇ ਵਿਅਕਤੀ ਵਾਸਤੇ ਸਭ ਤੋਂ ਸੁਰੱਖਿਅਤ ਸਾਧਨ ਹੈ।
ਪੁਰਾਤਨ ਆਵਾਜਾਈ ਜਨਤਕ ਸਾਧਨਾਂ ਦੀ ਵਰਤੋਂ ‘ਚ ਸਭ ਤੋਂ ਵੱਧ ਸਾਈਕਲਾਂ ਦੀ ਮੰਗ ਵਧਣ ਕਾਰਨ ਅਮਰੀਕਾ ਅਤੇ ਭਾਰਤ ਸਮੇਤ ਬਹੁਤੇ ਦੇਸ਼ਾਂ ‘ਚ ਸਾਈਕਲਾਂ ਦੀ ਥੁੜ ਮਹਿਸੂਸ ਹੋਣ ਲੱਗੀ ਹੈ। ਭਾਰਤ ‘ਚ ਸਾਈਕਲਾਂ ਦੇ ਸ਼ੋਅ-ਰੂਮਾਂ ‘ਚ ਉਤਪਾਦਨ ਦੀ ਤੰਗੀ ਨੂੰ ਵੇਖਦਿਆਂ ਸਾਈਕਲਾਂ ਦੀਆਂ ਕੀਮਤਾਂ 25 ਤੋਂ 30 ਫ਼ੀਸਦੀ ਵੱਧ ਗਈਆਂ ਹਨ। ਇਸ ਦਾ ਕਾਰਨ ਤਿਆਰ ਸਾਈਕਲਾਂ ਦੀ ਘੱਟ ਸਪਲਾਈ ਦੱਸੀ ਜਾ ਰਹੀ ਹੈ।


Share