ਕੋਰੋਨਾ ਕਾਰਨ ਪੰਜਾਬ ਦੇ ਸਕੂਲ ਮੁੜ ਬੰਦ

87
Share

ਐੱਸ. ਏ. ਐੱਸ. ਨਗਰ, 13 ਮਾਰਚ (ਪੰਜਾਬ ਮੇਲ)- ਸਿੱਖਿਆ ਵਿਭਾਗ ਪੰਜਾਬ ਵਲੋਂ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਪ੍ਰਾਈਵੇਟ, ਏਡਿਡ ਤੇ ਸਰਕਾਰੀ ਸਕੂਲਾਂ ਦੇ ਪ੍ਰੀ-ਪ੍ਰਾਇਮਰੀ, ਪਹਿਲੀ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਸਬੰਧੀ ਨਵੀਆਂ ਹਦਾਇਤਾਂ ਕੀਤੀਆਂ ਗਈਆਂ ਹਨ | ਜਿਸ ਅਨੁਸਾਰ ਸਮੂਹ ਜਮਾਤਾਂ ਦੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਲਈ ਛੁੱਟੀਆਂ ਕੀਤੀਆ ਗਈਆਂ ਹਨ | ਇਸ ਸਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਤੇ ਪ੍ਰਾਈਵੇਟ, ਏਡਿਡ ਤੇ ਸਰਕਾਰੀ ਸਕੂਲਾਂ ਦੇ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਪੰਜਾਬ ‘ਚ ਕੋਰੋਨਾ ਦੀ ਮੌਜੂਦਾ ਸਥਿਤੀ ਨੂੰ ਵਿਚਾਰਨ ਉਪਰੰਤ ਕੋਰੋਨਾ ਸਬੰਧੀ ਸਰਕਾਰ ਵਲੋਂ ਸਮੇਂ-ਸਮੇਂ ਸਿਰ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਲਈ ਛੁੱਟੀਆਂ ਕੀਤੀਆਂ ਜਾਂਦੀਆਂ ਹਨ, ਪਰ ਇਨ੍ਹਾਂ ਜਮਾਤਾਂ ਦੇ ਵਿਦਿਆਰਥੀ ਪ੍ਰੀਖਿਆਵਾਂ ਦੀ ਤਿਆਰੀ ਲਈ ਲੋੜ ਅਨੁਸਾਰ ਅਧਿਆਪਕਾਂ ਕੋਲੋਂ ਦਿਸ਼ਾ-ਨਿਰਦੇਸ਼ ਲੈਣ ਲਈ ਸਕੂਲ ਹਾਜ਼ਰ ਹੋ ਸਕਦੇ ਹਨ ਜਦਕਿ ਅਧਿਆਪਕ ਪਹਿਲਾਂ ਵਾਂਗ ਸਕੂਲ ਹਾਜ਼ਰ ਹੋਣਗੇ | 10ਵੀਂ ਤੇ 12ਵੀਂ ਦੀਆਂ ਜਮਾਤਾਂ ਲੱਗਣਗੀਆਂ | ਵਿਭਾਗ ਨੇ ਕਿਹਾ ਕਿ ਸਾਰੀਆਂ ਜਮਾਤਾਂ ਦੇ ਇਮਤਿਹਾਨ ਆਫ਼-ਲਾਈਨ ਲਏ ਜਾਣਗੇ ਪਰ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਕਿ ਇਮਤਿਹਾਨਾਂ ਦੌਰਾਨ ਸਕੂਲ ਵਿਚ ਭੀੜ ਆਦਿ ਨਾ ਹੋਵੇ | ਜਿਥੇ ਕਿਤੇ ਅਧਿਆਪਕ-ਵਿਦਿਆਰਥੀ ਕੋਰੋਨਾ ਪ੍ਰਭਾਵਿਤ ਪਾਏ ਜਾਂਦੇ ਹਨ ਤਾਂ ਸਬੰਧਿਤ ਸਕੂਲ ਨੂੰ ਕੋਰੋਨਾ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ | ਦੂਜੇ ਪਾਸੇ ਅਧਿਆਪਕਾਂ ਦਾ ਕਹਿਣਾ ਹੈ ਕਿ ਜਦੋਂ ਪਹਿਲੀ ਤੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਸੋਮਵਾਰ ਤੋਂ ਸ਼ੁਰੂ ਹੋ ਰਹੀਆਂ ਹਨ ਤਾਂ ਇਨ੍ਹਾਂ ਛੁੱਟੀਆਂ ਦਾ ਕੀ ਮਤਲਬ ਰਹਿ ਜਾਂਦਾ ਹੈ | ਕੋਰੋਨਾ ਦੇ ਵਧ ਰਹੇ ਮਾਮਲਿਆਂ ਕਾਰਨ ਸੂਬੇ ‘ਚ ਹੁਣ ਤੱਕ ਅੱਠ ਜ਼ਿਲਿ੍ਹਆਂ ਜਲੰਧਰ, ਲੁਧਿਆਣਾ, ਮੁਹਾਲੀ, ਫਤਹਿਗੜ੍ਹ ਸਾਹਿਬ, ਪਟਿਆਲਾ, ਨਵਾਂਸ਼ਹਿਰ, ਕਪੂਰਥਲਾ ਅਤੇ ਹੁਸ਼ਿਆਰਪੁਰ ‘ਚ ਰਾਤ ਦਾ ਕਰਫ਼ਿਊ ਲਗਾਇਆ ਗਿਆ ਹੈ |


Share