ਕੋਰੋਨਾ ਕਾਰਨ ਖਰਾਬ ਹੋ ਰਹੇ ਨੇ ਹਾਲਾਤ; ਡਾ. ਐਨਥਨੀ ਫੌਸੀ ਵੱਲੋਂ ਚਿਤਾਵਨੀ

287
Share

* ਟੀਕਾਕਰਣ ਨਾ ਕਰਵਾਉਣ ਵਾਲੇ ਲੋਕ ਫੈਲਾਅ ਰਹੇ ਹਨ ਬਿਮਾਰੀ
ਸੈਕਰਾਮੈਂਟੋ, 2 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਵਾਈਟ ਹਾਊਸ ਦੇ ਸਿਹਤ ਮਾਹਿਰ ਡਾ. ਐਨਥਨੀ ਫੌਸੀ ਨੇ ਚਿਤਾਵਨੀ ਦਿੱਤੀ ਹੈ ਕਿ ਵਧ ਰਹੇ ਕੋਰੋਨਾ ਮਾਮਲਿਆਂ ਕਾਰਨ ਹਾਲਾਤ ਖਰਾਬ ਹੋ ਰਹੇ ਹਨ, ਹਾਲਾਂਕਿ ਅਮਰੀਕਾ ਪਿਛਲੇ ਸਾਲ ਦੀ ਤਰ੍ਹਾਂ ਲਾਕਡਾਊਨ ਲਾਉਣ ਦੀ ਸਥਿਤੀ ਵਿਚ ਨਹੀਂ ਹੈ, ਜਿਸ ਕਾਰਨ ਅਰਥਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਡਾ. ਫੌਸੀ ਨੇ ਕਿਹਾ ਹੈ ਕਿ ਹਾਲਾਂਕਿ ਅੱਧੀ ਅਮਰੀਕਨ ਆਬਾਦੀ ਦੇ ਟੀਕਾਕਰਣ ਹੋ ਚੁੱਕਾ ਹੈ ਪਰ ਇਹ ਕਾਫੀ ਨਹੀਂ ਹੈ। ਮਹਾਮਾਰੀ ਨੂੰ ਖਤਮ ਕਰਨ ਲਈ ਪੂਰੀ ਆਬਾਦੀ ਦੇ ਟੀਕਾਕਰਣ ਜ਼ਰੂਰੀ ਹੈ। ਅਮਰੀਕਾ ’ਚ ਜੁਲਾਈ ਮਹੀਨੇ ਦੌਰਾਨ 13 ਲੱਖ ਨਵੇਂ ਕੋਰੋਨਾ ਮਾਮਲੇ ਰਿਕਾਰਡ ਹੋਏ ਹਨ, ਜੋ ਜੂਨ ਦੀ ਤੁਲਨਾ ਵਿਚ ਤਿੰਨ ਗੁਣਾਂ ਜ਼ਿਆਦਾ ਹਨ। ਡਾ. ਫੌਸੀ ਨੇ ਸਵਿਕਾਰ ਕੀਤਾ ਕਿ ਵੈਕਸੀਨ 100% ਅਸਰਦਾਇਕ ਨਹੀਂ ਹੈ ਤੇ ਕੋਰੋਨਾ ਤੋਂ ਬਚਾਅ ਲਈ ਟੀਕੇ ਲਵਾ ਚੁੱਕੇ ਲੋਕ ਵੀ ਬਿਮਾਰ ਹੋ ਰਹੇ ਹਨ ਪਰੰਤੂ ਟੀਕੇ ਲਵਾ ਚੁੱਕੇ ਲੋਕਾਂ ਨੂੰ ਦੂਸਰੇ ਲੋਕਾਂ ਜਿਨ੍ਹਾਂ ਨੇ ਟੀਕੇ ਨਹੀਂ ਲਵਾਏ ਹਨ, ਦੀ ਤੁਲਨਾ ਵਿਚ ਖਤਰਾ ਘੱਟ ਹੈ। ਟੀਕੇ ਲਵਾ ਚੁੱਕੇ ਲੋਕਾਂ ਦੇ ਗੰਭੀਰ ਬਿਮਾਰ ਹੋਣ ਦੀ ਸੰਭਾਵਨਾ ਘੱਟ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਦਾਖਲ ਲੋਕਾਂ ਤੇ ਮੌਤਾਂ ਤੋਂ ਪਤਾ ਲੱਗਦਾ ਹੈ ਕਿ ਟੀਕਾ ਨਾ ਲਵਾਉਣ ਵਾਲੇ ਲੋਕ ਵਧੇਰੇ ਲਪੇਟ ਵਿਚ ਆਏ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਟੀਕੇ ਨਾ ਲਵਾਉਣ ਵਾਲੇ ਲੋਕ ਬਿਮਾਰੀ ਨੂੰ ਅੱਗੇ ਫੈਲਾਅ ਰਹੇ ਹਨ।

Share