ਕੋਰੋਨਾ ਕਾਰਨ ਕੁਵੈਤ ‘ਚ ਸੈਂਕੜੇ ਪੰਜਾਬੀ ਨੌਜਵਾਨ ਫਸੇ

840
Share

ਕੁਵੈਤ ਸਰਕਾਰ ਦੀਆਂ ਦੋ ਵਿਸ਼ੇਸ਼ ਉਡਾਣਾਂ ਨੂੰ ਉਤਰਨ ਦੀ ਪ੍ਰਵਾਨਗੀ ਨਹੀਂ ਦੇ ਰਹੀ ਪੰਜਾਬ ਸਰਕਾਰ
ਜਲੰਧਰ, 29 ਜੂਨ (ਪੰਜਾਬ ਮੇਲ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਹੋਰਨਾਂ ਮੁਲਕਾਂ ਦੀ ਤਰ੍ਹਾਂ ਕੁਵੈਤ ‘ਚ ਵੀ ਸੈਂਕੜੇ ਪੰਜਾਬੀ ਨੌਜਵਾਨ ਫਸੇ ਹੋਏ ਹਨ। ਉਨ੍ਹਾਂ ਵਲੋਂ ਪਿਛਲੇ ਕਾਫ਼ੀ ਸਮੇਂ ਤੋਂ ਵਤਨ ਵਾਪਸੀ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਉਡਾਣਾਂ ਬੰਦ ਹੋਣ ਕਾਰਨ ਉਹ ਵਾਪਸ ਨਹੀਂ ਪਰਤ ਸਕੇ। ਇਨ੍ਹਾਂ ਨੌਜਵਾਨਾਂ ਦੀ ਮਦਦ ‘ਤੇ ਆਈ ਸ਼ਹੀਦ ਭਗਤ ਸਿੰਘ ਯੂਥ ਕਲੱਬ ਕੁਵੈਤ ਵਲੋਂ ਕੀਤੇ ਗਏ ਯਤਨਾਂ ਨਾਲ ਕੁਵੈਤ ਸਰਕਾਰ ਦੋ ਵਿਸ਼ੇਸ਼ ਉਡਾਣਾਂ ਭਾਰਤ ਭੇਜਣ ਲਈ ਤਿਆਰ ਹੋ ਗਈ ਹੈ ਅਤੇ ਇਸ ਸਬੰਧੀ ਯੂਥ ਕਲੱਬ ਵਲੋਂ ਭਾਰਤੀ ਸਫ਼ਾਰਤਖ਼ਾਨੇ ਵਲੋਂ ਵੀ ਮਨਜ਼ੂਰੀ ਲੈ ਲਈ ਗਈ ਹੈ। ਪਰ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਵੀ ਪੰਜਾਬ ਸਰਕਾਰ ਵਲੋਂ ਇਨ੍ਹਾਂ ਉਡਾਣਾਂ ਨੂੰ ਉਤਾਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਇਹ ਨੌਜਵਾਨ ਲਗਾਤਾਰ ਮਾਨਸਿਕ ਪ੍ਰੇਸ਼ਾਨੀ ‘ਚ ਹਨ। ਇਸ ਸਬੰਧੀ ਸ਼ਹੀਦ ਭਗਤ ਸਿੰਘ ਯੂਥ ਕਲੱਬ (ਪੰਜਾਬ ਸਟੀਲ ਫੈਕਟਰੀ) ਦੇ ਆਗੂਆਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਇਹ ਨੌਜਵਾਨ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ‘ਚ ਹਨ ਤੇ ਉਹ ਹੁਣ ਆਪਣੇ ਪਿੰਡਾਂ ਨੂੰ ਪਰਤਣਾ ਚਾਹੁੰਦੇ ਹਨ ਪਰ ਪੰਜਾਬ ਸਰਕਾਰ ਵਲੋਂ ਉਡਾਣਾਂ ਨੂੰ ਉੱਤਰਨ ਦੀ ਇਜਾਜ਼ਤ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਦੀਆਂ ਮੁਸ਼ਕਿਲਾਂ ਲਗਾਤਾਰ ਵਧ ਰਹੀਆਂ ਹਨ। ਉਨ੍ਹਾਂ ਕੇਂਦਰ ਅਤੇ ਸੂਬਾ ਸਰਕਾਰ ਕੋਲੋਂ ਇਸ ਮਾਮਲੇ ‘ਚ ਤੁਰੰਤ ਦਖ਼ਲ ਦੇਣ ਅਤੇ ਸਹਿਯੋਗ ਦੀ ਅਪੀਲ ਕੀਤੀ ਹੈ, ਤਾਂ ਜੋ ਪਿਛਲੇ ਕਈ ਮਹੀਨਿਆਂ ਤੋਂ ਕੁਵੈਤ ‘ਚ ਫਸੇ ਨੌਜਵਾਨਾਂ ਨੂੰ ਵਾਪਸ ਵਤਨ ਲਿਆਂਦਾ ਜਾ ਸਕੇ।


Share