ਕੋਰੋਨਾ ਕਹਿਰ ਵਿਚਾਲੇ ਦੱਖਣੀ ਏਸ਼ੀਆ ‘ਚ ਪੈਦਾ ਹੋ ਸਕਦੀ ਹੈ ਬੱਚਿਆਂ ਦੀ ਸਿਹਤ ਸੰਬੰਧੀ ਐਮਰਜੈਂਸੀ : ਯੂਨੀਸੇਫ

862
Share

ਕਾਠਮੰਡੂ, 29 ਅਪ੍ਰੈਲ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਨੇ ਕੋਰੋਨਾਵਾਇਰਸ ਮਹਾਮਾਰੀ ਕਾਰਣ ਬੱਚਿਆਂ ਦੇ ਟੀਕਾਕਰਣ ਵਿਚ ਪੈਦਾ ਹੋਈਆਂ ਰੁਕਾਵਟਾਂ ‘ਤੇ ਚਿੰਤਾ ਪ੍ਰਗਟਾਉਂਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਦੱਖਣੀ ਏਸ਼ੀਆ ਵਿਚ ਬੱਚਿਆਂ ਨੂੰ ਜੀਵਨ ਰੱਖਿਅਕ ਟੀਕੇ ਨਹੀਂ ਲਾਏ ਜਾਂਦੇ, ਤਾਂ ਖੇਤਰ ਵਿਚ ਇਕ ਹੋਰ ਸਿਹਤ ਸਬੰਧੀ ਐਮਰਜੰਸੀ ਪੈਦਾ ਹੋ ਸਕਦੀ ਹੈ।
ਦੁਨੀਆਂ ਭਰ ਵਿਚ ਜਿੰਨੇ ਬੱਚਿਆਂ ਨੂੰ ਟੀਕੇ ਨਹੀਂ ਲੱਗਦੇ ਜਾਂ ਘੱਟ ਟੀਕੇ ਲੱਗਦੇ ਹਨ, ਉਨ੍ਹਾਂ ਵਿਚੋਂ ਤਕਰੀਬਨ ਇਕ ਚੌਥਾਈ ਮਤਲਬ ਤਕਰੀਬਨ 45 ਲੱਖ ਬੱਚੇ ਦੱਖਣੀ ਏਸ਼ੀਆ ਵਿਚ ਰਹਿੰਦੇ ਹਨ। ਇਨ੍ਹਾਂ ਵਿਚੋਂ ਤਕਰੀਬਨ ਸਾਰੇ ਜਾਂ 97 ਫੀਸਦੀ ਭਾਰਤ, ਅਫਗਾਨਿਸਤਾਨ ਤੇ ਪਾਕਿਸਤਾਨ ਦੇ ਰਹਿਣ ਵਾਲੇ ਹਨ। ਕੋਰੋਨਾਵਾਇਰਸ ਦੇ ਕਾਰਣ ਲਾਗੂ ਲਾਕਡਾਊਨ ਦੌਰਾਨ ਟੀਕਾਕਰਣ ‘ਚ ਵੱਡਾ ਅੜਿੱਕਾ ਪਿਆ ਹੈ ਤੇ ਮਾਤਾ-ਪਿਤਾ ਇਸ ਕੰਮ ਲਈ ਬੱਚਿਆਂ ਨੂੰ ਹਸਪਤਾਲ ਲਿਜਾਣ ਤੋਂ ਬਚ ਰਹੇ ਹਨ। ਬੰਗਲਾਦੇਸ਼, ਪਾਕਿਸਤਾਨ ਤੇ ਨੇਪਾਲ ਦੇ ਕੁਝ ਹਿੱਸਿਆਂ ‘ਚ ਖਸਰਾ ਤੇ ਡਿਪਥੀਰੀਆ ਜਿਹੀਆਂ ਬੀਮਾਰੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੂੰ ਟੀਕਿਆਂ ਨਾਲ ਬਚਾਇਆ ਜਾ ਸਕਦਾ ਹੈ। ਦੱਖਣੀ ਏਸ਼ੀਆ ਵਿਚ ਹੀ ਅਫਗਾਨਿਸਤਾਨ ਤੇ ਪਾਕਿਸਤਾਨ ਦੋ ਦੇਸ਼ ਹਨ, ਜੋ ਦੁਨੀਆਂ ਦੇ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹਨ, ਜਿਥੇ ਪੋਲੀਓ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੈ।
ਦੱਖਣੀ ਏਸ਼ੀਆ ਦੇ ਲਈ ਯੂਨੀਸੇਫ ਦੇ ਖੇਤਰੀ ਦਫਤਰ ਦੇ ਸਿਹਤ ਸਲਾਹਕਾਰ ਪਾਲ ਰਟਰ ਨੇ ਕਿਹਾ ਕਿ ਖੇਤਰ ਦੇ ਕੁਝ ਦੇਸ਼ਾਂ ‘ਚ ਟੀਕਿਆਂ ਦਾ ਸਟਾਕ ਤੇਜ਼ੀ ਨਾਲ ਘੱਟ ਹੋ ਰਿਹਾ ਹੈ ਕਿਉਂਕਿ ਯਾਤਰਾ ਪਾਬੰਦੀਆਂ ਤੇ ਉਡਾਣਾਂ ਰੋਕੇ ਜਾਣ ਕਾਰਣ ਸਪਲਾਈ ਰੁੱਕ ਗਈ ਹੈ। ਟੀਕਿਆਂ ਦਾ ਉਤਪਾਦਨ ਵੀ ਪ੍ਰਭਾਵਿਤ ਹੋਇਆ ਹੈ।


Share