ਕੋਰੋਨਾ ਕਰਕੇ ਪਾਕਿਸਤਾਨ ‘ਚ ਫਸੇ ਸੈਂਕੜੇ ਭਾਰਤੀ ਭਲਕੇ ਪਰਤਣਗੇ ਵਤਨ

730
Share

ਇਸਲਾਮਾਬਾਦ, 29 ਮਈ (ਪੰਜਾਬ ਮੇਲ)-ਪਾਕਿਸਤਾਨ ਵਿੱਚ ਕੋਰੋਨਾ ਕਰਕੇ ਲੌਕਡਾਊਨ ਲਾਗੂ ਹੋਣ ਕਾਰਨ ਸੈਂਕੜੇ ਭਾਰਤੀ ਫਸੇ ਹੋਏ ਹਨ ਹੁਣ ਇਨ੍ਹਾਂ ਭਾਰਤੀਆਂ ਨੂੰ ਭਾਰਤ ਸਰਕਾਰ ਨੇ ਆਪਣੇ ਵਤਨ ਪਰਤਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਸਾਰੇ ਲੋਕ ਸ਼ਨਿੱਚਰਵਾਰ ਨੂੰ ਵਾਹਗਾ ਸਰਹੱਦ ਰਾਹੀਂ ਆਪਣੀ ਮਾਤ ਭੂਮੀ ‘ਤੇ ਕਦਮ ਰੱਖਣਗੇ। ਕੋਰੋਨਾ ਕਾਰਨ ਕਾਫ਼ੀ ਦਿਨਾਂ ਤੋਂ ਬੰਦ ਚੱਲ ਰਹੀ ਅਟਾਰੀ-ਵਾਹਗਾ ਸਰਹੱਦ ਇਨ੍ਹਾਂ ਲੋਕਾਂ ਨੰੂੰ ਭਾਰਤ ਲਿਆਉਣ ਲਈ ਕੁਝ ਸਮੇਂ ਵਾਸਤੇ ਖੋਲ੍ਹੀ ਜਾਵੇਗੀ। ਇਸ ਤੋਂ ਪਹਿਲਾਂ ਇਹ ਸਰਹੱਦ ਭਾਰਤ ‘ਚ ਫਸੇ ਪਾਕਿਸਤਾਨੀਆਂ ਦੀ ਵਾਪਸੀ ਲਈ ਖੋਲ੍ਹੀ ਗਈ ਸੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨ ਤੋਂ ਪਰਤੇ ਇਨ੍ਹਾਂ ਭਾਰਤੀਆਂ ‘ਚੋਂ 80 ਕਸ਼ਮੀਰੀ ਵਿਦਿਆਰਥੀ ਲਾਹੌਰ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ‘ਚ ਵੀ ਪੜ੍ਹ ਰਹੇ ਹਨ। ਇਸ ਤੋਂ ਇਲਾਵਾ 10 ਭਾਰਤੀ ਇਸ ਸਮੇਂ ਇਸਲਾਮਾਬਾਦ ਅਤੇ 12 ਨਨਕਾਣਾ ਸਾਹਿਬ ਵਿਖੇ ਆਪਣੇ ਰਿਸ਼ਤੇਦਾਰਾਂ ਨਾਲ ਰਹਿ ਰਹੇ ਹਨ। ਕਰਾਚੀ ਅਤੇ ਸਿੰਧ ਦੇ ਹੋਰ ਥਾਵਾਂ ‘ਤੇ ਲਗਭਗ 200 ਭਾਰਤੀ ਨਾਗਰਿਕ ਰਹਿ ਰਹੇ ਹਨ।

ਰਿਪੋਰਟ ਚ ਕਿਹਾ ਗਿਆ ਹੈ ਕਿ ਭਾਰਤ ਨੇ ਇਨ੍ਹਾਂ ਨਾਗਰਿਕਾਂ ਦੇ ਹਲਫਨਾਮੇ ਚ ਦਸਤਖਤ ਕੀਤੇ ਹਨ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਘਰ ਪਰਤਣ ਦੀ ਆਗਿਆ ਦਿੱਤੀ ਗਈ ਹੈ। ਰਿਪੋਰਟ ਅਨੁਸਾਰ ਪਾਕਿਸਤਾਨ ਨੇ ਭਾਰਤੀ ਨਾਗਰਿਕਾਂ ਨੂੰ ਵਾਹਗਾ ਸਰਹੱਦ ‘ਤੇ ਲਿਜਾਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਹ ਸਾਰੇ ਤਿੰਨ ਸੌ ਲੋਕ ਸ਼ੁੱਕਰਵਾਰ ਰਾਤ ਤਕ ਲਾਹੌਰ ਪਹੁੰਚ ਜਾਣਗੇ ਅਤੇ ਸ਼ਨੀਵਾਰ ਸਵੇਰੇ ਉਨ੍ਹਾਂ ਨੂੰ ਵਾਹਗਾ ਸਰਹੱਦ ਰਾਹੀਂ ਭਾਰਤ ਭੇਜਿਆ ਜਾਵੇਗਾ।
ਮਹੱਤਵਪੂਰਨ ਗੱਲ ਇਹ ਹੈ ਕਿ ਤਾਲਾਬੰਦੀ ਕਾਰਨ ਭਾਰਤ ਚ ਫਸੇ 176 ਹੋਰ ਪਾਕਿਸਤਾਨੀ ਬੁੱਧਵਾਰ ਨੂੰ ਘਰ ਪਰਤੇ। ਉਹ ਅਟਾਰੀ-ਵਾਹਗਾ ਸਰਹੱਦ ਰਾਹੀਂ ਵਾਪਸ ਪਰਤੇ। ਇਹ ਸਾਰੇ ਲੋਕ ਪਿਛਲੇ ਦੋ ਮਹੀਨਿਆਂ ਤੋਂ ਭਾਰਤ ਵਿਚ ਫਸੇ ਹੋਏ ਸਨ। ਉਨ੍ਹਾਂ ਚੋਂ ਬਹੁਤ ਸਾਰੇ ਤੀਰਥ ਯਾਤਰੀ ਵੀਜ਼ਾ ‘ਤੇ ਭਾਰਤ ਆਏ ਸਨ।
ਕੋਰੋਨਾ ਮਹਾਂਮਾਰੀ ਫੈਲਣ ਤੋਂ ਬਾਅਦ ਭਾਰਤ ਚ ਫਸੇ ਲਗਭਗ 400 ਪਾਕਿਸਤਾਨੀ ਵਾਪਸ ਆਪਣੇ ਘਰ ਪਰਤ ਚੁੱਕੇ ਹਨ। ਬੁੱਧਵਾਰ ਨੂੰ ਘਰ ਪਰਤਣ ਤੋਂ ਪਹਿਲਾਂ ਦੋ ਹੋਰ ਜੱਥੇ ਵਾਪਸ ਪਾਕਿਸਤਾਨ ਪਰਤੇ ਹਨ।


Share