ਕੋਰੋਨਾਵਾਇਰਸ: 70 ਫੀਸਦੀ ਤੋਂ ਜ਼ਿਆਦਾ ਹੋਈਆਂ ਮੌਤਾਂ ਮਰੀਜ਼ਾਂ ‘ਚ ਪਹਿਲਾਂ ਤੋਂ ਮੌਜੂਦ ਹੋਰ ਗੰਭੀਰ ਬੀਮਾਰੀਆਂ ਕਾਰਨ

815
Share

-ਮਰਨ ਵਾਲਿਆਂ ‘ਚ 50 ਤੋਂ 70 ਫੀਸਦੀ ਸ਼ੂਗਰ, ਹਾਈ ਬੀ.ਪੀ., ਕਿਡਨੀ ਤੇ ਦਿਲ ਦੇ ਰੋਗੀ
ਨਵੀਂ ਦਿੱਲੀ, 20 ਮਈ (ਪੰਜਾਬ ਮੇਲ)- ਸ਼ੂਗਰ ਤੋਂ ਪੀੜਤ ਲੋਕਾਂ ‘ਚ ਕੋਵਿਡ-19 ਨਾਲ ਮਰਨ ਵਾਲਿਆਂ ਦਾ ਖਤਰਾ ਹੋਰ ਲੋਕਾਂ ਦੀ ਤੁਲਨਾ ‘ਚ 50 ਫੀਸਦੀ ਜ਼ਿਆਦਾ ਹੁੰਦਾ ਹੈ। ਸ਼ੂਗਰ ਤੋਂ ਇਲਾਵਾ, ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ (ਬੀ.ਪੀ.), ਕਿਡਨੀ ਦੀ ਪੁਰਾਣੀ ਬੀਮਾਰੀ ਅਤੇ ਦਿਲ ਸਬੰਧੀ ਸਮੱਸਿਆਵਾਂ ਜਿਹੇ ਗੰਭੀਰ ਰੋਗ ਹਨ, ਉਹ ਵੀ ਉੱਚ ਜ਼ੋਖਿਮ ਵਾਲੀ ਸ਼੍ਰੇਣੀ ਵਿਚ ਆਉਂਦੇ ਹਨ। ਦੇਸ਼ ‘ਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਨੂੰ 3 ਹਜ਼ਾਰ ਤੋਂ ਜ਼ਿਆਦਾ ਹੋ ਗਈ। ਸਿਹਤ ਮੰਤਰਾਲੇ ਮੁਤਾਬਕ 70 ਫੀਸਦੀ ਤੋਂ ਜ਼ਿਆਦਾ ਮੌਤਾਂ ਮਰੀਜ਼ਾਂ ‘ਚ ਪਹਿਲਾਂ ਤੋਂ ਮੌਜੂਦ ਹੋਰ ਗੰਭੀਰ ਬੀਮਾਰੀਆਂ ਦੇ ਚੱਲਦੇ ਹੋਈਆਂ ਹਨ।
ਕੋਰੋਨਾਵਾਇਰਸ ਦੇ ਚੱਲਦੇ ਲਾਗੂ ਲਾਕਡਾਊਨ ਦੌਰਾਨ ਸ਼ੂਗਰ ਤੋਂ ਪੀੜਤ ਲੋਕਾਂ ਦੇ ਜ਼ਿਆਦਾ ਸੰਵੇਦਨਸ਼ੀਲ ਹੋਣ ‘ਤੇ ਪ੍ਰਕਾਸ਼ ਪਾਉਂਦੇ ਹੋਏ ਰਾਸ਼ਟਰੀ ਰਾਜਧਾਨੀ ਦੇ ਇੰਡੋਕ੍ਰਾਇਨੋਲਾਜਿਸਟ ਆਖਦੇ ਹਨ ਕਿ ਅਜਿਹੇ ਲੋਕਾਂ ਵਿਚ ਕੋਵਿਡ-19 ਤੋਂ ਜ਼ਿਆਦਾ ਗੰਭੀਰ ਲੱਛਣ ਨਜ਼ਰ ਆ ਸਕਦੇ ਹਨ ਅਤੇ ਜੇਕਰ ਉਨ੍ਹਾਂ ਪਾਚਨ ਸ਼ਕਤੀ ਮਜ਼ਬੂਤ ਨਾ ਹੋਵੇ, ਤਾਂ ਉਨ੍ਹਾਂ ਦੀ ਹਾਲਤ ਵਿਗੜ ਸਕਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸੁਝਾਅ ਦਿੱਤਾ ਹੈ ਕਿ ਅਜਿਹੀ ਹਾਲਾਤ ‘ਚ ਇੰਸੁਲਿਨ ਲੈਣਾ ਸੁਰੱਖਿਅਤ ਵਿਕਲਪ ਹੈ ਕਿਉਂਕਿ ਟਾਈਪ-1 ਸ਼ੂਗਰ ਤੋਂ ਪੀੜਤ ਲੋਕਾਂ ਲਈ ਇਹ ਇਕੱਲੀ ਥੈਰੇਪੀ ਹੈ, ਜਦਕਿ ਟਾਈਪ-2 ਸ਼ੂਗਰ ਤੋਂ ਪੀੜਤ ਜਿਨ੍ਹਾਂ ਲੋਕਾਂ ਦੀ ਪਾਚਨ ਸ਼ਕਤੀ ਕਮਜ਼ੋਰ ਹੁੰਦੀ ਹੈ, ਉਨ੍ਹਾਂ ਦੇ ਲਈ ਬਿਹਤਰ ਅਤੇ ਕਾਰਗਰ ਵਿਕਲਪ ਹੈ।
ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਸਬੰਧੀ ਬੀਮਾਰੀ, ਕੈਂਸਰ ਅਤੇ ਕਿਡਨੀ ਦੀ ਬੀਮਾਰੀ ਤੋਂ ਪੀੜਤ ਲੋਕਾਂ ਲਈ ਬਚਾਅ ਦੇ ਆਮ ਯਤਨਾਂ ਤੋਂ ਇਲਾਵਾ ਇਹ ਜ਼ਰੂਰੀ ਹੈ ਕਿ ਡਾਕਟਰ ਵੱਲੋਂ ਦੱਸੇ ਤਰੀਕੇ ਨਾਲ ਖੂਨ ‘ਚ ਗਲੂਕੋਜ਼ ਦੀ ਮਾਤਰਾ ਦੀ ਨਿਯਮਤ ਜਾਂਚ ਕੀਤੀ ਜਾਵੇ ਅਤੇ ਸਰੀਰ ‘ਚ ਪਾਣੀ ਦੀ ਕਮੀ ਨਾ ਹੋਣ ਦੇ ਨਾਲ ਹੀ ਦਵਾਈਆਂ ਖਾਂਦੀਆਂ ਜਾਣ। ਮਰੀਜ਼ ਘਰ ਵਿਚ ਕਸਰਤ ਕਰਨ। ਇਸ ਨਾਲ ਮਾਨਸਿਕ ਅਤੇ ਸਰੀਰਕ ਸਿਹਤ ਠੀਕ ਰਹੇਗੀ।


Share