ਕੋਰੋਨਾਵਾਇਰਸ ਸੰਕਟ: ਦਇਆ ਤੇ ਸੇਵਾ ਭਾਵਨਾ ਨੇ ਸਿੱਖ ਕੌਮ ਨੂੰ ਕੌਮਾਂਤਰੀ ਨਕਸ਼ੇ ‘ਤੇ ਉਭਾਰਿਆ

944
Share

-ਵਿਸ਼ਵ ਪੱਧਰ ‘ਤੇ ਉੱਭਰਨ ਲੱਗੀ ਸਿੱਖ ਭਾਈਚਾਰੇ ਦੀ ਦਿੱਖ ਤੇ ਸ਼ਕਤੀ
ਜਲੰਧਰ, 22 ਅਪ੍ਰੈਲ (ਮੇਜਰ ਸਿੰਘ/ਪੰਜਾਬ ਮੇਲ)-ਕਹਾਵਤ ਹੈ ਕਿ ਸੰਕਟ ਹੀ ਕੌਮਾਂ ਦੇ ਵਿਚਾਰਾਂ ਤੇ ਕਿਰਦਾਰਾਂ ਨੂੰ ਤਰਾਸ਼ਦਾ ਤੇ ਨਿਖ਼ਾਰਦਾ ਹੈ। ਇਹ ਗੱਲ ਇਸ ਸਮੇਂ ਸਿੱਖ ਸਮਾਜ ਉੱਪਰ ਖ਼ੂਬ ਢੁਕਦੀ ਹੈ। ਪਿਛਲੇ ਕਈ ਦਹਾਕੇ ਤੋਂ ਸਿੱਖੀ ਦੀ ਇਸ ਮਨੁੱਖ਼ਤਾਵਾਦੀ ਸੋਚ ਤੇ ਭਾਵਨਾ ਉੱਪਰ ਸਿਆਸੀ ਮੁਹਾਵਰਾ ਹਾਵੀ ਰਿਹਾ, ਪਰ ਬੜੇ ਬਿਖੜੇ ਰਾਹਾਂ ਤੋਂ ਲੰਘਦਿਆਂ ਆਖ਼ਰ ਸਿਆਸੀ ਨਿਘਾਰਾਂ ਤੇ ਨੀਵਾਣਾਂ ਤੋਂ ਬਦਜਨ ਦੁਨੀਆਂ ਭਰ ‘ਚ ਫੈਲੀ ਸਿੱਖ ਸੰਗਤ ਵਿਚ ਦਇਆ ਤੇ ਸੇਵਾ ਦੀ ਮੂਲ ਭਾਵਨਾ ਮੁੜ ਉਜਾਗਰ ਹੋਣੀ ਸ਼ੁਰੂ ਹੋਈ ਤੇ ਦੁਨੀਆਂ ਭਰ ਵਿਚ ਅਨੇਕਾਂ ਅਜਿਹੇ ਕੇਂਦਰ ਤੇ ਸੰਸਥਾਵਾਂ ਬਣਨ ਲੱਗੀਆਂ ਹਨ ਜੋ ਸਿਆਸਤ ਤੋਂ ਪਰ੍ਹੇ ਰਹਿੰਦਿਆਂ ਸੇਵਾ, ਸਹਿਯੋਗ ਤੇ ਮਨੁੱਖ਼ਤਾ ਪੱਖੀ ਕਿਰਦਾਰ ਬਣਕੇ ਉਭਰਨ ਲੱਗੀਆਂ ਹਨ। ਕੋਰੋਨਾਵਾਇਰਸ ਦੇ ਸੰਕਟ ਮੌਕੇ ਸਿੱਖੀ ਦੇ ਦਇਆ ਤੇ ਸੇਵਾ ਦੇ ਨਿਸ਼ਕਾਮ ਕਾਰਜ ਨੇ ਛੋਟੀ ਜਿਹੀ ਧਾਰਮਿਕ ਘੱਟ ਗਿਣਤੀ ਨੂੰ ਕੌਮਾਂਤਰੀ ਨਕਸ਼ੇ ਉੱਪਰ ਉਭਾਰ ਦਿੱਤਾ ਹੈ। ਅਮਰੀਕਾ ਦਾ ਪ੍ਰਸ਼ਾਸਨ ਸਿੱਖਾਂ ਦੀ ਸੇਵਾ ਨੂੰ ਦੇਖ ਕੇ ਕਹਿਣ ਲਈ ਮਜਬੂਰ ਹੋ ਗਿਆ ਕਿ ਲੋੜਵੰਦ ਲੋਕ ਲੰਗਰ ਤੇ ਹੋਰ ਸੇਵਾ ਲਈ ਸਿੱਖਾਂ ਦਾ ਸਹਾਰਾ ਲੈਣ। ਬਰਤਾਨੀਆਂ ਦੇ ਗੁਰੂ ਘਰਾਂ ਦੀ ਸੇਵਾ ਦੀ ਸ਼ਲਾਘਾ ਪ੍ਰਧਾਨ ਮੰਤਰੀ ਸਮੇਤ ਅਨੇਕ ਮੰਤਰੀ ਤੇ ਅਧਿਕਾਰੀ ਕਰਦੇ ਦੇਖੇ ਗਏ। ਭਿਅੰਕਰ ਮਹਾਂਮਾਰੀ ਦਾ ਸ਼ਿਕਾਰ ਇਟਲੀ ਵਿਚ ਵੀ ਸੰਗਤ ਪਿੱਛੇ ਨਹੀਂ ਹਟੀ। ਸਿੱਖਾਂ ਦੀ ਚੜ੍ਹਦੀ ਕਲਾਂ ਵਾਲੇ ਦੇਸ਼ ਕੈਨੇਡਾ ਵਿਚ ਤਾਂ ਪ੍ਰਧਾਨ ਮੰਤਰੀ ਤੱਕ ਸਿੱਖਾਂ ਦੀ ਸੇਵਾ ਦਾ ਜ਼ਿਕਰ ਕਰਦੇ ਨਹੀਂ ਸੀ ਥੱਕ ਰਹੇ। ਕੋਰੋਨਾ ਦੇ ਸ਼ਿਕਾਰ ਮਰੀਜ਼ਾਂ ਦਾ ਇਲਾਜ ਕਰਨ ‘ਚ ਲੱਗੇ ਡਾਕਟਰਾਂ ਤੇ ਨਰਸਾਂ ਨੂੰ ਜਦ ਦਿੱਲੀ ‘ਚ ਕੁਝ ਬੇਗ਼ੈਰਤ ਇਨਸਾਨਾਂ ਨੇ ਉਨ੍ਹਾਂ ਦੇ ਘਰਾਂ ਵਿਚ ਜਾਣ ਤੋਂ ਰੋਕ ਦਿੱਤਾ ਤੇ ਹਮਲੇ ਕਰਨ ਲੱਗੇ, ਉਸ ਸਮੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਰਿਹਾਇਸ਼ ਲਈ ਆਪਣੀਆਂ ਸਰਾਵਾਂ ਦੇ ਦਰਵਾਜ਼ੇ ਖੋਲ੍ਹ ਕੇ ਇਨਸਾਨੀ ਫ਼ਿਤਰਤ ਦਾ ਨਵਾਂ ਅਧਿਆਏ ਲਿਖ ਦਿੱਤਾ। ਇਸ ਇਨਸਾਨੀ ਕਦਮ ਦੀ ਹਰ ਪਾਸੇ ਚਰਚਾ ਹੈ। ਦਿੱਲੀ ‘ਚ ਲੰਗਰ ਤੇ ਫਸੇ ਲੋਕਾਂ ਦੀ ਮਦਦ ‘ਚ ਵੀ ਸਿੱਖ ਭਾਈਚਾਰਾ ਹੀ ਅੱਗੇ ਆਇਆ। ਪੰਜਾਬ ਅੰਦਰ ਤਾਂ ਲਾਕਡਾਊਨ ਤੇ ਕਰਫ਼ਿਊ ਦਾ ਐਲਾਨ ਹੁੰਦਿਆਂ ਹੀ ਗੁਰੂ ਘਰਾਂ ਤੇ ਸਿੱਖ ਸੰਸਥਾਵਾਂ ਵਲੋਂ ਲੰਗਰ ਤੇ ਸੁੱਕੀ ਰਸਦ ਵੰਡਣ ਦੀ ਬੇਮਿਸਾਲ ਸੇਵਾ ਸ਼ੁਰੂ ਹੋ ਗਈ। ਸਿੱਖਾਂ ਦੇ ਸਰਬ ਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਤੋਂ ਇਹ ਹੁਕਮਨਾਮਾ ਜਾਰੀ ਹੋ ਗਿਆ ਕਿ ਗੁਰੂ ਦੀ ਗੋਲਕ ਦਾ ਮੂੰਹ ਗ਼ਰੀਬ ਲਈ ਖੋਲ੍ਹ ਦਿੱਤਾ ਜਾਵੇ। ਸਿੱਖਾਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਨੇ ਬਹੁਤ ਵੱਡੀ ਪੱਧਰ ‘ਤੇ ਲੰਗਰ ਦੀ ਸੇਵਾ ਚਲਾਈ ਤੇ ਜਾਰੀ ਹੈ। ਸਿੱਖ ਸੰਗਤ ਦੀ ਦਿਆਲਤਾ ਤੇ ਨਿਸ਼ਕਾਮ ਸੇਵਾ ਦੀ ਚਰਚਾ ਕਿਸੇ ਇਕ ਦੇਸ਼ ਜਾਂ ਇਕ ਪ੍ਰਚਾਰ ਮਾਧਿਅਮ ਤੱਕ ਸੀਮਤ ਨਹੀਂ ਰਹੀ। ਬਹੁਤ ਸਾਰੇ ਦੇਸ਼ਾਂ ਖਾਸ ਕਰ ਅਮਰੀਕਾ, ਕੈਨੇਡਾ, ਬਰਤਾਨੀਆ, ਆਸਟ੍ਰੇਲੀਆ ਤੇ ਕਈ ਯੂਰਪੀ ਮੁਲਕਾਂ ‘ਚ ਟੀ.ਵੀ., ਰੇਡੀਓ ਤੇ ਅਖ਼ਬਾਰ ਸਿੱਖਾਂ ਦੀ ਸੇਵਾ ਦੀਆਂ ਕਹਾਣੀਆਂ ਸੁਣਾਉਂਦੇ ਰਹੇ ਹਨ ਤੇ ਸੁਣਾ ਰਹੇ ਹਨ। ਅਮਰੀਕਾ ਦੇ ਹਾਈਵੇਜ਼ ਉੱਪਰ ਪੰਜਾਬੀ ਟਰੱਕਾਂ ਵਾਲਿਆਂ ਦੇ ਲੰਗਰ ਦੀ ਸੇਵਾ ਦਾ ਬੇਮਿਸਾਲ ਉਦਾਹਰਣ ਪੇਸ਼ ਕਰਦੇ ਹਨ। ਪਿਛਲੇ ਕਈ ਸਾਲਾਂ ਤੋਂ ਸਿੱਖੀ ਦੀ ਮੂਲ ਭਾਵਨਾ ‘ਚ ਗੜੁੱਚ ਖ਼ਾਲਸਾ ਏਡ ਪਹਿਲਾਂ ਰੋਹਿੰਗਿਆਂ, ਤੁਰਕੀਆਂ ਸਮੇਤ ਅਨੇਕਾਂ ਦੇਸ਼ਾਂ ‘ਚ ਪੀੜਤ ਲੋਕਾਂ ਦੀ ਕੀਤੀ ਸੇਵਾ ਕਰ ਕੇ ਵੱਡੇ ਪੱਧਰ ‘ਤੇ ਚਰਚਿਤ ਰਹੀ ਹੈ। ਕੇਰਲ ਤੇ ਪੰਜਾਬ ‘ਚ ਹੜ੍ਹ ਮਾਰੇ ਲੋਕਾਂ ਦੀ ਮਦਦ ਤੇ ਸੇਵਾ ਨੇ ਸਿੱਖ ਸੰਗਤ ਦਾ ਮੁਹਾਣ ਸੇਵਾ ਭਾਵਨਾ ਵਾਲੇ ਪਾਸੇ ਮੋੜਨ ‘ਚ ਅਹਿਮ ਯੋਗਦਾਨ ਪਾਇਆ ਹੈ।
ਖਾੜਕੂ ਲਹਿਰ ਸਮੇਂ ਮਧੋਲੀ ਗਈ ਸੇਵਾ ਭਾਵਨਾ : ਦਇਆ ਤੇ ਸੇਵਾ ਭਾਵਨਾ ਉੱਪਰ ਸਿਆਸਤ ਦੇ ਹਾਵੀ ਹੋ ਜਾਣ ਕਾਰਨ ਸਿੱਖੀ ਦੀ ਇਸ ਮੂਲ ਭਾਵਨਾ ਨੂੰ ਸੱਟ ਵੱਜੀ ਸੀ, ਪਰ ਅੱਸੀਵਿਆਂ ‘ਚ ਪੈਦਾ ਹੋਈ ਖਾੜਕੂ ਲਹਿਰ ਨੇ ਵੀ ਆਪਣੇ ਮੂਲ ਖ਼ੇਮੇ ਵੱਲ ਮੁੜਨ ਦੀ ਥਾਂ ਵੱਖਰੀ ਸਿਆਸੀ ਧਾਰਾ ਹੀ ਭਾਰੂ ਕਰਨ ਦੀ ਧੁੱਸ ਵਰਤੀ। ਇਸ ਧੁੱਸ ਵਿਚ ਸਗੋਂ ਮੂਲ ਤੌਰ ‘ਤੇ ਸੇਵਾ ਭਾਵਨਾ ਦਾ ਸੰਗਤ ਅੰਦਰਲਾ ਜਜ਼ਬਾ ਹੀ ਮਧੋਲਿਆ ਗਿਆ ਤੇ ਕਾਫ਼ੀ ਹੱਦ ਤੱਕ ਸਿੱਖ ਮੂਲ ਭਾਵਨਾਵਾਂ ਨੂੰ ਅੱਖੋਂ ਉਹਲੇ ਹੀ ਕਰ ਦਿੱਤਾ ਗਿਆ, ਪਰ ਇਸ ਸੁੱਚੇ ਜਜ਼ਬੇ ਤੇ ਭਾਵਨਾ ਦੀ ਅੰਤਰੀਵ ਸ਼ਕਤੀ ਮਰੀ ਨਹੀਂ ਤੇ ਕਿਸੇ ਨਾ ਕਿਸੇ ਰੂਪ ‘ਚ ਇਹ ਪ੍ਰਗਟ ਹੁੰਦੀ ਰਹੀ ਤੇ ਆਪਣਾ ਰੰਗ ਵਿਖਾਉਂਦੀ ਰਹੀ ਹੈ।
ਕੋਰੋਨਾ ਵਰਗੀ ਭਿਆਨਕ ਬਿਮਾਰੀ ਤੇ ਆਫ਼ਤ ਦੇ ਸੰਕਟ ਦੀ ਭੱਠੀ ‘ਚ ਪਿਆ ਸਿੱਖ ਭਾਈਚਾਰਾ ਕੁੰਦਨ ਬਣ ਕੇ ਨਿਕਲ ਰਿਹਾ ਹੈ ਤੇ ਵਿਸ਼ਵ ਪੱਧਰ ‘ਤੇ ਸਿੱਖ ਭਾਈਚਾਰੇ ਦੀ ਦਿੱਖ ਤੇ ਸ਼ਕਤੀ ਉੱਭਰਨ ਲੱਗੀ ਹੈ।


Share