ਕੋਰੋਨਾਵਾਇਰਸ: ਸਮੇਂ ਸਿਰ ਇਲਾਜ ਨਾ ਹੋਣ ਕਾਰਨ ਕੈਂਸਰ ਪੀੜਤਾਂ ਦੀ ਵਿਗੜ ਸਕਦੀ ਹੈ ਹਾਲਾਤ

526
Share

ਟੋਰਾਂਟੋ, 20 ਅਗਸਤ (ਪੰਜਾਬ ਮੇਲ)-ਕੋਰੋਨਾਵਾਇਰਸ ਕਾਰਨ ਹਸਪਤਾਲਾਂ ਵੱਲੋਂ ਬਾਕੀ ਬੀਮਾਰੀਆਂ ਨਾਲ ਪੀੜਤ ਲੋਕਾਂ ਦੇ ਆਪਰੇਸ਼ਨ ਤੇ ਟੈਸਟ ਅਜੇ ਟਾਲ ਦਿੱਤੇ ਗਏ ਹਨ। ਇਸ ਕਾਰਨ ਡਾਕਟਰਾਂ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਕੈਂਸਰ ਪੀੜਤ ਲੋਕਾਂ ਨੂੰ ਸਮੇਂ-ਸਿਰ ਇਲਾਜ ਜਾਂ ਥੈਰੇਪੀ ਨਾ ਦਿੱਤੇ ਜਾਣ ਕਾਰਨ ਉਨ੍ਹਾਂ ਦੀ ਸਥਿਤੀ ਵਿਗੜ ਸਕਦੀ ਹੈ। ਬਿੱਲ ਗਾਰਡਨਰ ਨਾਂ ਦੇ ਵਿਅਕਤੀ ਨੂੰ ਗਲੇ ਵਿਚ ਸੋਜ ਸੀ ਤੇ ਕੁਝ ਖਾਣਾ ਵੀ ਬਹੁਤ ਮੁਸ਼ਕਲ ਲੱਗ ਰਿਹਾ ਸੀ ਤੇ ਆਵਾਜ਼ ਵੀ ਬੰਦ ਹੋ ਰਹੀ ਸੀ। ਉਸ ਨੂੰ ਡਾਕਟਰ ਨੂੰ ਮਿਲਣ ਦਾ ਸਮਾਂ ਨਹੀਂ ਮਿਲਿਆ, ਜਿਸ ਕਾਰਨ ਉਸ ਦੀ ਸਥਿਤੀ ਖਰਾਬ ਹੁੰਦੀ ਗਈ ਤੇ ਹੁਣ ਪਤਾ ਲੱਗਾ ਹੈ ਕਿ ਉਸ ਦਾ ਕੈਂਸਰ ਦੂਜੀ ਸਟੇਜ ‘ਤੇ ਪੁੱਜ ਚੁੱਕਾ ਹੈ।
ਓਟਵਾ ਯੂਨੀਵਰਸਿਟੀ ਦੇ ਪ੍ਰੋਫੈਸਰ ਸਣੇ ਹੋਰ ਹਜ਼ਾਰਾਂ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਕੈਂਸਰ ਦੀ ਸਟੇਜ ਇਸ ਲਈ ਵਧ ਰਹੀ ਹੈ ਕਿਉਂਕਿ ਹਜ਼ਾਰਾਂ ਲੋਕਾਂ ਨੂੰ ਟੈਸਟ ਕਰਵਾਉਣ ਲਈ ਉਡੀਕ ਕਰਨੀ ਪੈ ਰਹੀ ਹੈ।
ਕੈਨੇਡੀਅਨ ਕੈਂਸਰ ਸੋਸਾਇਟੀ ਦੇ ਸਰਵੇ ਮੁਤਾਬਕ ਹਰ ਰੋਜ਼ ਔਸਤਨ 617 ਲੋਕ ਕੈਂਸਰ ਲਈ ਟੈਸਟ ਕਰਵਾਉਂਦੇ ਹਨ। ਜੇਕਰ ਮਰੀਜ਼ ਨੂੰ ਸ਼ੁਰੂਆਤ ਵਿਚ ਹੀ ਕੈਂਸਰ ਬਾਰੇ ਪਤਾ ਲੱਗ ਜਾਂਦਾ ਹੈ ਤਾਂ ਉਸ ਦੇ ਜਲਦੀ ਠੀਕ ਹੋਣ ਦੀ ਉਮੀਦ ਹੁੰਦੀ ਹੈ। ਜੇਕਰ ਇਹ ਵਧ ਜਾਂਦਾ ਹੈ ਤਾਂ ਮਰੀਜ਼ ਨੂੰ ਕਾਫੀ ਪ੍ਰੇਸ਼ਾਨੀ ਤੇ ਤਕਲੀਫ ਸਹਿਣੀ ਪੈਂਦੀ ਹੈ। ਇਸ ਲਈ ਡਾਕਟਰਾਂ ਨੂੰ ਚਾਹੀਦਾ ਹੈ ਕਿ ਕੈਂਸਰ ਪੀੜਤਾਂ ਦਾ ਜਲਦੀ ਟੈਸਟ ਕਰਵਾ ਕੇ ਉਨ੍ਹਾਂ ਦਾ ਇਲਾਜ ਕਰਨ ਤਾਂ ਕਿ ਉਨ੍ਹਾਂ ਦੀ ਸਥਿਤੀ ਖਰਾਬ ਹੋਣ ਤੋਂ ਬਚਾਈ ਜਾ ਸਕੇ।


Share