ਕੋਰੋਨਾਵਾਇਰਸ ਵੈਕਸੀਨ ਲਈ ਭਾਰਤ ਦੀਆਂ 7 ਭਾਰਤੀ ਫਾਰਮਾ ਕੰਪਨੀਆਂ ਸਰਗਰਮ

646
Share

-ਭਾਰਤ ਬਾਇਓਟੈੱਕ ਤੇ ਸੀਰਮ ਇੰਸਟੀਚਿਊਟ ਨੇ ਇਲਾਜ ਜਲਦੀ ਵਿਕਸਤ ਹੋਣ ਦੀ ਜਤਾਈ ਸੰਭਾਵਨਾ
ਨਵੀਂ ਦਿੱਲੀ, 21 ਜੁਲਾਈ (ਪੰਜਾਬ ਮੇਲ)- ਭਾਰਤ ਦੀਆਂ ਕਰੀਬ 7 ਫਾਰਮਾ ਕੰਪਨੀਆਂ ਕੋਰੋਨਾਵਾਇਰਸ ਦਾ ਟੀਕਾ ਬਣਾਉਣ ਲਈ ਕੰਮ ਕਰ ਰਹੀਆਂ ਹਨ। ਆਲਮੀ ਪੱਧਰ ‘ਤੇ ਕੀਤੇ ਜਾ ਰਹੇ ਯਤਨਾਂ ‘ਚ ਭਾਰਤੀ ਕੰਪਨੀਆਂ ਵੀ ਆਪਣਾ ਯੋਗਦਾਨ ਪਾ ਰਹੀਆਂ ਹਨ। ਭਾਰਤ ਬਾਇਓਟੈੱਕ, ਸੀਰਮ ਇੰਸਟੀਚਿਊਟ, ਜ਼ਾਇਡਸ ਕੈਡਿਲਾ, ਪੈਨਾਸ਼ੀਆ ਬਾਇਓਟੈੱਕ, ਇੰਡੀਅਨ ਇਮਿਊਨੋਲੋਜੀਕਲਜ਼, ਮਿਨਵੈਕਸ ਤੇ ਬਾਇਓਲੋਜੀਕਲ ਈ ਜਿਹੀਆਂ ਘਰੇਲੂ ਕੰਪਨੀਆਂ ਕੋਰੋਨਾਵਾਇਰਸ ਦਾ ਇਲਾਜ ਵਿਕਸਿਤ ਕਰਨ ਦੇ ਯਤਨਾਂ ਵਿਚ ਜੁਟੀਆਂ ਹੋਈਆਂ ਹਨ। ਟੀਕਾ ਤਿਆਰ ਕਰਨ ‘ਚ ਆਮ ਤੌਰ ‘ਤੇ ਸਾਲਾਂ ਦੇ ਪ੍ਰੀਖਣ ਤੇ ਮਗਰੋਂ ਵੱਡੀ ਪੱਧਰ ਦੇ ਉਤਪਾਦਨ ਦੀ ਲੋੜ ਪੈਂਦੀ ਹੈ। ਪਰ ਵਿਗਿਆਨੀਆਂ ਨੂੰ ਆਸ ਹੈ ਕਿ ਮਹਾਮਾਰੀ ਦੇ ਮੱਦੇਨਜ਼ਰ ਮਹੀਨਿਆਂ ਵਿਚ ਹੀ ਇਸ ਨੂੰ ਤਿਆਰ ਕਰ ਲਿਆ ਜਾਵੇਗਾ। ਭਾਰਤ ਬਾਇਓਟੈੱਕ ਨੂੰ ਪਹਿਲੇ ਤੇ ਦੂਜੇ ਗੇੜ ਦੇ ਕਲੀਨਿਕਲ ਟਰਾਇਲ ਲਈ ਇਜਾਜ਼ਤ ਮਿਲ ਚੁੱਕੀ ਹੈ। ਕੰਪਨੀ ‘ਕੋਵੈਕਸਿਨ’ ਨਾਂ ਦਾ ਟੀਕਾ ਤਿਆਰ ਕਰਨ ‘ਚ ਜੁਟੀ ਹੋਈ ਹੈ। ਹੈਦਰਾਬਾਦ ‘ਚ ਕੰਪਨੀ ਦੀ ਇਕਾਈ ‘ਚ ਪਿਛਲੇ ਹਫ਼ਤੇ ਮਨੁੱਖੀ ਪ੍ਰੀਖਣ ਸ਼ੁਰੂ ਕਰ ਦਿੱਤੇ ਗਏ ਹਨ। ਵਿਸ਼ਵ ਪੱਧਰ ‘ਤੇ ਟੀਕੇ ਤਿਆਰ ਕਰਨ ਵਾਲੀ ਉੱਘੀ ਕੰਪਨੀ ਸੀਰਮ ਇੰਸਟੀਚਿਊਟ ਦਾ ਕਹਿਣਾ ਹੈ ਕਿ ਇਹ ਸਾਲ ਦੇ ਅਖ਼ੀਰ ਤੱਕ ਕੋਵਿਡ-19 ਲਈ ਦਵਾਈ ਤਿਆਰ ਕਰ ਲਏਗੀ। ਮੌਜੂਦਾ ਸਮੇਂ ਕੰਪਨੀ ਆਕਸਫੋਰਡ ਦੇ ਟੀਕੇ ‘ਤੇ ਕੰਮ ਕਰ ਰਹੀ ਹੈ ਤੇ ਤੀਜੇ ਗੇੜ ਦੇ ਟਰਾਇਲ ਚੱਲ ਰਹੇ ਹਨ।


Share