ਕੋਰੋਨਾਵਾਇਰਸ ਵਿਰੁੱਧ ਲੜਾਈ ‘ਚ ਅਮਰੀਕਾ ਹੁਣ ਅਗਲੇ ਪੜਾਅ ‘ਚ : ਟਰੰਪ

419
Share

ਕਿਹਾ; ਦੇਸ਼ ਨੂੰ ਬਹੁਤ ਹੀ ਸੁਰੱਖਿਅਤ ਤਰੀਕੇ ਨਾਲ ਖੋਲ੍ਹਿਆ ਜਾ ਰਿਹੈ
ਵਾਸ਼ਿੰਗਟਨ, 6 ਮਈ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਵਿਚ ਕੋਰੋਨਾਵਾਇਰਸ ਦਾ ਪ੍ਰਕੋਪ ਘੱਟ ਹੋ ਰਿਹਾ ਹੈ। ਇਹ ਯੁੱਧ ਹੁਣ ਅਗਲੇ ਪੜਾਅ ‘ਚ ਪਹੁੰਚ ਗਿਆ ਹੈ, ਜੋ ਦੇਸ਼ ਨੂੰ ਬਹੁਤ ਹੀ ਸੁਰੱਖਿਅਤ, ਲੜੀਬੱਧ ਤਰੀਕੇ ਨਾਲ ਅਤੇ ਹੌਲੀ-ਹੌਲੀ ਫਿਰ ਤੋਂ ਖੋਲ੍ਹੇਗਾ। ਟਰੰਪ ਨੇ ਫੀਨਿਕਸ ਵਿਚ ਹਨੀਵੇਲ ਇੰਟਰਨੈਸ਼ਨਲ ਵਿਚ ਆਪਣੀ ਟਿੱਪਣੀ ਵਿਚ ਕਿਹਾ, ”ਸਾਡੇ ਨਾਗਰਿਕਾਂ ਦੀ ਵਚਨਬੱਧਤਾ ਦੇ ਲਈ ਉਨ੍ਹਾਂ ਦਾ ਸ਼ੁਕਰੀਆ। ਅਸੀਂ ਖਤਰੇ ਨੂੰ ਪਾਰ ਕਰ ਲਿਆ ਹੈ ਅਤੇ ਅਣਗਿਣਤ ਅਮਰੀਕੀਆਂ ਦੀ ਜਾਨ ਬਚਾ ਲਈ ਗਈ ਹੈ। ਸਾਡਾ ਦੇਸ਼ ਲੜਾਈ ਦੇ ਅਗਲੇ ਪੜਾਅ ਵਿਚ ਹੈ। ਦੇਸ਼ ਨੂੰ ਬਹੁਤ ਹੀ ਸੁਰੱਖਿਅਤ ਲੜੀਬੱਧ ਤਰੀਕੇ ਨਾਲ ਅਤੇ ਹੌਲੀ-ਹੌਲੀ ਖੋਲ੍ਹਿਆ ਜਾ ਰਿਹਾ ਹੈ।” ਅਮਰੀਕਾ ਦੀ ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਮੁਤਾਬਕ ਮੰਗਲਵਾਰ ਤੱਕ ਇਸ ਜਾਨਲੇਵਾ ਵਾਇਰਸ ਨਾਲ 71,000 ਤੋਂ ਵਧੇਰੇ ਅਮਰੀਕੀ ਜਾਨ ਗਵਾ ਚੁੱਕੇ ਹਨ ਅਤੇ 12 ਲੱਖ ਤੋਂ ਵਧੇਰੇ ਲੋਕ ਇਨਫੈਕਟਿਡ ਪਾਏ ਗਏ ਹਨ।
ਕੈਲੀਫੋਰਨੀਆ ‘ਚ 55 ਹਜ਼ਾਰ ਦੇ ਕਰੀਬ ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ ਅਤੇ 2300 ਦੇ ਕਰੀਬ ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਸੈਕਰਾਮੈਂਟੋ ‘ਚ 1133 ਲੋਕਾਂ ਲੋਕ ਇਸ ਵਾਇਰਸ ਤੋਂ ਪੀੜਤ ਦੱਸੇ ਗਏ ਹਨ ਅਤੇ 47 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।
ਦੁਨੀਆਂ ਭਰ ‘ਚ 37 ਲੱਖ ਤੋਂ ਜ਼ਿਆਦਾ ਲੋਕ ਇਸ ਵਾਇਰਸ ਦੀ ਲਪੇਟ ‘ਚ ਹਨ ਅਤੇ ਇਸ ਵਾਇਰਸ ਕਾਰਨ 2 ਲੱਖ 58 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅਮਰੀਕਾ ਤੋਂ ਬਾਅਦ ਸਪੇਨ ‘ਚ ਸਭ ਤੋਂ ਵੱਧ ਇਨਫੈਕਟਡ ਲੋਕ ਹਨ, ਇੱਥੇ ਵਾਇਰਸ ਪੀੜਤਾਂ ਦੀ ਗਿਣਤੀ 2,50,561 ਹੈ, ਜਦਕਿ ਇਟਲੀ ਵਿਚ 2,13,013 ਹੈ।
ਅਮਰੀਕਾ ‘ਚ ਪਿਛਲੇ ਇਕ ਹਫਤੇ ‘ਚ ਨਵੇਂ ਮਾਮਲੇ ਅਤੇ ਮਰਨ ਵਾਲਿਆਂ ਦੀ ਗਿਣਤੀ ‘ਚ ਗਿਰਾਵਟ ਆਈ ਹੈ, ਜਿਸ ਕਾਰਨ ਟਰੰਪ ਇਹ ਕਹਿ ਪਾਏ ਹਨ ਕਿ ਦੇਸ਼ ਖਤਰੇ ਦੀ ਸਥਿਤੀ ਵਿਚੋਂ ਬਾਹਰ ਨਿਕਲ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਗਲੋਬਲ ਮਹਾਮਾਰੀ ਨੇ ਅਮਰੀਕਾ ‘ਚ ਸਪਲਾਈ ਲੜੀ ਬਣਾਈ ਰੱਖਣ ਦੇ ਮਹੱਤਵ ਅਤੇ ਦੇਸ਼ ਵਿਚ ਇਕ ਮਜ਼ਬੂਤ ਘਰੇਲੂ ਨਿਰਮਾਣ ਦਾ ਅਧਾਰ ਬਣਾਉਣ ਦੀ ਮਹੱਤਤਾ ਸਮਝਾ ਦਿੱਤੀ ਹੈ। ਟਰੰਪ ਨੇ ਕਿਹਾ, ”ਮੈਂ ਲੰਬੇ ਸਮੇਂ ਤੋਂ ਇਸ ਦੇ ਬਾਰੇ ਵਿਚ ਗੱਲ ਕਰਦਾ ਰਿਹਾ ਹਾਂ। ਅਕਸਰ ਤੁਸੀਂ ਦੇਖੋਗੇ ਕਿ ਕਿਸੇ ਦੂਜੇ ਦੇਸ਼ ਵਿਚ ਅਜਿਹਾ ਪਲਾਂਟ ਕੰਮ ਕਰ ਰਿਹਾ ਹੈ, ਜੋ ਤੁਹਾਡੇ ਇੱਥੇ ਵੀ ਚੱਲ ਸਕਦਾ ਹੈ ਅਤੇ ਤੁਸੀਂ ਇਸ ਨੂੰ ਬਿਹਤਰ ਕਰੋਗੇ।” ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਸਾਧਾਰਨ ਨਿਯਮਾਂ ‘ਤੇ ਭਰੋਸਾ ਰੱਖਦਾ ਹੈ, ਮਤਲਬ ਅਮਰੀਕਾ ਵਿਚ ਬਣੀਆਂ ਵਸਤਾਂ ਖਰੀਦੋ ਅਤੇ ਅਮਰੀਕੀਆਂ ਨੂੰ ਭਰਤੀ ਕਰੋ।
ਉਨ੍ਹਾਂ ਨੇ ਕਿਹਾ, ”ਸਾਡੇ ਦੇਸ਼ ਦੇ ਲੋਕ ਯੋਧਾ ਹਨ। ਤੁਹਾਡੀ ਮਦਦ ਨਾਲ ਅਸੀਂ ਵਾਇਰਸ ਨੂੰ ਹਰਾ ਦੇਵਾਂਗੇ ਅਤੇ ਅਮਰੀਕੀ ਦਿਲ, ਅਮਰੀਕੀ ਹੱਥਾਂ, ਅਮਰੀਕੀ ਮਾਣ ਅਤੇ ਅਮਰੀਕੀ ਆਤਮਾ ਦੇ ਨਾਲ ਮਹਾਨ ਅਤੇ ਸਫਲ ਭਵਿੱਖ ਦਾ ਨਿਰਮਾਣ ਕਰਾਂਗੇ।” ਇਸ ਤੋਂ ਪਹਿਲਾਂ ਅਮਰੀਕਾ ਦੇ ਮੂਲ ਵਸਨੀਕਾਂ ਦੇ ਨਾਲ ਗੱਲਬਾਤ ‘ਚ ਟਰੰਪ ਨੇ ਕੋਰੋਨਾਵਾਇਰਸ ਨੂੰ ਸਖਤ ਦੁਸ਼ਮਣ ਦੱਸਿਆ। ਉਨ੍ਹਾਂ ਨੇ ਕਿਹਾ, ”ਪਰ ਅਸੀਂ ਜਿੱਤ ਰਹੇ ਹਾਂ ਅਤੇ ਆਪਣੇ ਦੇਸ਼ ਨੂੰ ਫਿਰ ਤੋਂ ਪਟੜੀ ‘ਤੇ ਆਉਂਦੇ ਹੋਏ ਦੇਖ ਰਹੇ ਹਾਂ।” ਟਰੰਪ ਨੇ ਕਿਹਾ ਕਿ ਪਰ ਉਦੇਸ਼ ਹਾਲੇ ਹਾਸਲ ਨਹੀਂ ਹੋਇਆ ਹੈ। ਟਰੰਪ ਨੇ ਕਿਹਾ ਕਿ ਅਮਰੀਕਾ ਹੁਣ ਵਿਭਿੰਨ ਦੇਸ਼ਾਂ ਦੀ ਮਦਦ ਕਰ ਰਿਹਾ ਹੈ, ਜਿਨ੍ਹਾਂ ਵਿਚ ਉਨ੍ਹਾਂ ਨੂੰ ਵੈਂਟੀਲੇਟਰਜ਼ ਜਿਹੀ ਲੋੜੀਂਦੀ ਮੈਡੀਕਲ ਸਪਲਾਈ ਮੁਹੱਈਆ ਕਰਾਉਣਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ, ”ਸਾਡੇ ਕੋਲ ਦੁਨੀਆਂ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਵੱਧ ਵੈਂਟੀਲੇਟਰਜ਼ ਹਨ ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਫਰਾਂਸ, ਇਟਲੀ, ਸਪੇਨ, ਨਾਈਜੀਰੀਆ ਅਤੇ ਕਈ ਹੋਰ ਦੇਸ਼ਾਂ ਦੀ ਮਦਦ ਕਰ ਰਹੇ ਹਾਂ।”


Share