ਕੋਰੋਨਾਵਾਇਰਸ: ਲਾਕਡਾਊਨ ‘ਚ ਢਿੱਲ ਦਿੱਤੇ ਜਾਣ ‘ਤੇ ਵਿਚਾਰ ਕਰੇਗੀ ਜਰਮਨ ਸਰਕਾਰ

728

ਬਰਲਿਨ, 1 ਮਈ (ਪੰਜਾਬ ਮੇਲ)- ਜਰਮਨੀ ਦੇ ਸਿਹਤ ਮੰਤਰੀ ਨੇ ਕੋਰੋਨਾਵਾਇਰਸ ਦੀ ਇਨਫੈਕਸ਼ਨ ਨੂੰ ਰੋਕਣ ਲਈ ਲਾਗੂ ਪਾਬੰਦੀਆਂ ਵਿਚ ਵੱਡੀ ਢਿੱਲ ਦਿੱਤੇ ਜਾਣ ਖਿਲਾਫ ਆਗਾਹ ਕਰਦੇ ਹੋਏ ਆਖਿਆ ਹੈ ਕਿ ਨਿੱਕੀ ਜਿਹੀ ਅਸਾਵਧਾਨੀ ਨਾਲ ਵੀ ਮਹਾਮਾਰੀ ਨਾਲ ਨਜਿੱਠਣ ਵਿਚ ਦੇਸ਼ ਦੀ ਸਫਲਤਾ ਪਾਣੀ ‘ਚ ਮਿਲ ਸਕਦੀ ਹੈ। ਇਕ ਅਖਬਾਰ ਵਿਚ ਲਿਖੇ ਗਏ ਲੇਖ ਵਿਚ ਸਿਹਤ ਮੰਤਰੀ ਜੈਂਸ ਸਪਾਨ ਨੇ ਲਾਕਡਾਊਨ ਵਿਚ ਢਿੱਲ ਦਿੱਤੇ ਜਾਣ ‘ਤੇ ਜਨਤਕ ਚਰਚਾ ਦਾ ਸੁਆਗਤ ਕੀਤਾ। ਪਰ ਉਨ੍ਹਾਂ ਨੇ ਆਖਿਆ ਕਿ ਦੂਜੇ ਦੇਸ਼ਾਂ ਦੀ ਤੁਲਨਾ ‘ਚ ਜਰਮਨੀ ਇਸ ਸੰਕਟ ਨਾਲ ਚੰਗੇ ਤਰੀਕੇ ਨਾਲ ਨਜਿੱਠ ਰਿਹਾ ਹੈ ਪਰ ਨਿੱਕੀ ਜਿਹੀ ਅਸਾਵਧਾਨੀ ਕਾਰਨ ਵੀ ਸਾਰੇ ਕੰਮ ‘ਤੇ ਪਾਣੀ ਫਿਰ ਸਕਦਾ ਹੈ।
ਜਰਮਨੀ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ 1,62,000 ਮਾਮਲੇ ਸਾਹਮਣੇ ਆਏ ਹਨ ਅਤੇ 6467 ਲੋਕਾਂ ਦੀ ਮੌਤ ਹੋਈ ਹੈ। ਬ੍ਰਿਟੇਨ ਅਤੇ ਫਰਾਂਸ ਵਿਚ ਵੀ ਇਨਫੈਕਸ਼ਨ ਦੇ ਇੰਨੇ ਹੀ ਮਾਮਲੇ ਹਨ ਪਰ ਉਥੇ ਜ਼ਿਆਦਾ ਮੌਤਾਂ ਹੋਈਆਂ ਹਨ। ਸਪਾਨ ਨੇ ਕਿਹਾ ਕਿ ਸਰਕਾਰ ਪਾਬੰਦੀਆਂ ਵਿਚ ਢਿੱਲ ਦੇ ਲਈ ਵੱਡੇ ਕਦਮ ਚੁੱਕ ਕੇ ਖਤਰਾ ਲੈਣ ਦੀ ਬਜਾਏ ਛੋਟ-ਛੋਟੇ ਕਦਮ ਚੁੱਕਣਾ ਚਾਹੁੰਦੀ ਹੈ। ਜਰਮਨੀ ਦੀ ਚਾਂਸਲਰ ਏਜੰਲਾ ਮਰਕੇਲ ਸ਼ੁੱਕਰਵਾਰ ਨੂੰ 16 ਰਾਜਾਂ ਦੇ ਗਵਰਨਰਾਂ ਨਾਲ ਗੱਲਬਾਤ ਕਰੇਗੀ। ਉਹ ਇਨਫੈਕਸ਼ਨ ਨੂੰ ਰੋਕਣ ਲਈ ਮੌਜੂਦਾ ਉਪਾਅ ਦੇ ਅਸਰ ‘ਤੇ ਚਰਚਾ ਕਰੇਗੀ।