ਕੋਰੋਨਾਵਾਇਰਸ ਲਈ ਬ੍ਰਿਟਿਸ਼ ਅਮਰੀਕਨ ਟੋਬੈਕੋ ਕੰਪਨੀ ਵੱਲੋਂ ਵੈਕਸੀਨ ਬਣਾਉਣ ਦੀ ਦੌੜ ‘ਚ ‘ਮਹਤੱਵਪੂਰਨ ਸਫਲਤਾ’ ਦਾ ਦਾਅਵਾ

751
Share

ਨਵੀਂ ਦਿੱਲੀ, 2 ਅਪ੍ਰੈਲ (ਪੰਜਾਬ ਮੇਲ)- ਦੁਨੀਆਂ ਦੀ ਦੂਜੀ ਸਭ ਤੋਂ ਵੱਡੀ ਸਿਗਰੇਟ ਨਿਰਮਾਤਾ ਕੰਪਨੀ ਨੇ ਜਾਨਲੇਵਾ ਕੋਰੋਨਾਵਾਇਰਸ ਲਈ ਵੈਕਸੀਨ ਬਣਾਉਣ ਦੀ ਦੌੜ ‘ਚ ‘ਮਹਤੱਵਪੂਰਨ ਸਫਲਤਾ’ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਕੰਪਨੀ ਦੇ ਮੁਤਾਬਕ ਅਗਲੇ ਤਿੰਨ ਮਹੀਨੇ ਅੰਦਰ ਉਹ ਵੱਡੇ ਪੱਧਰ ‘ਤੇ ਵੈਕਸੀਨ ਦਾ ਉਤਪਾਦਨ ਸ਼ੁਰੂ ਕਰਨ ਲਈ ਤਿਆਰ ਹੋਵੇਗੀ। ਵੈਕਸੀਨ ਬਣਾਉਣ ਦਾ ਦਾਅਵਾ ਕਰਨ ਵਾਲੀ ਕੰਪਨੀ ਬ੍ਰਿਟਿਸ਼ ਅਮਰੀਕਨ ਟੋਬੈਕੋ (BAT) ਨੇ ਕਿਹਾ ਕਿ ਵੈਕਸੀਨ ਬਣਾਉਣ ਦਾ ਦਾਅਵਾ ਕਰਨ ਵਾਲੀਆਂ ਦੂਜੀਆਂ ਮੁਕਾਬਲੇਬਾਜ਼ੀ ਕੰਪਨੀਆਂ ਦੀ ਤੁਲਨਾ ‘ਚ ਉਨ੍ਹਾਂ ਦੀ ਕੰਪਨੀ ਜ਼ਿਆਦਾ ਤੇਜ਼ੀ ਨਾਲ ਵੈਕਸੀਨ ਬਣਾ ਸਕਦੀ ਹੈ। ਕੰਪਨੀ ਮੁਤਾਬਕ ਕੰਪਨੀ ਜੂਨ ਤੋਂ ਵੈਕਸੀਨ ਦੇ 30 ਲੱਖ ਡੋਜ਼ ਦਾ ਉਤਪਾਦਨ ਇਕ ਹਫਤੇ ‘ਚ ਕਰ ਸਕਦੀ ਜਦਕਿ ਦੂਜੀਆਂ ਕੰਪਨੀਆਂ ਵੈਕਸੀਨ ਬਣਾਉਣ ਲਈ ਘਟੋ-ਘੱਟ ਇਕ ਸਾਲ ਤਕ ਦਾ ਸਮਾਂ ਲੈਣ ਦੀਆਂ ਗੱਲਾਂ ਕਰ ਚੁੱਕੀਆਂ ਹਨ।
ਬੈਟ ਕੰਪਨੀ ਨੇ ਆਪਣੇ ਇਰਾਦੇ ਜ਼ਾਹਿਰ ਕਰਦੇ ਹੋਏ ਕਿਹਾ ਕਿ ਕੰਪਨੀ ਜਲਦ ਤੋਂ ਜਲਦ ਟੀਕਾਕਰਣ ਦਾ ਪ੍ਰੀਖਣ ਸ਼ੁਰੂ ਕਰਨਾ ਚਾਹੁੰਦੀ ਹੈ, ਜੋ ਅਜੇ ਪ੍ਰੀ-ਕਲਿਨਿਕਲ ਪ੍ਰੀਖਣ ਨਾਲ ਗੁਜਰ ਰਿਹਾ ਹੈ। ਇਹ ਨਹੀਂ, ਕੰਪਨੀ ਵੈਕਸੀਨ ਦੇ ਫਾਸਟ ਟ੍ਰੈਕ ਪਰਮੀਸ਼ਨ ਲਈ ਵੀ ਅਮਰੀਕੀ ਡਰੱਗ ਅਥਾਰਿਟੀਜ਼ ਨਾਲ ਗੱਲਬਾਤ ਕਰ ਰਹੀ ਹੈ। ਕੋਰੋਨਵਾਇਰਸ ਦੇ ਇਲਾਜ ਲਈ ਕਥਿਤ ਵੈਕਸੀਨ ਨੂੰ ਬੈਟ ਕੰਪਨੀ ਦੇ ਸਿਹਤ ਵਿਭਾਗ ਕੇਂਟਕੀ ਬਾਇਊਪ੍ਰੋਸੈਸਿੰਗ ਦੁਆਰਾ ਵਿਕਸਤ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਇਬੋਲਾ ਵਾਇਰਸ ਨਾਲ ਨਜਿੱਠਣ ਲਈ ਇਕ ਦਵਾਈ ਲੈ ਕੇ ਆਈ ਸੀ। ਕੰਪਨੀ ਦੇ ਦਾਅਵੇ ਮੁਤਾਬਕ ਉਸ ਨੂੰ ਇਕ ਐਂਟੀਬਾਡੀ ਮਿਲੀ ਹੈ ਜੋ ਕੋਵਿਡ-19 ਨਾਲ ਲੜਦੇ ਹੋਏ ਪ੍ਰਭਾਈ ਦਿਖੀ ਹੈ।
ਕੰਪਨੀ ਦਾ ਕਹਿਣਾ ਹੈ ਕਿ ਉਹ ਜੈਨੇਟਿਕ ਤੌਰ ‘ਤੇ ਤੰਬਾਕੂ ਪੌਦਿਆਂ ਦੀ ਵਰਤੋਂ ਕਰਕੇ ਐਂਟੀਬਾਡੀ ਦਾ ਨਿਰਮਾਣ ਕਰ ਰਹੀ ਹੈ। ਹਾਲਾਂਕਿ ਮਾਹਰਾਂ ਨੇ ਬੈਟ ਕੰਪਨੀ ਦੇ ਐਲਾਨ ‘ਤੇ ਹੈਰਾਨੀ ਜਤਾਈ ਹੈ, ਕਿਉਂਕਿ ਐਲਾਨ ਤੋਂ ਬਾਅਦ ਕੰਪਨੀ ਦੇ ਸ਼ੇਅਰ 4 ਫੀਸਦੀ ਵਧ ਗਏ ਹਨ। ਦੱਸਣਯੋਗ ਹੈ ਕਿ ਵੈਕਸੀਨ ਖੋਜ ਦੇ ਦਾਅਵੇ ਤੋਂ ਬਾਅਦ ਹੀ ਬੈਟ ਕੰਪਨੀ ਸਿਹਤ ਵਿਭਾਗ ਦੇ ਨਾਲ-ਨਾਲ ਅਮਰੀਕੀ ਰੈਗੂਲੇਟਰਾਂ ਨਾਲ ਵੀ ਗੱਲਬਾਤ ਸ਼ੁਰੂ ਕਰ ਦਿੱਤੀ ਹੈ।
ਇਹ ਨਹੀਂ, ਕੰਪਨੀ ਨੇ ਹੁਣ ਜਲਦ ਤੋਂ ਜਲਦ ਆਪਣੀ ਵੈਕਸੀਨ ਦੀ ਕਲਿਨਿਕਲ ਸਟੱਡੀ ਲਈ ਸਰਕਾਰੀ ਏਜੰਸੀਆਂ ਨਾਲ ਸਾਂਝੇਦਾਰੀ ਲੱਭਣੀ ਸ਼ੁਰੂ ਕਰ ਦਿੱਤੀ ਹੈ। ਜੈਫਰੀਜ਼ ਦੇ ਓਵੇਨ ਬੇਨੇਟ ਨੇ ਕਿਹਾ ਕਿ ਜੇਕਰ ਇਹ ਯੋਜਨਾ ਸਫਲ ਹੁੰਦੀ ਹੈ ਤਾਂ ਇਸ ਨਾਲ ਬੈਟ ਕੰਪਨੀ ਦੀ ਸਾਖ ਨੂੰ ਭਾਰੀ ਹੁਲਾਰਾ ਮਿਲੇਗਾ। ਦੱਸਣਯੋਗ ਹੈ ਕਿ ਇਸ ਹਫਤੇ ਦੀ ਸ਼ੁਰੂਆਤ ‘ਚ ਅਮਰੀਕੀ ਉਪਭੋਗਤਾ ਸਾਮਾਨਾਂ ਦੀ ਦਿੱਗਜ ਕੰਪਨੀ ਜਾਨਸਨ ਐਂਡ ਜਾਨਸਨ ਨੇ ਵੀ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਸੀ ਅਤੇ ਵੈਕਸੀਨ ਦੇ ਪ੍ਰੀਖਣ ਲਈ ਅਮਰੀਕਾ ਦੇ ਨਾਲ 1 ਬਿਲੀਅਨ ਡਾਲਰ ਦੇ ਸੌਦੇ ਦਾ ਐਲਾਨ ਕੀਤਾ ਸੀ।


Share