ਕੋਰੋਨਾਵਾਇਰਸ: ਰੂਸ ਨੂੰ ਪਿੱਛੇ ਛੱਡ ਵਿਸ਼ਵ ਭਰ ‘ਚ ਤੀਜਾ ਸਭ ਤੋਂ ਪ੍ਰਭਾਵਿਤ ਦੇਸ਼ ਬਣਿਆ ਭਾਰਤ

676
Share

-ਪੰਜਾਬ ਸਮੇਤ 21 ਰਾਜਾਂ ‘ਚ ਸਿਹਤਯਾਬ ਹੋਣ ਦੀ ਦਰ ਕੌਮੀ ਔਸਤ ਤੋਂ ਵੱਧ
ਨਵੀਂ ਦਿੱਲੀ, 8 ਜੁਲਾਈ (ਪੰਜਾਬ ਮੇਲ)- ਦੇਸ਼ ਭਰ ‘ਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਅਤੇ ਕੁੱਲ ਮਾਮਲੇ ਸਾਢੇ ਸੱਤ ਲੱਖ ਦੇ ਕਰੀਬ ਪੁੱਜ ਗਏ ਹਨ। ਕੋਰੋਨਾ ਕੇਸਾਂ ਦੇ ਮਾਮਲੇ ‘ਚ ਭਾਰਤ ਐਤਵਾਰ ਨੂੰ ਰੂਸ ਨੂੰ ਪਿੱਛੇ ਛੱਡ ਕੇ ਵਿਸ਼ਵ ਭਰ ‘ਚ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ‘ਚ ਤੀਜੇ ਨੰਬਰ ‘ਤੇ ਆ ਗਿਆ। ਹੁਣ ਸਿਰਫ ਅਮਰੀਕਾ ਅਤੇ ਬ੍ਰਾਜ਼ੀਲ ‘ਚ ਹੀ ਭਾਰਤ ਨਾਲੋਂ ਜ਼ਿਆਦਾ ਮਾਮਲੇ ਹਨ। ਰੂਸ ‘ਚ 6,94,230 ਅਤੇ ਬ੍ਰਾਜ਼ੀਲ ‘ਚ 16,74,655 ਅਤੇ ਅਮਰੀਕਾ ‘ਚ ਸਭ ਤੋਂ ਵੱਧ 30,97,084 ਮਾਮਲੇ ਹਨ। ਭਾਰਤ ਵਿਚ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 744,006 ਹੋ ਗਈ ਅਤੇ ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 20 ਹਜ਼ਾਰ ਦੇ ਪਾਰ ਪਹੁੰਚ ਗਈ ਹੈ।
ਇਸ ਦੇ ਨਾਲ ਹੀ ਪੰਜਾਬ, ਦਿੱਲੀ ਤੇ ਉੱਤਰ ਪ੍ਰਦੇਸ਼ ਸਮੇਤ 21 ਰਾਜਾਂ ‘ਚ ਕੋਵਿਡ-19 ਤੋਂ ਠੀਕ ਹੋਣ ਦੀ ਦਰ ਕੌਮੀ ਔਸਤ 60.77 ਫ਼ੀਸਦੀ ਦੀ ਤੁਲਨਾ ‘ਚ ਜ਼ਿਆਦਾ ਹੈ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤੀ। ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਮਿਲ ਕੇ ਕੋਵਿਡ-19 ਤੋਂ ਨਿਪਟਣ ਲਈ ਕੀਤੇ ਗਏ ਸਮੂਹਿਕ ਯਤਨਾਂ ਕਾਰਨ ਅਜੇ ਤੱਕ 457058 ਮਰੀਜ਼ ਜਾਨਲੇਵਾ ਵਾਇਰਸ ਤੋਂ ਠੀਕ ਹੋ ਚੁੱਕੇ ਹਨ। ਮੰਤਰਾਲੇ ਵਲੋਂ ਕੀਤੇ ਅੰਕੜੇ ਮੁਤਾਬਕ ਵਰਤਮਾਨ ‘ਚ ਦੇਸ਼ ‘ਚ ਕੋਰੋਨਾਵਾਇਰਸ ਤੋਂ ਪੀੜਤ 266295 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਮੰਤਰਾਲੇ ਨੇ ਦੱਸਿਆ ਕਿ ਇਸ ਦੇ ਨਾਲ ਹੀ ਦੇਸ਼ ‘ਚ ਕੋਵਿਡ-19 ਮਰੀਜ਼ਾਂ ਦੇ ਠੀਕ ਹੋਣ ਦੀ ਦਰ 60.77 ਫ਼ੀਸਦੀ ਹੈ, ਜਦੋਂਕਿ 21 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਕੌਮੀ ਔਸਤ ਤੋਂ ਜ਼ਿਆਦਾ ਹੈ। ਇਨ੍ਹਾਂ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਚੰਡੀਗੜ੍ਹ (85.9 ਫ਼ੀਸਦੀ), ਲੱਦਾਖ (82.2 ਫ਼ੀਸਦੀ), ਉੱਤਰਾਖੰਡ (80.9 ਫ਼ੀਸਦੀ), ਛੱਤੀਸਗੜ੍ਹ (80.6 ਫ਼ੀਸਦੀ), ਰਾਜਸਥਾਨ (80 ਫ਼ੀਸਦੀ), ਮਿਜ਼ੋਰਮ (79.3 ਫ਼ੀਸਦੀ), ਤ੍ਰਿਪੁਰਾ (77.7 ਫ਼ੀਸਦੀ), ਮੱਧ ਪ੍ਰਦੇਸ਼ (76.9 ਫ਼ੀਸਦੀ), ਝਾਰਖੰਡ (74.3 ਫ਼ੀਸਦੀ), ਬਿਹਾਰ (74.2 ਫ਼ੀਸਦੀ), ਹਰਿਆਣਾ (74.1 ਫ਼ੀਸਦੀ), ਗੁਜਰਾਤ (71.9 ਫ਼ੀਸਦੀ), ਪੰਜਾਬ (70.5 ਫ਼ੀਸਦੀ), ਦਿੱਲੀ (70.2 ਫ਼ੀਸਦੀ), ਮੇਘਾਲਿਆ (694 ਫ਼ੀਸਦੀ), ਓਡੀਸ਼ਾ (69.0 ਫ਼ੀਸਦੀ), ਉੱਤਰ ਪ੍ਰਦੇਸ਼ (68.4 ਫ਼ੀਸਦੀ), ਹਿਮਾਚਲ ਪ੍ਰਦੇਸ਼ (67.3 ਫ਼ੀਸਦੀ), ਪੱਛਮੀ ਬੰਗਾਲ (66.7 ਫ਼ੀਸਦੀ), ਅਸਾਮ (62.4 ਫ਼ੀਸਦੀ) ਤੇ ਜੰਮੂ ਕਸ਼ਮੀਰ (62.4 ਫ਼ੀਸਦੀ) ਸ਼ਾਮਿਲ ਹਨ।


Share