ਕੋਰੋਨਾਵਾਇਰਸ: ਰਾਜਾਸਾਂਸੀ ਤੋਂ 358 ਕੈਨੇਡਾ ਅਤੇ 275 ਯਾਤਰੀ ਇੰਗਲੈਂਡ ਲਈ ਹੋਏ ਰਵਾਨਾ

940
Share

-ਲੌਕਡਾਊਨ ਦੌਰਾਨ ਹਵਾਈ ਸੇਵਾਵਾਂ ਠੱਪ ਹੋਣ ਕਾਰਨ ਯਾਤਰੀਆਂ ਨੂੰ ਖਰੀਦਣੀਆਂ ਪਈਆਂ ਮਹਿੰਗੀਆਂ ਟਿਕਟਾਂ!
ਰਾਜਾਸਾਂਸੀ, 5 ਮਈ (ਪੰਜਾਬ ਮੇਲ)- ਵਿਸ਼ਵ ਭਰ ਕੋਰੋਨਾਵਾਇਰਸ ਦੇ ਕਹਿਰ ਕਾਰਨ ਤੇ ਹਵਾਈ ਸੇਵਾਵਾਂ ਠੱਪ ਹੋਣ ‘ਤੇ ਭਾਰਤ ‘ਚ ਪੁੱਜੇ ਭਾਰਤੀ ਮੂਲ, ਪ੍ਰੰਤੂ ਕੈਨੇਡਾ ਅਤੇ ਬਰਤਾਨੀਆ ਦੇ ਪੱਕੇ ਵਸਨੀਕਾਂ ਦੀ ਵਾਪਸੀ ਲਈ ਕੈਨੇਡੀਅਨ ਅਤੇ ਬ੍ਰਿਟਿਸ਼ ਸਰਕਾਰ ਵਲੋਂ ਕਤਰ ਏਅਰਲਾਇਨ ਕੰਪਨੀ ਦੀਆਂ ਲਗਾਤਾਰ ਹਵਾਈ ਉਡਾਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਕਤਰ ਏਅਰਵੇਜ਼ ਦੀ ਵਿਸ਼ੇਸ਼ ਉਡਾਨ ਰਾਹੀਂ 358 ਯਾਤਰੀ ਵੈਨਕੂਵਰ (ਕੈਨੇਡਾ) ਨੂੰ ਰਵਾਨਾ ਹੋਏ, ਜਿਨ੍ਹਾਂ ‘ਚ 310 ਕੈਨੇਡੀਅਨ ਨਾਗਰਿਕ, 4 ਇਟਾਲੀਅਨ ਅਤੇ 44 ਭਾਰਤੀ ਪਾਸਪੋਰਟ ਵਾਲੇ ਸਨ। ਇਸ ਉਡਾਨ ਰਾਹੀਂ ਭਾਰਤ ‘ਚ ਕੋਰੋਨਾਵਾਇਰਸ ਦੀ ਮਹਾਂਮਾਰੀ ਦੌਰਾਨ ਭਾਰਤ ‘ਚ ਫਸੇ ਯਾਤਰੀ ਆਪਣੇ ਘਰਾਂ ‘ਚ ਪੁੱਜ ਸਕਣਗੇ। ਇੱਥੋਂ ਰਵਾਨਾ ਹੋਣ ਮੌਕੇ ਫਿਰੋਜ਼ਪੁਰ ਦੇ ਇਕ ਯਾਤਰੂ ਨੇ ਦੱਸਿਆ ਕਿ ਉਹ 4 ਮਾਰਚ ਨੂੰ ਆਪਣੀ ਧਰਮ ਪਤਨੀ ਤੋਂ ਇਲਾਵਾ ਬੇਟੀ ਅਤੇ ਬੇਟੇ ਨਾਲ ਇੱਥੇ ਪੁੱਜੇ ਅਤੇ 4 ਅਪ੍ਰੈਲ ਨੂੰ ਵਾਪਸ ਰਵਾਨਾ ਹੋਣਾ ਸੀ, ਪ੍ਰੰਤੂ ਹਵਾਈ ਸੇਵਾਵਾਂ ਠੱਪ ਹੋਣ ਕਾਰਨ ਇੱਥੇ ਕੈਦ ਹੋ ਕੇ ਰਹਿ ਗਏ ਸਨ ਅਤੇ ਡਾਢੇ ਪ੍ਰੇਸ਼ਾਨ ਸਨ। ਉਨ੍ਹਾਂ ਦੱਸਿਆ ਕਿ ਉਹ ਚਾਰੇ ਮੈਂਬਰ ਇੱਥੇ ਇਕੱਠੇ ਪੁੱਜੇ ਸਨ ਪ੍ਰੰਤੂ ਵਾਪਸ ਜਾਣ ਲੱਗਿਆਂ ਹੁਣ ਉਨ੍ਹਾਂ ਪਿਉ-ਪੁੱਤ ਦੋ ਜਾਣਿਆਂ ਨੂੰ 4 ਮਈ ਦੀਆਂ ਟਿਕਟਾਂ ਮਿਲੀਆਂ ਹਨ ਤੇ ਦੋ ਦਿਨ ਬਾਅਦ ਉਨ੍ਹਾਂ ਦੀ ਧਰਮ ਪਤਨੀ ਅਤੇ ਬੇਟੀ ਨੂੰ 6 ਮਈ ਨੂੰ ਵਾਪਸ ਜਾਣ ਦੀਆਂ ਟਿਕਟਾਂ ਮਿਲੀਆਂ ਹਨ, ਜਿਸ ਸਦਕਾ ਉਹ ਵਾਪਸ ਪਰਤ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਅਫ਼ਸੋਸ ਹੈ ਕਿ ਹਵਾਈ ਸੇਵਾਵਾਂ ਠੱਪ ਹੋਣ ਕਾਰਨ ਉਨ੍ਹਾਂ ਨੂੰ ਮਹਿੰਗੇ ਭਾਅ ਦੀਆਂ ਟਿਕਟਾਂ ਲੈਣ ਲਈ ਮਜਬੂਰ ਹੋਣਾ ਪਿਆ ਹੈ।
275 ਬ੍ਰਿਟਿਸ਼ ਪੰਜਾਬੀ ਵਿਸ਼ੇਸ਼ ਉਡਾਣ ਰਾਹੀਂ ਯੂ.ਕੇ. ਰਵਾਨਾ
ਕਰੋਨਾ ਮਹਾਮਾਰੀ ਕਰਕੇ ਤਾਲਾਬੰਦੀ ਦੌਰਾਨ ਇਥੇ ਫਸੇ ਬ੍ਰਿਟਿਸ਼ ਪੰਜਾਬੀਆਂ ਦਾ ਵਿਸ਼ੇਸ਼ ਉਡਾਣਾਂ ਰਾਹੀਂ ਯੂਕੇ ਪਰਤਣ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਹੀ ਕਤਰ ਏਅਰਵੇਜ਼ ਦੀ ਵਿਸ਼ੇਸ਼ ਉਡਾਣ ਰਾਹੀਂ 275 ਬ੍ਰਿਟਿਸ਼ ਪੰਜਾਬੀ ਯਾਤਰੂ ਯੂ.ਕੇ. ਲਈ ਰਵਾਨਾ ਹੋਏ ਹਨ। ਕਤਰ ਏਅਰਵੇਜ਼ ਦੀ ਇਹ ਵਿਸ਼ੇਸ਼ ਉਡਾਣ ਸ੍ਰੀ ਗੁਰੂ ਰਾਮਦਾਸ ਅੰਤਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਈ।


Share