ਕੋਰੋਨਾਵਾਇਰਸ: ਮੌਤਾਂ ਦੇ ਮਾਮਲੇ ‘ਚ ਅਮਰੀਕਾ ਨੇ ਇਟਲੀ ਨੂੰ ਪਿੱਛੇ ਛੱਡਿਆ

857

– 6 ਲੱਖ ਤੋਂ ਜ਼ਿਆਦਾ ਲੋਕ ਇਸ ਵਾਇਰਸ ਤੋਂ ਪੀੜਤ
– ਨਿਊਯਾਰਕ ‘ਚ ਹੋਈਆਂ ਸਭ ਤੋਂ ਵੱਧ ਮੌਤਾਂ
– ਅਮਰੀਕਾ ਭਰ ‘ਚ 39 ਹਜ਼ਾਰ ਦੇ ਕਰੀਬ ਇਲਾਜ ਤੋਂ ਬਾਅਦ ਹੋਏ ਠੀਕ

ਵਾਸ਼ਿੰਗਟਨ, 15 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਨੇ ਕੋਰੋਨਾਵਾਇਰਸ ਕਰਕੇ ਹੋਈਆਂ ਮੌਤਾਂ ਦੇ ਮਾਮਲੇ ‘ਚ ਇਟਲੀ ਨੂੰ ਪਿੱਛੇ ਛੱਡ ਦਿੱਤਾ ਹੈ। ਕਰੋਨਾ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਦੇ ਮਾਮਲੇ ‘ਚ ਵੀ ਅਮਰੀਕਾ ਮੋਹਰੀ ਹੈ। ਉਥੇ 615,000 ਦੇ ਕਰੀਬ ਲੋਕ ਇਸ ਵਾਇਰਸ ਤੋਂ ਪੀੜਤ ਹਨ, ਜਦਕਿ ਦੂਜੇ ਨੰਬਰ ‘ਤੇ ਸਪੇਨ ਹੈ, ਜਿੱਥੇ 1,74,00 ਤੋਂ ਜ਼ਿਆਦਾ ਮਰੀਜ਼ ਹਨ। ਇਟਲੀ ‘ਚ ਕਰੋਨਾ ਦੇ 1,62,450 ਤੋਂ ਜ਼ਿਆਦਾ ਕੇਸ ਹਨ।
ਪ੍ਰਾਪਤ ਅੰਕੜਿਆਂ ਮੁਤਾਬਕ ਅਮਰੀਕਾ ‘ਚ ਇਸ ਵਾਇਰਸ ਕਾਰਨ ਤਕਰੀਬਨ 615,000 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ ਅਤੇ 26 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਸਨ, ਜਦਕਿ 39 ਹਜ਼ਾਰ ਦੇ ਕਰੀਬ ਮਰੀਜ਼ ਠੀਕ ਵੀ ਹੋਏ ਹਨ। ਜਦਕਿ ਇਟਲੀ ‘ਚ ਮੌਤਾਂ ਦਾ ਅੰਕੜਾ 21 ਹਜ਼ਾਰ ਤੋਂ ਵੱਧ ਸੀ।
ਅਮਰੀਕਾ ਦੇ ਕੈਲੀਫੋਰਨੀਆ ‘ਚ ਵੀ ਇਸ ਵਾਇਰਸ ਤੋਂ 24 ਹਜ਼ਾਰ ਲੋਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿਚੋਂ 900 ਦੇ ਕਰੀਬ ਮਰੀਜ਼ ਠੀਕ ਹੋਏ ਹਨ ਅਤੇ 800 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੈਕਰਾਮੈਂਟੋ ‘ਚ ਵੀ ਇਸ ਵਾਇਰਸ ਕਾਰਨ 750 ਲੋਕ ਪ੍ਰਭਾਵਿਤ ਹੋਏ ਹਨ ਅਤੇ 27 ਲੋਕਾਂ ਦੀ ਇਸ ਨਾਲ ਮੌਤਾਂ ਹੋ ਚੁੱਕੀ ਹੈ।
ਅਮਰੀਕਾ ‘ਚ ਕਰੋਨਾ ਮਹਾਮਾਰੀ ਦੇ ਮੁੱਖ ਕੇਂਦਰ ਨਿਊਯਾਰਕ ਪ੍ਰਾਂਤ ‘ਚ ਹੁਣ ਤੱਕ ਸਭ ਤੋਂ ਵੱਧ 10 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਬਾਅਦ ਨਿਊਜਰਸੀ (2183) ਅਤੇ ਮਿਸ਼ੀਗਨ (1276) ਦਾ ਨੰਬਰ ਆਉਂਦਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਸਰਕਾਰ ਨੇ ਪਹਿਲਾਂ ਮਹਾਮਾਰੀ ਕਾਰਨ ਇਕ ਲੱਖ ਤੋਂ 2 ਲੱਖ 40 ਹਜ਼ਾਰ ਮੌਤਾਂ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਸੀ ਪਰ ਇਸ ਹਫ਼ਤੇ ਇਹ ਅਨੁਮਾਨ ਘਟਾ ਕੇ 60 ਹਜ਼ਾਰ ਕਰ ਦਿੱਤਾ ਹੈ। ਵ੍ਹਾਈਟ ਹਾਊਸ ਟਾਸਕ ਫੋਰਸ ਦੇ ਮੈਂਬਰਾਂ ਮੁਤਾਬਕ 50 ‘ਚੋਂ 42 ਪ੍ਰਾਂਤਾਂ ਵੱਲੋਂ ਘਰਾਂ ‘ਚ ਰਹਿਣ ਦੇ ਦਿੱਤੇ ਹੁਕਮਾਂ ਦੀ ਸਫ਼ਲਤਾ ਕਾਰਨ ਮੌਤਾਂ ਦੇ ਅੰਕੜੇ ‘ਚ ਗਿਰਾਵਟ ਦਾ ਅਨੁਮਾਨ ਲਗਾਇਆ ਗਿਆ ਹੈ।
ਇਸ ਤੋਂ ਇਲਾਵਾ ਸਪੇਨ ‘ਚ 18 ਹਜ਼ਾਰ ਤੋਂ ਵੱਧ, ਫਰਾਂਸ ‘ਚ 16 ਹਜ਼ਾਰ ਦੇ ਕਰੀਬ ਅਤੇ ਇੰਗਲੈਂਡ ‘ਚ 12 ਹਜ਼ਾਰ ਤੋਂ ਵੱਧ ਵਿਅਕਤੀ ਕਰੋਨਾ ਦੀ ਭੇਟ ਚੜ੍ਹ ਚੁੱਕੇ ਹਨ।