ਕੋਰੋਨਾਵਾਇਰਸ ਮਹਾਮਾਰੀ ਦੌਰਾਨ ਪਾਕਿਸਤਾਨ ‘ਚ ਔਰਤਾਂ ਖਿਲਾਫ ਵਧੇ ਹਿੰਸਾ ਦੇ ਮਾਮਲੇ

678
Share

ਇਸਲਾਮਾਬਾਦ, 9 ਜੁਲਾਈ (ਪੰਜਾਬ ਮੇਲ)-ਪਾਕਿਸਤਾਨ ਵਿਚ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਔਰਤਾਂ ਨੂੰ ਨਾ ਸਿਰਫ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਉਨ੍ਹਾਂ ਖਿਲਾਫ ਹਿੰਸਾ ਦੇ ਮਾਮਲਿਆਂ ਵਿਚ ਵੀ ਵਾਧਾ ਹੋਇਆ ਹੈ। ਇਹ ਦਾਅਵਾ ਇਕ ਗੈਰ-ਸਰਕਾਰੀ ਸੰਗਠਨ (ਐੱਨ. ਜੀ. ਓ.) ਨੇ ਕੀਤਾ ਹੈ।
ਪਾਕਿਸਤਾਨ ਵਿਚ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰਨ ਵਾਲੇ ਸੰਗਠਨ ‘ਔਰਤ ਫਾਊਂਡੇਸ਼ਨ’ ਦੀ ਪਰਿਯੋਜਨਾ ਅਧਿਕਾਰੀ ਯਾਸਮੀਨ ਮੁਗਲ ਨੇ ਕਿਹਾ ਕਿ ਔਰਤਾਂ ਖਿਲਾਫ ਹਿੰਸਾ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਵਿਚ ਔਰਤਾਂ ਦੀ ਸਿਆਸੀ ਹਿੱਸੇਦਾਰੀ ਨਾਲ ਸਬੰਧਤ ਦੋ ਦਿਨਾਂ ਦੀ ਸਿਖਲਾਈ ਵਰਕਸ਼ਾਪ ਦੇ ਸਮਾਪਤੀ ਪ੍ਰੋਗਰਾਮ ਵਿਚ ਯਾਸਮੀਨ ਨੇ ਕਿਹਾ ਕਿ ਦੇਸ਼ ਦੀਆਂ ਆਰਥਿਕ ਗਤੀਵਿਧੀਆਂ ਵਿਚ ਸ਼ਾਮਲ ਔਰਤਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਅਤੇ ਸਰਕਾਰੀ ਤੇ ਗੈਰ-ਸਰਕਾਰੀ ਪੱਧਰ ‘ਤੇ ਉਨ੍ਹਾਂ ਦੀ ਸੁਵਿਧਾ ਲਈ ਮਹੱਤਵਪੂਰਨ ਕਦਮ ਚੁੱਕੇ ਜਾਣ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਜੇਕਰ ਵਿਵਹਾਰਿਕ ਕਦਮ ਨਾ ਚੁੱਕੇ ਗਏ ਤਾਂ ਪਾਕਿਸਤਾਨ ਵਿਚ ਲੱਖਾਂ ਮੱਧ ਵਰਗੀ ਪਰਿਵਾਰ ਗਰੀਬੀ ਰੇਖਾ ਦੇ ਹੇਠਾਂ ਜ਼ਿੰਦਗੀ ਜਿਊਣ ਨੂੰ ਮਜਬੂਰ ਹੋ ਜਾਣਗੇ।
ਪਾਕਿਸਤਾਨ ਵਿਚ ਸ਼ਾਂਤੀ ਤੇ ਲਗਾਤਾਰ ਵਿਕਾਸ ਦੇ ਮੁੱਦਿਆਂ ‘ਤੇ ਕੰਮ ਕਰਨ ਵਾਲੇ ਐੱਨ. ਜੀ. ਓ. ਲਗਾਤਾਰ ਸਮਾਜਿਕ ਵਿਕਾਸ ਸੰਗਠਨ (ਐੱਸ. ਐੱਸ. ਡੀ. ਓ.) ਨੇ ਆਪਣੀ ਜਨਵਰੀ ਤੋਂ ਮਾਰਚ 2020 ਦੀ ਰਿਪੋਰਟ ਵਿਚ ਪਾਕਿਸਤਾਨ ਵਿਚ ਜਨਵਰੀ ਮਹੀਨੇ ਦੇ ਮੁਕਾਬਲੇ ਮਾਰਚ ਮਹੀਨੇ ਵਿਚ ਔਰਤਾਂ ਖਿਲਾਫ ਹਿੰਸਾ ਦੇ ਮਾਮਲਿਆਂ ਵਿਚ 200 ਫੀਸਦੀ ਦਾ ਵਾਧਾ ਦਰਜ ਕੀਤਾ ਹੈ।


Share