ਕੋਰੋਨਾਵਾਇਰਸ: ਭਾਰਤ ‘ਚ 3 ਟੀਕਿਆਂ ਨੂੰ ਕਲੀਨਿਕਲ ਟਰਾਇਲ ਦੀ ਮਿਲੀ ਮਨਜ਼ੂਰੀ

770

ਨਵੀਂ ਦਿੱਲੀ, 5 ਮਈ (ਪੰਜਾਬ ਮੇਲ)-ਦੇਸ਼ ‘ਚ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਤੋਂ ਪ੍ਰੇਸ਼ਾਨ ਲੋਕਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ, ਕਿਉਂਕਿ 3 ਵੱਡੀਆਂ ਦਵਾਈ ਕੰਪਨੀਆਂ ਨੇ ਇਸ ਦੇ ਇਲਾਜ ਲਈ ਟੀਕੇ ਤਿਆਰ ਕਰ ਲਏ ਹਨ ਅਤੇ ਇਨ੍ਹਾਂ 3 ਟੀਕਿਆਂ ਨੂੰ ਭਾਰਤ ‘ਚ ਕਲੀਨਿਕਲ ਟਰਾਇਲ ਦੀ ਮਨਜ਼ੂਰੀ ਵੀ ਮਿਲ ਚੁੱਕੀ ਹੈ। ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀ.ਸੀ.ਜੀ.ਆਈ.) ਡਾ. ਵੀਜੀ ਸੋਮਾਨੀ ਨੇ ਦੱਸਿਆ ਕਿ ਪਿਛਲੇ ਹਫ਼ਤੇ ਕੇਂਦਰ ਸਰਕਾਰ ਨੇ ਦੇਸ਼ ਦੀਆਂ 3 ਦਵਾਈ ਕੰਪਨੀਆਂ ਨੂੰ ਕੋਰੋਨਾਵਾਇਰਸ ਨਾਲ ਲੜਨ ਵਾਲੇ ਟੀਕਿਆਂ ਦੇ ਕਲੀਨਿਕਲ ਟਰਾਇਲ ਲਈ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਨ੍ਹਾਂ ਸਭ ਕੰਪਨੀਆਂ ਨੂੰ ਇਹ ਟੀਕੇ ਫਾਸਟਟਰੈਕ ਤਹਿਤ ਤਿਆਰ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਪੀੜਤ ਲੋਕਾਂ ਨੂੰ ਬਚਾਇਆ ਜਾ ਸਕੇ। ਇਸ ਮਾਮਲੇ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਟੀਕੇ ਭਾਰਤੀ ਕੰਪਨੀ ਗਲੇਨਮਾਰਕ, ਕੇਡਿਲਾ ਹੈਲਥਕੇਅਰ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਵਲੋਂ ਤਿਆਰ ਕੀਤੇ ਗਏ ਹਨ। ਇਨ੍ਹਾਂ ਟੀਕਿਆਂ ਦੇ ਸ਼ੁਰੂਆਤੀ ਖੋਜ ਦੌਰਾਨ ਕੋਰੋਨਾਵਾਇਰਸ ਖ਼ਿਲਾਫ਼ ਕਾਫੀ ਪ੍ਰਭਾਵੀ ਸਿੱਧ ਹੋਣ ‘ਤੇ ਹੁਣ ਇਨ੍ਹਾਂ ਕੰਪਨੀਆਂ ਨੂੰ ਦੇਸ਼ ‘ਚ ਹਸਪਤਾਲਾਂ ਦੀ ਨਿਸ਼ਾਨਦੇਹੀ ਕਰਕੇ ਟੀਕਿਆਂ ਨੂੰ ਮਰੀਜ਼ਾਂ ‘ਤੇ ਇਸਤੇਮਾਲ ਕਰਨ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਸੀਰਮ (ਪੁਣੇ) ਆਕਸਫੋਰਡ ਯੂਨੀਵਰਸਿਟੀ ਵਲੋਂ ਤਿਆਰ ਟੀਕੇ ਸੀ.ਐੱਚ.ਏ.ਡੀ.ਓ.ਐਕਸ.1 ਦਾ ਕਲੀਨਿਕਲ ਟਰਾਇਲ ਕਰੇਗਾ, ਜਦਕਿ ਗਲੇਨਮਾਰਕ ਵਲੋਂ ਦਵਾਈ ਤਿਆਰ ਕੀਤੀ ਗਈ ਹੈ, ਜਦਕਿ ਕੇਡਿਲਾ ਹੈਲਥਕੇਅਰ ਵਲੋਂ ਅਲਫਾ-2 ਬੀ ਨਾਂਅ ਦਾ ਟੀਕਾ ਤਿਆਰ ਕੀਤਾ ਗਿਆ ਹੈ।