ਕੋਰੋਨਾਵਾਇਰਸ: ਭਾਰਤ ‘ਚ ਮਾਸਕ ਦੀ ਕਿੱਲਤ!

762

* ਵਿਦੇਸ਼ਾਂ ਵਿਚ ਵੀ ਮਾਸਕ 6 ਗੁਣਾਂ ਮਹਿੰਗੇ ਵਿਕਣ ਲੱਗੇ
ਨਵੀਂ ਦਿੱਲੀ, 8 ਮਾਰਚ (ਪੰਜਾਬ ਮੇਲ)- ਕੋਰੋਨਾ ਵਾਇਰਸ ਦੇ ਵਧਦੇ ਕਹਿਰ ਨੂੰ ਰੋਕਣ ਲਈ ਨਿੱਜੀ ਸੁਰੱਖਿਆ ਸਾਮਾਨ (ਪੀ.ਪੀ.ਈ.) ਦੀ ਸੰਸਾਰ ਪੱਧਰ ਦੀ ਸਪਲਾਈ ਭਾਰਤ ਵਿਚ ਵੀ ਰੁਕਾਵਟ ਪਾ ਰਹੀ ਹੈ।
ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਇਸ ਬਾਰੇ ਚਿਤਾਵਨੀ ਦਿੱਤੀ ਹੈ ਕਿ ਸੰਸਾਰ ਪੱਧਰ ਉੱਤੇ ਨਿੱਜੀ ਸੁਰੱਖਿਆ ਸਾਧਨਾਂ ਦੀ ਮੰਗ ਵਧੀ ਹੈ, ਪਰ ਵਧਦੀ ਮੰਗ ਕਾਰਨ ਇਨ੍ਹਾਂ ਦੀ ਜਮ੍ਹਾਖੋਰੀ ਅਤੇ ਦੁਰਵਰਤੋਂ ਹੋਣ ਨਾਲ ਕੋਰੋਨਾਵਾਇਰਸ ਦੇ ਨਵੇਂ ਮਰੀਜ਼ਾਂ ਤੇ ਹੋਰ ਪੀੜਤਾਂ ਦੀ ਜਾਨ ਖਤਰੇ ਵਿਚ ਹੈ। ਸਿਹਤ ਕਾਮੇ ਆਪਣੇ ਆਪ ਤੇ ਆਪਣੇ ਮਰੀਜ਼ਾਂ ਨੂੰ ਪੀੜਤ ਹੋਣ ਤੇ ਦੂਜਿਆਂ ਨੂੰ ਪੀੜਤ ਕਰਨ ਤੋਂ ਬਚਾਉਣ ਲਈ ਨਿੱਜੀ ਸੁਰੱਖਿਆ ਸਾਧਨਾਂ ‘ਤੇ ਭਰੋਸਾ ਕਰਦੇ ਹਨ। ਕੋਰੋਨਾਵਾਇਰਸ ਤੋਂ ਬਚਾਅ ਲਈ ਮਾਸਕ ਨੂੰ ਕਿਸੇ ਵੀ ਹੋਰ ਚੀਜ਼ ਤੋਂ ਵੱਧ ਪਹਿਲ ਦਿੱਤੀ ਜਾਂਦੀ ਹੈ। ਇਸ ਕਾਰਨ ਮੁੰਬਈ ਵਿਚ ਮਾਸਕ ਦੀ ਕਮੀ ਹੋ ਗਈ ਤੇ ਥਰਮਾਮੀਟਰ ਦੀ ਕੀਮਤ ਵਿਚ 3 ਗੁਣਾ ਦਾ ਵਾਧਾ ਹੋ ਗਿਆ ਹੈ। ਮਾਸਕ ਅਤੇ ਥਰਮਾਮੀਟਰ ਦੀਆਂ ਕੀਮਤਾਂ ਵਿਚ ਵਾਧੇ ਦਾ ਕਾਰਨ ਉੱਤਰੀ ਭਾਰਤ ਵਿਚ ਕੋਰੋਨਾ ਵਾਇਰਸ (ਕੋਵਿਡ-19) ਦੇ ਕੇਸਾਂ ਦਾ ਮਿਲਣਾ ਹੈ, ਜਿਸ ਨਾਲ ਇਨ੍ਹਾਂ ਚੀਜ਼ਾਂ ਦੀ ਮੰਗ ਵਧ ਗਈ ਹੈ।
ਜਾਣਕਾਰ ਸੂਤਰਾਂ ਮੁਤਾਬਕ ਨਾਨ-ਕੰਟੈਕਟ ਥਰਮਾਮੀਟਰ ਬਹੁਤੇ ਮੈਡੀਕਲ ਸਟੋਰਾਂ ਤੋਂ ਗਾਇਬ ਹਨ। ਜਿੱਥੇ ਸਟਾਕ ਹੈ, ਉਥੇ ਇਕ ਥਰਮਾਮੀਟਰ ਕਰੀਬ 2500 ਤੋਂ 3000 ਰੁਪਏ ਵਿਚ ਮਿਲਦਾ ਹੈ, ਜਿਸ ਦੀ ਅਸਲੀ ਕੀਮਤ 500 ਤੋਂ 800 ਰੁਪਏ ਦੇ ਨੇੜੇ ਹੈ। ਆਲ ਫੂਡ ਐਂਡ ਡਰੱਗ ਲਾਇਸੈਂਸ ਹੋਲਡਰ ਫਾਊਂਡੇਸ਼ਨ ਦੇ ਚੇਅਰਮੈਨ ਅਭੈ ਪਾਂਡੇ ਨੇ ਕਿਹਾ ਕਿ ਇਨ੍ਹਾਂ ਥਰਮਾਮੀਟਰ ਨੂੰ ਸਟੋਰ ਕੀਪਰ ਉਨ੍ਹਾਂ ਦੀ ਅਸਲੀ ਕੀਮਤ ਦੇ 3 ਤੋਂ 4 ਗੁਣਾ ਕੀਮਤ ਉੱਤੇ ਵੇਚ ਰਹੇ ਹਨ। ਇਸ ਤੋਂ ਇਲਾਵਾ ਸਰਜੀਕਲ ਤੇ ਐੱਨ-95 ਮਾਸਕ ਦੀ ਕਮੀ ਹੋ ਗਈ ਹੈ। ਮਹਾਰਾਸ਼ਟਰ ਦੇ ਮਾਸਕ ਨਿਰਮਾਤਾ ਮੈਗਨਮ ਮੈਡੀਕੇਅਰ ਦੇ ਡਾਇਰੈਕਟਰ ਰਾਕੇਸ਼ ਭਗਤ ਦੇ ਮੁਤਾਬਕ ਸਕਾਈਰਾਕੇਟ ਮਾਸਕ ਦੀ ਮੰਗ 300 ਫੀਸਦੀ ਹੋ ਗਈ ਹੈ, ਪਰ ਸਰਕਾਰ ਨੇ ਇੰਪੋਰਟ ‘ਤੇ ਪਾਬੰਦੀ ਲਾ ਦਿੱਤੀ ਹੈ। ਇਸ ਨਾਲ ਲੋਕਲ ਮਾਸਕ ਮੈਨੂਫੈਕਚਰਜ਼ ਨੂੰ ਮੁਸ਼ਕਲ ਹੈ। ਮਾਸਕ ਬਣਾਉਣ ਦੇ ਲਈ ਰਾਅ-ਮਟੀਰੀਅਲ ਦੀ ਇੰਪੋਰਟ ਚੀਨ ਤੋਂ ਹੀ ਕੀਤੀ ਜਾਂਦੀ ਹੈ।
ਨਾਨ-ਕੰਟੈਕਟ ਥਰਮਾਮੀਟਰ ਸਰੀਰ ਤੋਂ ਕਰੀਬ 15 ਸੈਂਟੀਮੀਟਰ ਦੂਰਤੋਂ ਬਾਡੀ ਤਾਪਮਾਨ ਮਾਪਣ ਦੀ ਸਮਰੱਥਾ ਰੱਖਦੇ ਹਨ। ਇਸ ਨੂੰ ਸਰੀਰ ਨਾਲ ਕੁਨੈਕਟ ਕਰਨ ਦੀ ਲੋੜ ਨਹੀਂ ਹੁੰਦੀ ਅਤੇ ਇਸ ਥਰਮਾਮੀਟਰ ਦੀ ਵਰਤੋਂ ਜ਼ਿਆਦਾਤਰ ਇਨਫੈਕਸ਼ਨ ਵਾਲੇ ਕੇਸਾਂ ਵਿਚ ਕੀਤੀ ਜਾਂਦੀ ਹੈ। ਇਸ ਥਰਮਾਮੀਟਰ ਦੀ ਵਰਤੋਂ ਮੈਡੀਕਲ ਸਟਾਫ ਕਰਦਾ ਹੈ।
ਇਸ ਦੌਰਾਨ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਹੈ ਕਿ ਕੋਰੋਨਾਵਾਇਰਸ ਦੀ ਇਨਫੈਕਸ਼ਨ ਫੈਲਣ ਤੋਂ ਬਾਅਦ ਦੁਨੀਆਂ ਭਰ ਵਿਚ ਮਾਸਕ ਅਤੇ ਦਸਤਾਨੇ ਵਰਗੇ ਨਿੱਜੀ ਬਚਾਅ ਸਾਧਨਾਂ ਦੀ ਕਮੀ ਹੋਣ ਨਾਲ ਇਨ੍ਹਾਂ ਦੇ ਮੁੱਲ 6 ਗੁਣਾ ਤੱਕ ਵਧ ਗਏ ਹਨ। ਡਬਲਯੂ.ਐੱਚ.ਓ. ਨੇ ਚਿਤਾਵਨੀ ਦਿੱਤੀ ਹੈ ਕਿ ਮੰਗ ਵਧਣ ਨਾਲ ਵਾਇਰਸ ਤੋਂ ਨਿੱਜੀ ਬਚਾਅ ਦੇ ਸਾਧਨ ਮਾਸਕ, ਦਸਤਾਨੇ ਆਦਿ ਦੀ ਸਪਲਾਈ ਪ੍ਰਭਾਵਿਤ ਹੋਈ ਤੇ ਅੰਨ੍ਹੇਵਾਹ ਖਰੀਦ ਤੇ ਕਾਲਾ ਬਾਜ਼ਾਰੀ ਲਈ ਸਟੋਰ ਵੀ ਸ਼ੁਰੂ ਹੋ ਗਿਆ ਹੈ। ਡਬਲਯੂ.ਐੱਚ.ਓ. ਦੇ ਡਾਇਰੈਕਟਰ ਜਨਰਲ ਡਾ. ਤੇਦਰੋਸ ਏ. ਗੇਬ੍ਰਿਏਸਿਸ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ ਸਰਜੀਕਲ ਮਾਸਕ ਦੀ ਕੀਮਤ 6 ਗੁਣਾ, ਐੱਨ-95 ਮਾਸਕ ਦੀ ਕੀਮਤ 3 ਗੁਣਾ ਅਤੇ ਡਾਕਟਰਾਂ ਵੱਲੋਂ ਪਹਿਨੇ ਜਾਣ ਵਾਲੇ ਗਾਊਨ ਦੀ ਕੀਮਤ 2 ਗੁਣਾ ਵਧ ਗਈ ਹੈ।
ਰੂਸ ਦੀ ਸਰਕਾਰ ਨੇ 1 ਜੂਨ ਤੱਕ ਲਈ ਮਾਸਕ ਤੇ ਕੁਝ ਹੋਰ ਮੈਡੀਕਲ ਸਾਮਾਨ ਦੀ ਐਕਸਪੋਰਟ ‘ਤੇ ਰੋਕ ਲਾ ਦਿੱਤੀ ਹੈ। ਸਰਕਾਰ ਨੇ ਨਿੱਜੀ ਵਰਤੋਂ ਅਤੇ ਮਨੁੱਖੀ ਮਦਦ ਲਈ ਭੇਜੇ ਜਾਂਦੇ ਸਾਮਾਨ ਵਿਚ ਬੈਂਡੇਜ, ਪੱਟੀਆਂ, ਸੁਰੱਖਿਅਕ, ਕੀਟਾਣੂ ਨਾਸ਼ਕ ਅਤੇ ਵਾਇਰਸ ਰੋਕੂ ਦਵਾਈਆਂ ਦੇ ਨਾਲ ਕੁਝ ਹੋਰ ਵਸਤਾਂ ਲਈ ਛੋਟ ਦਿੱਤੀ ਹੈ।