ਕੋਰੋਨਾਵਾਇਰਸ; ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ‘ਚ ਕਰਫਿਊ

742

– ਜਲੰਧਰ ਡੀ. ਸੀ. ਨੇ ਦਿੱਤੇ ਸਖਤ ਹੁਕਮ
ਜਲੰਧਰ , 23 ਮਾਰਚ (ਪੰਜਾਬ ਮੇਲ)- ਪੰਜਾਬ ‘ਚ ਕੋਰੋਨਾਵਾਇਰਸ ਦੇ ਲਗਾਤਾਰ ਵੱਧ ਰਹੇ ਖਤਰੇ ਨੂੰ ਦੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ‘ਚ ਕਰਫਿਊ ਲਗਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਸਾਰੇ ਜ਼ਿਲਿਆਂ ਦੇ ਡੀ. ਸੀਜ਼. ਨੂੰ ਸਖਤੀ ਨਾਲ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਵਾਉਣ ਦੇ ਹੁਕਮ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਲੇ ਹੁਕਮਾਂ ਤੋਂ ਬਾਅਦ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਤੋਂ ਪੂਰੇ ਜ਼ਿਲੇ ‘ਚ ਕਰਫਿਊ ਲਗਾਉਣ ਦਾ ਐਲਾਨ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਬਿਨ੍ਹਾਂ ਵਜ੍ਹਾ ਤੋਂ ਘਰੋਂ ਬਾਹਰ ਨਿਕਲਿਆ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਵਾਹਨਾਂ ਨੂੰ ਜ਼ਬਤ ਕੀਤਾ ਜਾਵੇਗਾ। ਵਰਿੰਦਰ ਕੁਮਾਰ ਸ਼ਰਮਾ ਨੇ ਸਖਤ ਹੁਕਮ ਦਿੰਦੇ ਹੋਏ ਕਿਹਾ ਕਿ ਸਿਰਫ ਪ੍ਰਸ਼ਾਸਨਿਕ ਅਧਿਕਾਰੀ, ਅਰਧ ਸੈਨਿਕ ਬਲਾਂ, ਪੁਲਿਸ ਅਤੇ ਮੀਡੀਆ ਦੇ ਕਰਮਚਾਰੀਆਂ ਨੂੰ ਕਰਫਿਊ ਦੌਰਾਨ ਬਾਹਰ ਜਾਣ ਦੀ ਆਗਿਆ ਦਿੱਤੀ ਗਈ ਹੈ, ਜੋਕਿ ਸਿਰਫ ਗੁਲਾਬੀ ਜਾਂ ਪੀਲੇ ਕਾਰਡ ਲੈ ਕੇ ਬਾਹਰ ਨਿਕਲ ਸਕਦੇ ਹਨ ਅਤੇ ਬਾਕੀ ਕੋਈ ਵੀ ਆਪਣੇ ਘਰ ‘ਚੋਂ ਬਾਹਰ ਨਹੀਂ ਨਿਕਲ ਸਕੇਗਾ। ਡੀ. ਸੀ. ਨੇ ਕਿਹਾ ਲੋਡ਼ ਮੁਤਾਬਕ ਜ਼ਿਲੇ ‘ਚ ਢਿੱਲ ਦਿੱਤੀ ਜਾ ਸਕਦੀ ਹੈ।
ਹਸਪਤਾਲ ਪਹਿਲਾਂ ਵਾਂਗ ਹੀ ਕੰਮ ਕਰ ਕਰਦੇ ਰਹਿਣਗੇ ਅਤੇ ਅੱਗੇ ਦਾ ਮਾਹੌਲ ਦੇਖ ਕੇ ਲੋਕਾਂ ਨੂੰ ਜ਼ਰੂਰੀ ਵਸਤੂਆਂ ਖਰੀਦਣ ਲਈ ਕਰਫਿਊ ‘ਚ ਛੋਟ ਦੇਣ ਦਾ ਫੈਸਲਾ ਲਿਆ ਜਾ ਸਕਦਾ ਹੈ। ਇਹ ਕਰਫਿਊ ਕਿਸੇ ਨੂੰ ਤੰਗ ਕਰਨ ਲਈ ਨਹੀਂ ਸਗੋਂ ਲੋਕਾਂ ਦੀ ਜਾਨ ਬਚਾਉਣ ਲਈ ਲਗਾਇਆ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਿਵੇਂ ਜਲੰਧਰ ਦੀ ਜਨਤਾ ਨੇ ਕੱਲ੍ਹ ਸਹਿਯੋਗ ਦਿੱਤਾ ਸੀ, ਉਸੇ ਤਰ੍ਹਾਂ ਹੀ ਅੱਗੇ ਵੀ ਸਹਿਯੋਗ ਦੇਵੇ। ਇਹ ਕਰਫਿਊ ਅਗਲੇ ਹੁਕਮਾਂ ਤਕ ਜਾਰੀ ਰਹੇਗਾ।
ਇਸ ਦੇ ਨਾਲ ਹੀ ਜ਼ਿਲਾ ਮੈਜਿਸਟ੍ਰੇਟ ਵਿਨੈ ਬਬਲਾਨੀ ਵੱਲੋਂ ਵੀ ਸ਼ਹੀਦ ਭਗਤ ਸਿੰਘ ਨਗਰ ‘ਚ ਅੱਜ ਦੁਪਹਿਰ 2 ਵਜੇ ਤੋਂ ਅਗਲੇ ਹੁਕਮਾਂ ਤੱਕ ਕਰਫਿਊ ਲਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਕਿਸੇ ਦੇ ਵੀ ਘਰ ‘ਚੋਂ ਨਿਕਲਣ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਪ੍ਰਸ਼ਾਸਨ ਵੱਲੋਂ ਇਹ ਵੀ ਹੁਕਮ ਦਿੱਤੇ ਗਏ ਹਨ ਕਿ ਇਸ ਕਰਫਿਊ ‘ਚ ਕਿਸੇ ਤਰ੍ਹਾਂ ਦੀ ਕੋਈ ਰਿਆਇਤ ਨਹੀਂ ਦਿੱਤੀ ਜਾਵੇਗੀ।

ਘਰ ‘ਚ ਕੁਆਰੰਟਾਈਨ ਦੀ ਉਲੰਘਣਾ ਕੀਤੀ ਤਾਂ ਹੋਵੇਗੀ ਕਾਨੂੰਨੀ ਕਾਰਵਾਈ ਕਰੇਗਾ
ਇਸ ਤੋਂ ਇਲਾਵਾ ਡੀ.ਸੀ. ਨੇ ਬੀਤੇ ਦਿਨ ਇਹ ਹੁਕਮ ਜਾਰੀ ਕੀਤੇ ਸਨ ਕਿ ਕੋਰੋਨਾ ਵਾਇਰਸ ਦੇ ਕਿਸੇ ਵੀ ਸ਼ੱਕੀ ਮਰੀਜ਼ ਨੇ ਘਰ ‘ਚ ਕੁਆਰੰਟਾਈਨ ਦੀ ਸਲਾਹ ਦੀ ਉਲੰਘਣਾ ਕੀਤੀ ਤਾਂ ਪ੍ਰਸ਼ਾਸਨ ਉਸ ਖਿਲਾਫ ਕਾਨੂੰਨੀ ਕਾਰਵਾਈ ਕਰੇਗਾ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਕੁਆਰੰਟਾਈਨ ਐਡਵਾਈਜ਼ਰੀ ਦੀ ਉਲੰਘਣਾ ਕਰਨ ਵਾਲੇ ਲੋਕਾਂ ‘ਤੇ ਸਥਾਨਕ ਪੁਲਿਸ ਵੱਲੋਂ ਕਾਨੂੰਨ ਅਨੁਸਾਰ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ। ਜਲੰਧਰ ਪ੍ਰਸ਼ਾਸਨ ਵੱਲੋਂ ਸ਼ੱਕੀ ਮਰੀਜ਼ਾਂ ਦੀ ਪਛਾਣ ਕਰਕੇ ਘਰਾਂ ‘ਚ ਕੁਆਰੰਟਾਈਨ ਕਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਮੁੱਖ ਉਦੇਸ਼ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਘਰਾਂ ‘ਚ ਕੁਆਰੰਟਾਈਨ ਕੀਤਾ ਜਾਵੇਗਾ, ਉਨ੍ਹਾਂ ਦੇ ਸੱਜੇ ਹੱਥ ‘ਤੇ ਮੋਹਰ ਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕੁਝ ਲੋਕ ਹੱਥ ‘ਤੇ ਮੋਹਰ ਲੱਗੀ ਹੋਣ ਦੇ ਬਾਵਜੂਦ ਬਾਹਰ ਘੁੰਮ ਰਹੇ ਹਨ ਅਤੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ, ਜਿਸ ਨੂੰ ਪ੍ਰਸ਼ਾਸਨ ਹਰਗਿਜ਼ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਅਜਿਹੇ ਵਿਅਕਤੀ ਦੇ ਬਾਹਰ ਨਿਕਲਣ ਨਾਲ ਕੋਰੋਨਾ ਵਾਇਰਸ ਦੇ ਫੈਲਣ ਦਾ ਖਤਰਾ ਬਣੇਗਾ।