ਕੋਰੋਨਾਵਾਇਰਸ : ਪੰਜਾਬ ‘ਚ ਨਸ਼ੇੜੀ ਨਸ਼ੇ ਨੂੰ ਰਹੇ ਤਰਸ

790
Share

ਬਰਨਾਲਾ, 20 ਅਪ੍ਰੈਲ (ਪੰਜਾਬ ਮੇਲ)- ਕੋਰੋਨਾਵਾਇਰਸ ਕਰਕੇ ਜਿੱਥੇ ਪਿਛਲੇ ਮਹੀਨੇ ਤੋਂ ਸੂਬੇ ‘ਚ ਕਰਫਿਊ ਚੱਲ ਰਿਹਾ ਹੈ। ਇਸ ਦੇ ਨਾਲ ਹੀ ਸੂਬੇ ‘ਚ ਨਸ਼ੇੜੀਆਂ ਦੀ ਵੀ ਬੁਰੀ ਹਾਲਤ ਹੈ। ਬਰਨਾਲਾ ਵਿੱਚ ਹਰ ਰੋਜ਼ ਤਕਰੀਬਨ 200 ਲੋਕ ਨਸ਼ਾ ਛੁਡਾਉ ਕੇਂਦਰ ਆ ਰਹੇ ਹਨ। ਇੱਥੇ ਦਵਾਈ ਲੈਣ ਲਈ ਸਵੇਰੇ 6 ਵਜੇ ਲੋਕ ਲਾਈਨਾਂ ‘ਚ ਲੱਗ ਜਾਂਦੇ ਹਨ। ਇੱਥੇ ਆਉਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਸ਼ਾ ਮੁਕਤੀ ਕੇਂਦਰ ‘ਚ ਦਵਾਈ ਨਹੀਂ ਦਿੱਤੀ ਜਾ ਰਹੀ।

ਇਸ ਮਾਮਲੇ ‘ਤੇ ਆਪਣਾ ਦੁਖ ਜ਼ਾਹਿਰ ਕਰਦਿਆਂ ਲੋਕਾਂ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਅਫੀਮ, ਪੋਸ਼ਤ ਦਾ ਨਸ਼ਾ ਕਰ ਰਹੇ ਹਨ। ਪਿਛਲੇ ਮਹੀਨੇ ਤੋਂ ਕਰਫਿਊ ਕਰਕੇ ਉਨ੍ਹਾਂ ਨੂੰ ਨਸ਼ਾ ਨਹੀਂ ਮਿਲ ਰਿਹਾ, ਜੇਕਰ ਕਿਤੇ ਨਸ਼ਾ ਮਿਲ ਵੀ ਰਿਹਾ ਹੈ ਤਾਂ ਮਹਿੰਗਾ ਮਿਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਨਸ਼ਾ ਛੱਡਣ ਲਈ ਸਵੇਰੇ 6 ਵਜੇ ਤੋਂ ਦੂਰ ਦੁਰਾਡੇ ਪਿੰਡਾਂ ਤੋਂ ਆ ਰਹੇ ਹਨ। ਉਹ ਸਵੇਰੇ 6 ਵਜੇ ਤੋਂ ਬੈਠੇ ਹਨ ਤੇ ਡਾਕਟਰਾਂ ਉਨ੍ਹਾਂ ਕੋਲੋ ਪਰਚੀ ਲੈ ਕੇ ਰੱਖ ਲੈਂਦੇ ਹਨ। ਇਸ ਦੇ ਨਾਲ ਹੀ ਪਰਚੀ ਦੇ ਕੇ ਕਦੇ ਪੁਰਾਣੇ ਹਸਪਤਾਲ ਤੇ ਕਦੇ ਨਵੇਂ ਹਸਪਤਾਲ ਭੇਜਦੇ ਰਹਿੰਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਰਾਜਸਥਾਨ ਤੇ ਮੱਧ ਪ੍ਰਦੇਸ਼ ਦੀ ਤਰ੍ਹਾਂ ਪੰਜਾਬ ਵਿੱਚ ਵੀ ਅਫੀਮ ਤੇ ਭੁੱਕੀ ਦੇ ਠੇਕੇ ਖੋਲ੍ਹਣੇ ਚਾਹੀਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਨਿਰਦੇਸ਼ ਦਿੱਤੇ ਹਨ ਕਿ ਨਸ਼ੇੜੀਆਂ ਨੂੰ 21 ਦਿਨ ਦੀ ਦਵਾਈ ਦਿੱਤੀ ਜਾਵੇ, ਪਰ ਨਸ਼ਾ ਛੁਡਾਊ ਕੇਂਦਰ ਵੱਲੋਂ ਸਿਰਫ 10 ਦਿਨਾਂ ਦੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹੈ।

ਉਧਰ, ਜਦੋਂ ਇਸ ਮਾਮਲੇ ‘ਤੇ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਐਸਐਮਓ ਡਾ. ਤਪਿੰਦਰ ਜੋਤ ਨੇ ਦੱਸਿਆ ਕਿ ਬਰਨਾਲਾ ਦੇ ਨਸ਼ਾ ਛੁਡਾਊ ਕੇਂਦਰ ‘ਚ ਹਰ ਰੋਜ਼ 500 ਤੋਂ 700 ਮਰੀਜ਼ ਦਵਾਈ ਲੈਣ ਆ ਰਹੇ ਹਨ ਤੇ ਕਰਫਿਊ ਦੌਰਾਨ ਨਸ਼ਾ ਨਾ ਮਿਲਣ ਕਾਰਨ 150 ਤੋਂ 200 ਨਵੇਂ ਮਰੀਜ਼ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਹਰੇਕ ਮਰੀਜ਼ ਨੂੰ 21 ਦਿਨਾਂ ਦੀ ਦਵਾਈ ਦਿੱਤੀ ਜਾ ਰਹੀ ਹੈ। ਇਹ ਦਵਾਈ ਪੰਜਾਬ ਸਰਕਾਰ ਵੱਲੋਂ ਮੁਫਤ ਦਿੱਤੀ ਜਾਂਦੀ ਹੈ। ਸੂਬੇ ਦੇ ਨਿੱਜੀ ਨਸ਼ਾ ਛੁਡਾਊ ਕੇਂਦਰ ਬੰਦ ਹੋਣ ਕਾਰਨ ਵੱਡੀ ਗਿਣਤੀ ਵਿੱਚ ਨਸ਼ੇੜੀ ਬਰਨਾਲਾ ਨਸ਼ਾ ਛੁਡਾਊ ਕੇਂਦਰਾਂ ‘ਚ ਆ ਰਹੇ ਹਨ।


Share