ਨਵੀਂ ਦਿੱਲੀ, 18 ਮਾਰਚ (ਪੰਜਾਬ ਮੇਲ)- ਭਾਰਤ ‘ਚ ਕੋਰੋਨਾਵਾਇਰਸ ਦਾ ਖਤਰਾ ਵਧਦਾ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਦਿੱਲੀ ਸਰਕਾਰ ਵਲੋਂ ਸੋਮਵਾਰ ਨੂੰ 31 ਮਾਰਚ ਤੱਕ 50 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਦਾ ਐਲਾਨ ਕੀਤਾ ਗਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਇਸ ਪਾਬੰਦੀ ਦੇ ਐਲਾਨ ਮਗਰੋਂ ਸੋਮਵਾਰ ਨੂੰ ਸ਼ਾਹੀਨ ਬਾਗ ਵਿਚ ਸੈਂਕੜੇ ਲੋਕ ਇਕੱਠੇ ਹੋਏ। ਨਾਗਰਿਕਤਾ ਸੋਧ ਬਿੱਲ ਵਿਰੁੱਧ 3 ਮਹੀਨੇ ਤੋਂ ਵਧੇਰੇ ਸਮੇਂ ਤੋਂ ਔਰਤਾਂ ਧਰਨੇ ‘ਤੇ ਬੈਠੀਆਂ ਹੋਈਆਂ ਹਨ। ਧਰਨੇ ‘ਤੇ ਬੈਠੀਆਂ ਔਰਤਾਂ ਨੇ ਤੈਅ ਕੀਤਾ ਹੈ ਕਿ ਧਰਨਾ ਫਿਲਹਾਲ ਖਤਮ ਨਹੀਂ ਹੋਵੇਗਾ, ਜਦੋਂ ਤੱਕ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਨਹੀਂ ਲੈਂਦੀ। ਸਵਾਲ ਇਹ ਉਠਦਾ ਹੈ ਕਿ ਗਲੋਬਲ ਪੱਧਰ ‘ਤੇ ਫੈਲੇ ਕੋਰੋਨਾਵਾਇਰਸ ਨੂੰ ਦੇਖਦੇ ਹੋਏ ਕੁਝ ਕਦਮ ਚੁੱਕੇ ਜਾਣ, ਤਾਂ ਕਿ ਔਰਤਾਂ ਧਰਨੇ ਵਾਲੀ ਥਾਂ ਤੋਂ ਹਟ ਜਾਣ।
ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਕੋਰੋਨਾ ਦੇ ਵੱਧਦੇ ਕਹਿਰ ਨੂੰ ਦੇਖਦਿਆਂ ਰਾਸ਼ਟਰੀ ਰਾਜਧਾਨੀ ਦਿੱਲੀ ‘ਚ 31 ਮਾਰਚ ਤੱਕ 50 ਤੋਂ ਵਧੇਰੇ ਲੋਕਾਂ ਦੀ ਮੌਜੂਦਗੀ ਵਾਲੇ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਪ੍ਰੋਗਰਾਮ ਅਤੇ ਸਿਆਸੀ ਬੈਠਕਾਂ ਕਰਨ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਸੀ ਕਿ ਕੋਈ ਵੀ ਪ੍ਰਦਰਸ਼ਨ ਹੋਵੇ, ਕਿਤੇ ਵੀ 50 ਤੋਂ ਵਧੇਰੇ ਲੋਕ ਇਕੱਠੇ ਨਹੀਂ ਹੋ ਸਕਦੇ ਹਨ। ਇਹ ਪਾਬੰਦੀ ਦਿੱਲੀ ਦੇ ਸ਼ਾਹੀਨ ਬਾਗ ਅਤੇ ਜਾਮੀਆ ਮਿਲੀਆ ਇਸਲਾਮੀਆ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨ ਵਾਲੀ ਭੀੜ ‘ਤੇ ਲਾਗੂ ਹੋਵੇਗਾ। ਜ਼ਿਕਰਯੋਗ ਹੈ ਕਿ ਇਨ੍ਹਾਂ ਥਾਵਾਂ ‘ਤੇ ਨਾਗਰਿਕਤਾ ਸੋਧ ਕਾਨੂੰਨ, ਰਾਸ਼ਟਰੀ ਨਾਗਰਿਕ ਰਜਿਸਟਰ ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ ਵਿਰੁੱਧ 15 ਦਸੰਬਰ ਤੋਂ ਧਰਨਾ ਜਾਰੀ ਹੈ।