ਕੋਰੋਨਾਵਾਇਰਸ: ਪਾਕਿਸਤਾਨ ‘ਚ ਫਸੇ 208 ਭਾਰਤੀ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤੇ

674
Share

ਅਟਾਰੀ, 27 ਜੂਨ (ਪੰਜਾਬ ਮੇਲ)- ਕੋਰੋਨਾਵਾਇਰਸ ਦੇ ਚੱਲਦਿਆਂ ਲੌਕਡਾਊਨ ਦੌਰਾਨ ਪਾਕਿਸਤਾਨ ‘ਚ ਫਸੇ ਭਾਰਤੀ ਯਾਤਰੀਆਂ ‘ਚੋਂ ਅੱਜ ਤੀਜੇ ਪੜਾਅ ਤਹਿਤ 208 ਯਾਤਰੀ ਬਾਅਦ ਦੁਪਹਿਰ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਰਤੇ। ਅੱਜ ਆਏ ਯਾਤਰੀਆਂ ‘ਚ ਪੰਜਾਬ, ਮੱਧ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਹੋਰ ਸੂਬਿਆਂ ਨਾਲ ਸਬੰਧਿਤ ਵਿਅਕਤੀ ਸ਼ਾਮਿਲ ਹਨ। ਇੰਮੀਗ੍ਰੇਸ਼ਨ ਤੇ ਕਸਟਮ ਪ੍ਰਕਿਰਿਆ ਪੂਰੀ ਕਰਨ ਉਪਰੰਤ ਇਨ੍ਹਾਂ ਯਾਤਰੀਆਂ ਨੂੰ ਵਿਸ਼ੇਸ਼ ਸੁਰੱਖਿਆ ਪ੍ਰਬੰਧਾਂ ਹੇਠ ਅਟਾਰੀ ਸਰਹੱਦ ਤੋਂ ਬੱਸਾਂ ਰਾਹੀਂ ਸਬੰਧਤ ਰਾਜਾਂ ਨੂੰ ਭੇਜਿਆ ਗਿਆ ਹੈ। ਇਨ੍ਹਾਂ ਨੂੰ ਉਨ੍ਹਾਂ ਦੇ ਸੂਬਿਆਂ ਵਿੱਚ ਹੀ ਕੁਆਰਨਟਾਈਨ ਕੀਤਾ ਜਾਵੇਗਾ।
ਵਤਨ ਪਰਤੇ ਮੁਹੰਮਦ ਅਨਵਰ ਨੇ ਦੱਸਿਆ ਕਿ ਰਫੀਕ ਅਹਿਮਦ ਵਾਸੀ ਕਾਦੀਆਂ ਆਪਣੀ ਪਤਨੀ ਉਮੇਰਾ ਰਫੀਕ ਅਤੇ ਇੱਕ ਸਾਲ ਦੀ ਬੇਟੀ ਆਇਸ਼ਾ ਨਾਲ ਆਪਣੇ ਸਹੁਰੇ ਪਰਿਵਾਰ ਨੂੰ ਮਿਲਣ ਲਈ ਪਾਕਿਸਤਾਨ ਗਿਆ ਸੀ। ਰਫੀਕ ਅਹਿਮਦ ਦੀ ਪਤਨੀ ਉਮੇਰਾ ਰਫੀਕ ਪਾਕਿਸਤਾਨੀ ਮੂਲ ਦੀ ਹੈ ਜਿਸ ਨੂੰ ਭਾਰਤੀ ਯਾਤਰੀਆਂ ਨਾਲ ਵਾਪਸ ਪਰਤਣ ਦੀ ਇਜਾਜ਼ਤ ਨਹੀਂ ਮਿਲੀ। ਉਸਦੀ ਇੱਕ ਸਾਲ ਦੀ ਬੇਟੀ ਆਇਸ਼ਾ ਦਾ ਨਾਂ ਸ਼ੂਚੀ ਵਿੱਚ ਸ਼ਾਮਿਲ ਸੀ ਪਰ ਇੱਕ ਸਾਲ ਦੀ ਬੱਚੀ ਮਾਂ ਤੋਂ ਬਿਨਾਂ ਕਿਵੇਂ ਰਹਿ ਸਕਦੀ ਹੈ। ਇਸ ਕਾਰਨ ਬੱਚੀ ਆਇਸ਼ਾ ਨੂੰ ਮਾਂ ਕੋਲ ਛੱਡ ਕੇ ਰਫੀਕ ਅਹਿਮਦ ਨੂੰ ਪਰਿਵਾਰ ਤੋਂ ਬਿਨਾਂ ਹੀ ਵਾਪਸ ਪਰਤਣ ਲਈ ਮਜਬੂਰ ਹੋਣਾ ਪਿਆ।


Share