ਕੋਰੋਨਾਵਾਇਰਸ ਨੇ ਸਾਡੀ ਮਾਨਸਿਕਤਾ ਅਤੇ ਆਰਥਿਕਤਾ ਨੂੰ ਬਹੁਤ ਬੁਰੀ ਤਰ੍ਹਾਂ ਝੰਜੋੜਿਆ ਹੈ : ਡਾ: ਦੀਪਤੀ

609

-ਕਰੋਨਾ ਨੇ ਸਰਕਾਰਾਂ ਦੇ ਕੰਮਕਾਰ ਅਤੇ ਲੋਕਾਂ ਦੇ ਸਮਾਜਿਕ ਤਾਣੇ-ਬਾਣੇ ਨੂੰ ਪ੍ਰਭਾਵਿਤ ਕੀਤਾ ਹੈ : ਮੰਚ
-ਕਰੋਨਾ ਕਾਲ – ਮਨ ਬੇਹਾਲ ਵਿਸ਼ੇ ‘ਤੇ ਕਾਲਮਨਵੀਸ ਪੱਤਰਕਾਰ ਮੰਚ ਨੇ ਕਰਵਾਇਆ ਅੰਤਰਰਾਸ਼ਟਰੀ ਵੈਬੀਨਾਰ
ਲੰਡਨ, 30 ਸਤੰਬਰ (ਨਰਪਾਲ ਸਿੰਘ ਸ਼ੇਰਗਿੱਲ/ਪੰਜਾਬ ਮੇਲ)- ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਵਲੋਂ ‘ਕਰੋਨਾ ਕਾਲ- ਮਨ ਬੇਹਾਲ’ ਵਿਸ਼ੇ ਉਤੇ ਕਰਵਾਏ ਗਏ ਵੈਬੀਨਾਰ ਵਿਚ ਬੋਲਦਿਆਂ ਮੁੱਖ ਬੁਲਾਰੇ ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਕੋਰੋਨਾਵਾਇਰਸ ਨੇ ਸਾਡੀ ਮਾਨਸਿਕਤਾ ਨੂੰ ਬਹੁਤ ਬੁਰੀ ਤਰ੍ਹਾਂ ਝੰਜੋੜਿਆ ਹੈ। ਇਸ ਨੇ ਕੁਝ ਮਜ਼ਬੂਤ ਮਾਨਸਿਕਤਾ ਵਾਲੇ ਲੋਕਾਂ ਨੂੰ ਵੀ ਪਰੇਸ਼ਾਨ ਕਰ ਰੱਖਿਆ ਹੈ। ਕਰੋਨਾ ਅਸਲ ਵਿਚ ਇੱਕ ਡਾਕਟਰੀ ਸਮੱਸਿਆ ਸੀ ਪ੍ਰੰਤੂ ਸਰਕਾਰਾਂ ਨੇ ਇਸ ਨੂੰ ਪੁਲਿਸ ਦੇ ਹਵਾਲੇ ਕਰ ਛੱਡਿਆ ਹੈ। ਪੁਲਿਸ ਤੋਂ ਬਾਅਦ ਮੀਡੀਆ ਨੇ ਵੀ ਲੋਕਾਂ ਨੂੰ ਡਰਾਉਣ ਦਾ ਹੀ ਕੰਮ ਕੀਤਾ ਹੈ। ਸਰਕਾਰ, ਪੁਲਿਸ ਅਤੇ ਮੀਡੀਆ ਨੇ ਆਪੋ-ਆਪਣੇ ਢੰਗਾਂ ਨਾਲ ਡਰ ਹੀ ਫੈਲਾਇਆ ਹੈ। ਲਾਕਡਾਊਨ ਦਾ ਕੋਈ ਹੋਰ ਅਸਰ ਤਾਂ ਹੋਇਆ ਨਹੀਂ ਪਰ ਅਸੀਂ ਆਪਣੀ ਆਰਥਿਕਤਾ ਜ਼ਰੂਰ ਬਰਬਾਦ ਕਰ ਲਈ ਹੈ। ਆਨਲਾਈਨ ਸਿੱਖਿਆ ਬੇਵਜ੍ਹਾ ਹੀ ਬੱਚਿਆਂ ਉੱਤੇ ਥੋਪ ਦਿੱਤੀ ਗਈ। ਇਸ ਨੇ ਦੇਸ਼ ਵਿਚ ਤਕਨੀਕੀ ਪਾੜਾ ਵਧਾਇਆ ਹੈ। ਇਹ ਵੀ ਅਸਲ ਵਿਚ ਕਾਰਪੋਰੇਟ ਦਾ ਹੀ ਇੱਕ ਏਜੰਡਾ ਹੈ, ਜੋ ਕਿ ਆਉਣ ਵਾਲੇ ਸਮੇਂ ਵਿਚ ਹੋਰ ਜ਼ਿਆਦਾ ਸਾਫ਼ ਹੋ ਕੇ ਸਾਹਮਣੇ ਆਏਗਾ। ਇਸਦਾ ਬੱਚਿਆਂ ਦੀ ਮਾਨਸਿਕਤਾ ਉੱਤੇ ਬਹੁਤ ਬੁਰਾ ਅਸਰ ਪਿਆ ਹੈ। ਦੁਨੀਆਂ ਵਿਚ ਉਦਾਸੀ ਵਧ ਰਹੀ ਹੈ। ਸਮਾਜਿਕ ਦੂਰੀ ਵਧਣ ਕਾਰਨ ਸਾਡੀ ਮਾਨਸਿਕ ਦੂਰੀ ਵੀ ਦਿਨੋਂ-ਦਿਨ ਵੱਧ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਮਹਾਂਮਾਰੀ ਦੇ ਚਾਰ ਪੜ੍ਹਾਅ ਹੁੰਦੇ ਹਨ। ਮੁੱਖ ਸਮੱਸਿਆ ਮਹਾਂਮਾਰੀ ਦੌਰਾਨ ਹੋਰ ਆਮ ਬਿਮਾਰੀਆਂ ਦਾ ਪ੍ਰਤੀ ਅਣਗਹਿਲੀ ਵਰਤਣਾ ਹੈ। ਕੋਵਿਡ-19 ਮੈਡੀਕਲ ਦੀ ਬਿਮਾਰੀ ਨਾਲ ਨਜਿੱਠਣ ਲਈ ਪੁਲਿਸ ਅਤੇ ਮੀਡੀਆ ਦਾ ਇਸਤੇਮਾਲ ਲੋਕਾਂ ਨੂੰ ਸੁਚੇਤ ਕਰਨ ਦੀ ਥਾਂ ਡਰਾਉਣ ਵਾਲਾ ਰਿਹਾ ਹੈ। ਇੱਕ ਲੰਮੇ ਲਾਕਡਾਊਨ ਕਾਰਨ ਸਭ ਕੁਝ ਆਨ-ਲਾਈਨ ਕਰਨ ਅਤੇ ਲੋਕਾਂ ਨੂੰ ਘਰ ਵਿਚ ਰਹਿਣ ਦੀ ਹਿਦਾਇਤ ਨਾਲ ਵੱਡੇ ਪੱਧਰ ‘ਤੇ ਇਕਲਾਪਣ ਪੈਦਾ ਹੋਇਆ ਹੈ, ਜਿਸ ਨੇ ਮਾਨਸਿਕ ਸਮੱਸਿਆਵਾਂ ਪੈਦਾ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਡਰ ਅਤੇ ਗਿਆਨ ਇਕੱਠੇ ਨਹੀਂ ਰਹਿ ਸਕਦੇ। ਅਸੀਂ ਗਿਆਨ ਦੀ ਵਰਤੋਂ ਨਹੀਂ ਕੀਤੀ, ਸਗੋਂ ਡਰ ਨੂੰ ਸਭ ਪਾਸੇ ਫੈਲਾਇਆ ਹੈ, ਜਿਸ ਕਾਰਨ ਲੋਕ ਇਸਦੇ ਨਤੀਜੇ ਭੁਗਤ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜ਼ਬਰਦਸਤੀ, ਬਿਨਾਂ ਕਿਸੇ ਡਰ ਤੋਂ ਵੱਖਰਾ ਰਹਿਣ ਲਈ ਕਹਿਣਾ ਇਕਾਂਤਵਾਸ ਨਹੀਂ ਹੁੰਦਾ, ਇਕੱਲਾਪਣ ਹੁੰਦਾ ਹੈ, ਜੋ ਕਿ ਆਪਣੇ-ਆਪ ਵਿਚ ਇੱਕ ਸਮੱਸਿਆ ਹੈ।
ਵੈਬੀਨਾਰ ਦੀ ਕਾਰਵਾਈ ਰਿਲੀਜ਼ ਕਰਦਿਆਂ ਮੰਚ ਦੇ ਅੰਤਰਰਾਸ਼ਟਰੀ ਮੀਡੀਆ ਕੋਆਰਡੀਨੇਟਰ ਨਰਪਾਲ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ਵਿਚ ਕਰਵਾਏ ਗਏ ਵੈਬੀਨਾਰ ਵਿਚ ਸਾਰਥਕ ਬਹਿਸ ਨੂੰ ਅੱਗੇ ਤੋਰਦਿਆਂ ਯੂਰਪੀਅਨ ਪੰਜਾਬੀ ਸੱਥ ਦੇ ਸੰਸਥਾਪਕ ਡਾ. ਮੋਤਾ ਸਿੰਘ ਸਰਾਏ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਕਾਰਪੋਰੇਟ ਸੈਕਟਰ ਦੀ ਜਕੜ ਹੋਰ ਵਧਣ ਵਾਲੀ ਹੈ। ਇਸ ਨਾਲ ਬੈਂਕਾਂ ਵਿਚ ਬਚਤ ਕਰਨ ਵਾਲੇ ਆਮ ਲੋਕਾਂ ਨੂੰ ਹੋਰ ਘਾਟਾ ਪਏਗਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰੋ: ਕੋਮਲ ਸਿੰਘ ਨੇ ਦੱਸਿਆ ਕਿ ਕਰੋਨਾ ਦੇ ਫੈਲਾਏ ਹੋਏ ਡਰ ਨੇ ਮਨੁੱਖੀ ਰਿਸ਼ਤਿਆਂ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਆਨਲਾਈਨ ਸਿੱਖਿਆ ਵਿਚ ਫੈਲ ਰਹੇ ਆਨਲਾਈਨ ਨਕਲ ਦੇ ਰੁਝਾਨ ਬਾਰੇ ਵੀ ਦੱਸਿਆ। ਬਰਤਾਨੀਆ ਤੋਂ ਰਣਜੀਤ ਧੀਰ ਨੇ ਕਿਹਾ ਕਿ ਇਸ ਦੌਰਾਨ ਬਿਰਧਾਂ ਦੀ ਹਾਲਤ ਹੋਰ ਵੀ ਮਾੜੀ ਹੋਈ ਹੈ। ਜਗਦੀਪ ਸਿੰਘ ਕਾਹਲੋਂ ਨੇ ਉਨ੍ਹਾਂ ਸਮਿਆਂ ਬਾਰੇ ਗੱਲ ਕੀਤੀ, ਜਦੋਂ ਕਿ ਵਾਰਸਾਂ ਨੇ ਆਪਣੇ ਬਜ਼ੁਰਗਾਂ ਦੀਆਂ ਲਾਸ਼ਾਂ ਨਹੀਂ ਸੰਭਾਲੀਆਂ। ਬਰਤਾਨੀਆ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਇਹ ਇੱਕ ਅੰਤਰਰਾਸ਼ਟਰੀ ਮਸਲਾ ਹੈ। ਇਸ ਨੇ ਦੁਨੀਆਂ ਭਰ ਦੀਆਂ ਸਰਕਾਰਾਂ ਦੇ ਕੰਮਕਾਜ ਅਤੇ ਲੋਕਾਂ ਦੇ ਸਮਾਜਿਕ ਤਾਣੇ-ਬਾਣੇ ਨੂੰ ਪ੍ਰਭਾਵਿਤ ਕੀਤਾ ਹੈ। ਲੋਕ ਇਨ੍ਹਾਂ ਦਿਨਾਂ ਵਿਚ ਖੁਸ਼ੀ ਵਿਚ ਤਾਂ ਦੂਰ ਪ੍ਰੰਤੂ ਦੁੱਖ ਦੇ ਦਿਨਾਂ ਵਿਚ ਵੀ ਇਕੱਠੇ ਨਹੀਂ ਹੋ ਸਕਦੇ। ਆਪਸੀ ਦੂਰੀਆਂ ਬਹੁਤ ਬੁਰੀ ਤਰ੍ਹਾਂ ਵੱਧ ਰਹੀਆਂ ਹਨ। ਰਵਿੰਦਰ ਸਹਿਰਾਅ ਯੂ.ਐੱਸ.ਏ. ਨੇ ਕਿਹਾ ਕਿ ਸਾਮਰਾਜੀ ਤਾਕਤਾਂ ਕਿਸੇ ਨਾ ਕਿਸੇ ਬਹਾਨੇ ਮਨੁੱਖ ਲਈ ਬਿਪਤਾ ਸਹੇੜਦੀਆਂ ਰਹਿੰਦੀਆਂ ਹਨ ਅਤੇ ਕਰੋਨਾ ਮਹਾਂਮਾਰੀ ਵੀ ਕਾਰਪੋਰੇਟ ਸੈਕਟਰ ਦੀ ਹੀ ਦੇਣ ਹੈ, ਜਿਸ ਨੇ ਮਨੁੱਖੀ ਮਾਨਸਿਕਤਾ ਨੂੰ ਬਹੁਤ ਬੁਰੀ ਤਰ੍ਹਾਂ ਸੱਟ ਮਾਰੀ ਹੈ। ਕਰਨਜੀਤ ਸਿੰਘ ਸਾਬਕਾ ਸਿਹਤ ਨਿਰਦੇਸ਼ਕ ਪੰਜਾਬ ਨੇ ਕਿਹਾ ਕਿ ਜਦੋਂ ਸਰੀਰਕ ਦੂਰੀਆਂ ਵਧਦੀਆਂ ਹਨ ਤਾਂ ਮਾਨਸਿਕ ਦੂਰੀਆਂ ਵੀ ਵੱਧ ਜਾਂਦੀਆਂ ਹਨ। ਉਨ੍ਹਾਂ ਨੇ ਦੁਨੀਆਂ ਭਰ ਵਿਚ ਫ਼ੈਲੇ ਦਵਾਈ ਮਾਫ਼ੀਆ ਬਾਰੇ ਵੀ ਜ਼ਿਕਰ ਕੀਤਾ। ਕੇਹਰ ਸ਼ਰੀਫ਼ ਨੇ ਕਿਹਾ ਕਿ ਲੋਕਾਂ ਦੇ ਮਨਾਂ ਅੰਦਰੋਂ ਸਰਕਾਰਾਂ ਦੁਆਰਾ ਫੈਲਾਇਆ ਗਿਆ ਡਰ ਖ਼ਤਮ ਕਰਨ ਦੀ ਲੋੜ ਹੈ। ਰਵਿੰਦਰ ਚੋਟ ਨੇ ਦੁਆਬੇ ਦੇ ਘਰਾਂ ‘ਚ ਇਕੱਲੇ ਰਹਿ ਗਏ ਬਜ਼ੁਰਗਾਂ ਦੀ ਮਾਨਸਿਕਤਾ ਬਾਰੇ ਜ਼ਿਕਰ ਕੀਤਾ। ਡਾ. ਸੁਖਪਾਲ ਸਿੰਘ ਨੇ ਦੱਸਿਆ ਕਿ ਕਰੋਨਾ ਦੀ ਜੜ੍ਹ ਅਸਲ ਵਿਚ ਆਰਥਿਕਤਾ ਨਾਲ ਜੁੜੀ ਹੋਈ ਹੈ। ਇਸ ਦੇ ਰਾਹੀਂ ਕਾਰਪੋਰੇਟ ਨੇ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ। ਅੰਤ ਵਿਚ ਡਾ. ਗਿਆਨ ਸਿੰਘ ਮੋਗਾ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।
ਇਸ ਵੈਬੀਨਾਰ ਵਿਚ ਡਾ. ਸ਼ਿਆਮ ਸੁੰਦਰ ਦੀਪਤੀ ਤੋਂ ਬਿਨਾਂ ਡਾ. ਕਰਨਜੀਤ ਸਿੰਘ ਸਾਬਕਾ ਡਾਇਰੈਕਟਰ ਸਿਹਤ ਵਿਭਾਗ, ਵਰਿੰਦਰ ਸ਼ਰਮਾ ਐੱਮ.ਪੀ. ਯੂ.ਕੇ., ਡਾ. ਐੱਸ.ਪੀ. ਸਿੰਘ , ਮੋਤਾ ਸਿੰਘ ਸਰਾਏ ਯੂ.ਕੇ., ਪ੍ਰੋ. ਰਣਜੀਤ ਧੀਰ ਯੂ.ਕੇ., ਡਾ. ਗਿਆਨ ਸਿੰਘ, ਬੇਅੰਤ ਕੌਰ ਗਿੱਲ, ਕਰਨ ਅਜਾਇਬ ਸਿੰਘ ਸੰਘਾ, ਜੀ.ਐੱਸ. ਗੁਰਦਿੱਤ, ਜਗਦੀਪ ਸਿੰਘ ਕਾਹਲੋਂ, ਜਗਰੂਪ ਸਿੰਘ ਜਰਖੜ, ਡਾ. ਸੁਖਪਾਲ ਸਿੰਘ, ਕੰਵਲਜੀਤ ਸਿੰਘ ਜਵੰਦਾ, ਕੇਹਰ ਸ਼ਰੀਫ, ਰਵਿੰਦਰ ਚੋਟ, ਗੁਰਚਰਨ ਸਿੰਘ ਨੂਰਪੁਰ, ਡਾ. ਚਰਨਜੀਤ ਸਿੰਘ ਗੁਮਟਾਲਾ, ਐਡਵੋਕੇਟ ਦਰਸ਼ਨ ਸਿੰਘ ਰਿਆੜ, ਐਡਵੋਕੇਟ ਸੰਤੋਖ ਲਾਲ ਵਿਰਦੀ, ਰਵਿੰਦਰ ਸਹਿਰਾਅ ਯੂ.ਐੱਸ.ਏ., ਜਗਦੀਸ਼ ਕੁਲਰੀਆਂ, ਗਿਆਨ ਸਿੰਘ ਮੋਗਾ, ਡਾ. ਕੋਮਲ ਸਿੰਘ, ਡਾ. ਗੁਰਵਿੰਦਰ ਅਮਨ ਰਾਜਪੁਰਾ, ਗੁਰਦੀਪ ਬੰਗੜ ਯੂ.ਕੇ., ਜਨਕ ਪਲਾਹੀ, ਬੰਸੋ ਦੇਵੀ, ਮਨਦੀਪ ਸਿੰਘ, ਮਨੀਸ਼ ਮਹਿਰਾ, ਸੁਖਜਿੰਦਰ ਸਿੰਘ, ਪਰਗਟ ਸਿੰਘ ਰੰਧਾਵਾ ਆਦਿ ਸ਼ਾਮਲ ਸਨ।